ਦਿੱਲੀ ਚੋਣ ਨਤੀਜਿਆਂ ਤੋਂ ਬਾਅਦ ਸਿੱਧੂ ਤੇ ਡੋਰੇ ਪੈਣੇ ਹੋਏ ਸ਼ੁਰੂ !
ਦਿਲੀ ਚੋਣ ਨਤੀਜਿਆਂ ਦਾ ਅਸਰ ਪੰਜਾਬ ਦੀ ਰਾਜਨੀਤੀ ਤੇ ਪੈਣ ਦੀ ਸੰਭਾਵਨਾ
ਅੰਮ੍ਰਿਤਸਰ: ਦਿੱਲੀ ਚੋਣ ਨਤੀਜਿਆਂ ਦੇ ਨਾਲ ਨਾਰਾਜ਼ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਦੀ ਖ਼ੂਬ ਚਰਚਾ ਹੋ ਰਹੀ ਹੈ, ਜਿਨ੍ਹਾਂ ਨੇ ਦਿਲੀ ਚੋਣਾਂ 'ਚ ਸਟਾਰ ਪ੍ਰਚਾਰਕ ਵਜੋਂ ਪ੍ਰਚਾਰ ਕਰਨ ਦੀ ਥਾਂ ਘਰ ਰਹਿਣ ਨੂੰ ਤਰਜੀਹ ਦਿਤੀ। ਇਸ ਤੋਂ ਸਪਸ਼ਟ ਹੋ ਰਿਹਾ ਹੈ ਕਿ ਨੇੜਲੇ ਭਵਿੱਖ 'ਚ ਕਾਂਗਰਸ ਹਾਈ ਕਮਾਂਡ ਸੋਨੀਆ ਗਾਂਧੀ ਨਾਲ ਅਜੇ ਨਾਰਾਜ਼ਗੀਆਂ ਰਹਿਣ ਦੀ ਸੰਭਾਵਨਾ ਬਰਕਰਾਰ ਹੈ।
ਨਵਜੋਤ ਸਿੰਘ ਸਿੱਧੂ ਦੇ ਕਰੀਬੀ ਵੀ ਮੰਨ ਕੇ ਚਲ ਰਹੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿਰੋਧੀ ਧਿਰ ਦੀ ਪਾਟੋ-ਧਾੜ ਕਾਰਨ ਅਰਾਮ ਨਾਲ ਚਲ ਰਹੀ ਹੈ ਭਾਂਵੇਂ ਅੰਦਰੂਨੀ ਤੌਰ 'ਤੇ ਕਾਂਗਰਸੀਆਂ 'ਚ ਬੇਚੈਨੀ ਵੀ ਹੈ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਦਾ ਸਿਆਸੀ ਕੱਦ ਹੋਰ ਵਧਿਆ ਹੈ ਕਿ ਪੰਜਾਬ ਨੂੰ ਮੌਜ਼ੂਦਾ ਸਿਆਸੀ ਹਲਾਤਾਂ ਵਿਚ ਉਸ ਦੀ ਜ਼ਰੂਰਤ ਹੈ।
ਸਿਆਸੀ ਹਲਕਿਆਂ ਮੁਤਾਬਕ ਸਿੱਧੂ ਦਿੱਲੀ ਚੋਣ ਨਤੀਜਿਆਂ ਬਾਅਦ ਸਰਗਰਮ ਹੋ ਸਕਦੇ ਹਨ। ਸਿੱਧੂ ਦੀ ਅਕਾਲੀ, ਪੰਥਕ ਸਫ਼ਾਂ, ਆਮ ਲੋਕਾਂ ਵਿਚ ਕਾਫ਼ੀ ਪਕੜ ਹੈ। ਘਰ ਬੈਠ ਕੇ ਸਿੱਧੂ ਨੇ ਪੰਜਾਬ ਪੱਧਰ ਤੇ ਦੂਸਰੇ ਰਾਜਨੀਤਕ ਦਲਾਂ ਨਾਲ ਵੀ ਸੰਪਰਕ ਬਣਾਇਆ ਹੈ ਪਰ ਬੇਬਾਕੀ ਨਾਲ ਬੋਲਣ ਵਾਲੇ ਨਵਜੋਤ ਸਿੱਧੂ ਨੇ ਕੋਈ 6-7 ਮਹੀਨਿਆਂ ਤੋਂ ਚੁੱਪ ਸਾਧ ਲਈ ਹੈ ਤੇ ਮੀਡੀਆ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ।
ਟਕਸਾਲੀਆਂ ਨੇ ਤਾਂ ਸਿੱਧੂ ਨੂੰ ਅਪਣੀ ਪਾਰਟੀ ਵਾਗਡੋਰ ਸੌਂਪਦਿਆਂ ਮੁੱਖ ਮੰਤਰੀ ਦੇ ਅਹੁਦੇ ਦੀ ਵੀ ਪੇਸ਼ਕਸ਼ ਕਰ ਦਿਤੀ ਸੀ ਪਰ ਢੀਂਡਸਾ ਪਿਉ ਪੁੱਤਰ ਵਲੋਂ ਬਾਦਲਾਂ ਦਾ ਸਾਥ ਛੱਡ ਦੇਣ ਬਾਅਦ ਹੁਣ ਇਹ ਪੁਰਾਣੀ ਗੱਲ ਹੋ ਗਈ ਹੈ।
ਲੋਕ ਚਰਚਾ ਹੈ ਕਿ ਦਿੱਲੀ ਵਿਧਾਨ ਸਭਾ ਦੇ ਚੋਣ ਨਤੀਜੇ 'ਆਪ' ਦੇ ਹੱਕ ਵਿਚ ਗਏ ਤਾਂ ਇਸ ਦਾ ਅਸਰ ਪੰਜਾਬ ਦੀ ਰਾਜਨੀਤੀ 'ਤੇ ਪੈਣਾ ਅਟੱਲ ਹੈ ਤੇ ਨਵੀਂ ਸਿਆਸੀ ਜਮਾਤ ਦਾ ਗਠਨ ਹੋਣ ਜਾਂ ਆਪ ਵਲੋਂ ਨਵਜੋਤ ਸਿੰੰਘ ਸਿੱਧੂ ਨੂੰ ਵਾਗਡੋਰ ਸੌਂਪਣ ਦੀ ਪੇਸ਼ਕਸ਼ ਕਰਨ ਤੇ ਸਿੱਧੂ ਦੀ ਕੀ ਪ੍ਰਕ੍ਰਿਆ ਹੋਵੇਗੀ, ਇਹ ਸਵਾਲ ਹੀ ਇਕ ਬਝਾਰਤ ਬਣਿਆ ਹੋਇਆ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।