ਦਿੱਲੀ 'ਚ 'ਆਪ' ਨੂੰ ਮਿਲੇ ਜ਼ਬਰਦਸਤ ਹੁੰਗਾਰੇ ਨਾਲ ਪੰਜਾਬ ਇਕਾਈ ਦੀਆਂ ਵਾਛਾਂ ਖਿੜੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦਿੱਲੀ ਵਿਚ ਸਸਤੀ ਬਿਜਲੀ, ਇਲਾਜ ਅਤੇ ਸਸਤੀ ਸਿਖਿਆ ਰੰਗ ਲਿਆਈ

Photo

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਮੁੜ ਸਰਕਾਰ ਆ ਗਈ ਹੈ। ਦਿੱਲੀ ਦੇ ਇਕ ਕਰੋੜ ਸੰਤਾਲੀ ਲੱਖ ਵੋਟਰਾਂ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ 'ਚ ਡੱਟ ਕੇ ਭਰੋਸਾ ਪ੍ਰਗਟਾਇਆ ਹੈ। ਦਿੱਲੀ ਦੀ ਜਿੱਤ ਦਾ ਅਸਰ ਜਿਥੇ ਦੇਸ਼ 'ਤੇ ਕਾਬਜ਼ ਭਾਰਤੀ ਜਨਤਾ ਪਾਰਟੀ ਤੇ ਕਾਫੀ ਨਾ ਪੱਖੀ ਮੰਨਿਆ ਜਾ ਰਿਹਾ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਇਸ ਸ਼ਾਨਦਾਰ ਜਿੱਤ ਨੇ ਪਾਰਟੀ ਦੀ ਪੰਜਾਬ ਇਕਾਈ ਦੀਆਂ ਵਾਛਾਂ ਖਿੜਾ ਦਿਤੀਆਂ ਹਨ।

ਪਾਰਟੀ ਦੇ ਪੰਜਾਬ ਵਿਧਾਨ ਸਭਾ ਵਿਚ ਨੇਤਾ ਵਿਰੋਧੀ ਧਿਰ ਹਰਪਾਲ ਚੀਮਾ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਜਿਵੇਂ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਪਿਛਲੇ ਪੰਜ ਸਾਲਾਂ ਦਾ ਕੰਮ ਵੋਟਾਂ 'ਚ ਤਬਦੀਲ ਹੋਇਆ ਹੈ ਇਸੇ ਤਰ੍ਹਾਂ ਦਿੱਲੀ ਦਾ ਇਹ ਕੰਮ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ ਹੱਕ 'ਚ ਭੁਗਤਣਾ ਤੈਅ ਹੈ। 

ਚੀਮਾ ਨੇ ਕਿਹਾ ਕਿ ਪਾਰਟੀ ਦਾ ਪਹਿਲਾਂ ਹੀ ਪੰਜਾਬ ਵਿਚ ਆਗਾਮੀ ਵਿਧਾਨ ਸਭਾ ਚੋਣਾਂ ਦੀ ਹੀ ਤਿਆਰੀ ਕਰ ਰਹੀ ਸੀ ਪਰ ਹੁਣ ਦਿੱਲੀ 'ਚ ਜਿੱਤ ਮਗਰੋਂ ਪਾਰਟੀ ਨੂੰ ਇਸ ਪਰਪੇਖ ਵਿਚ ਹੋਰ ਬਲ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦਾ ਪੰਜਾਬ ਢਾਂਚਾ ਬਹੁਤ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਤੇ ਹੁਣ ਇਸ ਢਾਂਚੇ ਨੂੰ ਬਿਨਾਂ ਬਦਲੇ ਇਸ ਵਿਚ ਹੋਰ ਵਾਧਾ ਕੀਤਾ ਜਾਵੇਗਾ ਤੇ ਆਪ ਦੀ ਮੈਂਬਰਸ਼ਿਪ ਮੁਹਿੰਮ ਵੀ ਚਲਾਈ ਜਾਏਗੀ।

