ਦੋ ਪਾਰਟੀਆਂ ਨੂੰ ਅਜ਼ਮਾ ਚੁੱਕੇ ਪੰਜਾਬੀ ਹੁਣ ‘ਆਪ’ ਨੂੰ ਵੀ ਮੌਕਾ ਦੇਣ : ਮਨੀਸ਼ ਸਿਸੋਦੀਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਨੀਸ਼ ਸਿਸੋਦੀਆ ਨੇ ਅੰਮਿ੍ਰਤਸਰ ਵਿਚ ਕੀਤੀ ਪ੍ਰੈੱਸ ਵਾਰਤਾ

manish sisodia

ਅੰਮ੍ਰਿਤਸਰ : ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਜੋ ਕਿ ਅੰਮਿ੍ਰਤਸਰ ਵਿਚ ਕਿਸੇ ਪਰਵਾਰਕ ਫ਼ੰਕਸ਼ਨ ਵਿਚ ਆਏ ਹੋਏ ਹਨ, ਨੇ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ, ਉਸ ਤੋਂ ਬਾਅਦ ਉਹ ਦੁਰਗਿਆਣਾਂ ਮੰਦਰ ਵੀ ਗਏ। ਇਸ ਸਮੇਂ ਉਨ੍ਹਾਂ ਨਾਲ ਆਮ ਆਦਮੀਂ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਵੀ ਮੌਜੂਦ ਸਨ।

ਉਨ੍ਹਾਂ ਨੇ ਕਿਸਾਨ ਅੰਦੋਲਨ ਦੀ ਚੜ੍ਹਦੀ ਕਲ੍ਹਾ ਲਈ ਅਰਦਾਸ ਕੀਤੀ। ਉਸ ਤੋਂ ਬਾਅਦ ਉਨ੍ਹਾਂ ਇਕ ਪ੍ਰੈੱਸ ਵਾਰਤਾ ਕੀਤੀ। ਜਿਸ ਵਿਚ ਗੱਲਬਾਤ ਕਰਦਿਆਂ ਸ਼੍ਰੀ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿਚ ਕੇਜਰੀਵਾਲ ਦੀ ਸਰਕਾਰ ਨੇ ਉਹ ਸੱਭ ਕਰ ਵਿਖਾਇਆ ਹੈ ਜੋ ਹੋਰ ਰਾਜਨੀਤਕ ਪਾਰਟੀਆਂ ਨਹੀਂ ਕਰ ਸਕੀਆਂ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ। ਉਨ੍ਹਾਂ ਪੰਜਾਬ ਦੀ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੇਜਰੀਵਾਲ ਦੀ ਸਰਕਾਰ ਨੂੰ ਇਕ ਵਾਰ ਜ਼ਰੂਰ ਮੌਕਾ ਦੇਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਦੂਸਰੀਆਂ ਪਾਰਟੀਆਂ ਨੂੰ ਅਜ਼ਮਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀਂ ਪਾਰਟੀ ਦਿੱਲੀ ਦੇ ਮਾਡਲ ਤੇ ਪੰਜਾਬ ਨੂੰ ਵੀ ਵਿਕਸਤ ਕਰੇਗੀ। ਖੇਤੀ ਕਾਨੂੰਨਾਂ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਨੂੰਨ ਕਿਸਾਨਾਂ ਲਈ ਨਹੀਂ ਬਲਕਿ ਕਾਰਪੋਰੇਟ ਘਰਾਣਿਆਂ ਨੂੰ ਖ਼ੁਸ਼ ਕਰਨ ਲਈ ਲਿਆਂਦੇ ਗਏ ਹਨ।

ਉਨ੍ਹਾਂ ਕਿਹਾ ਕਿ ਨਾ ਤਾਂ ਕੇਂਦਰ ਸਰਕਾਰ ਅਤੇ ਨਾਂ ਹੀ ਪੰਜਾਬ ਸਰਕਾਰ ਕਿਸਾਨਾਂ ਨੂੰ ਕੋਈ ਫ਼ਾਇਦਾ ਪਹੁੰਚਾਉਣਾ ਚਾਹੁੰਦੀਆਂ ਹਨ, ਇਸ ਲਈ ਅੱਜ ਵੀ ਕਿਸਾਨ ਸੜਕਾਂ ’ਤੇ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਲਾਲ ਕਿਲ੍ਹੇ ਹੋਈ ਹਿੰਸਾ ਵਿਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀਂ ਪਾਰਟੀ ਦੀ ਸੀਨੀਅਰ ਲੀਡਰਸ਼ਿੱਪ ਦੀ ਜੋ ਚੈਟ ਵਾਇਰਲ ਹੋਈ ਸੀ ਉਹ ਫ਼ੇਕ ਹੈ।