ਉਧਰ ਦੂਜੇ ਪਾਸੇ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਇਸ ਜਿੱਤ ਦਾ ਅਸਰ ਪੰਜਾਬ ਦੀ ਸੱਤਾਧਾਰੀ ਧਿਰ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਉੱਤੇ ਪੈਣਾ ਵੀ ਤੈਅ ਮੰਨਿਆ ਜਾ ਰਿਹਾ ਹੈ। ਕਿਉਂਕਿ ਪੰਜਾਬ ਨੂੰ ਦਿੱਲੀ ਤੋਂ ਬਾਅਦ ਆਪ ਦਾ ਦੂਜਾ ਸਿਆਸੀ ਘਰ ਮੰਨਿਆ ਜਾਂਦਾ ਹੈ ਇਸ ਦੀ ਵਜ੍ਹਾ ਇਹ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਪਾਰਟੀ ਨੇ ਪੰਜਾਬ ਵਿਚ ਹੀ ਚਾਰ ਮੈਂਬਰ ਪਾਰਲੀਮੈਂਟ ਜਿਤਾ ਕੇ ਦੂਜੀ ਵੱਡੀ ਸਫ਼ਲਤਾ ਹਾਸਲ ਕੀਤੀ ਸੀ ਜੋ ਕਿ ਪਿਛਲੀਆਂ ਆਮ ਲੋਕ ਸਭਾ ਚੋਣਾਂ ਦੌਰਾਨ ਵੀ ਜਾਰੀ ਰਹੀ ਹੈ।

ਇੰਨਾ ਹੀ ਨਹੀਂ ਪਿਛਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹੱਕ ਵਿਚ ਪੂਰੀ ਹਵਾ ਹੋਣ ਦੇ ਬਾਵਜੂਦ ਵੀ ਭਾਵੇਂ ਪਾਰਟੀ ਹਾਰ ਗਈ ਸੀ ਪਰ ਸੂਬੇ ਦੀ ਮੁੱਖ ਵਿਰੋਧੀ ਧਿਰ ਬਣਨ ਚ ਸਫ਼ਲ ਹੋ ਗਈ ਸੀ ਇਸ ਕਰ ਕੇ ਮੰਨਿਆ ਜਾ ਰਿਹਾ ਹੈ ਕਿ ਦਿੱਲੀ ਚੋਣਾਂ 'ਚ ਪਾਰਟੀ ਦੀ ਸਫ਼ਲਤਾ ਦਾ ਉਸਾਰੂ ਅਸਰ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਉੱਤੇ ਪੈਣਾ ਤੈਅ ਹੈ।

ਉਧਰ ਦੂਜੇ ਪਾਸੇ ਦਿੱਲੀ ਵਿਚ ਸਸਤੀ ਬਿਜਲੀ, ਸਸਤੀ ਇਲਾਜ ਸਹੂਲਤਾਂ, ਸਸਤੀ ਸਿਖਿਆ ਸੁਵਿਧਾਵਾਂ ਆਦਿ ਦੇ ਮੁਕਾਬਲੇ ਪੰਜਾਬ ਵਿਚ ਪਹਿਲੇ ਨੰਬਰ ਉੱਤੇ ਬਿਜਲੀ ਹੀ ਅਤਿ ਮਹਿੰਗੀ ਹੈ। ਜਿਸ ਕਰ ਕੇ ਹੁਣ ਪਾਰਟੀ ਦੀ ਪੰਜਾਬ ਇਕਾਈ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਸਮਝਾਉਣਾ ਸੌਖਾ ਹੋ ਜਾਵੇਗਾ ਕਿ ਜੇਕਰ ਪਾਰਟੀ ਦੀ ਸਰਕਾਰ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਉਂਦੀ ਹੈ ਤਾਂ ਪੰਜਾਬ ਦੇ ਲੋਕਾਂ ਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਅਤੇ ਛੋਟਾ ਆਮ ਆਦਮੀ ਪਾਰਟੀ ਦੀ ਸੰਭਾਵੀ ਸਰਕਾਰ ਉਨ੍ਹਾਂ ਨੂੰ ਪ੍ਰਦਾਨ ਕਰ ਸਕਦੀ ਹੈ।