ਮਨੀਸ਼ ਸਿਸੋਦੀਆ ਨੇ ਕੀਤੀ ਪੰਜਾਬੀਆਂ ਨੂੰ ਅਪੀਲ, ਕੇਜਰੀਵਾਲ ਦੀ ਰਾਜਨੀਤੀ ਨੂੰ ਮੌਕਾ ਦਿਓ

ਏਜੰਸੀ

ਖ਼ਬਰਾਂ, ਪੰਜਾਬ

ਚੋਣ ਪ੍ਰਚਾਰ ਦੇ ਆਖਰੀ ਦਿਨ ਅੰਮ੍ਰਿਤਸਰ ਪਹੁੰਚੇ ਦਿੱਲੀ ਦੇ ਉਪ ਮੁੱਖ ਮੰਤਰੀ

Arvind Kejriwal - Manish Sisodia

ਅੰਮ੍ਰਿਤਸਰ: ਪੰਜਾਬ ਵਿਚ ਸਥਾਨਕ ਸਰਕਾਰ ਚੋਣਾਂ ਤੋਂ ਪਹਿਲਾਂ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਆਪ ਆਗੂ ਮਨੀਸ਼ ਸਿਸੋਦੀਆ ਪੰਜਾਬ ਪਹੰਚੇ। ਇਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਅਜਿਹਾ ਮਾਡਲ ਬਣ ਗਿਆ ਹੈ, ਜਿੱਥੇ ਪਿਛਲੇ 5-6 ਸਾਲ ਤੋਂ ਨਿੱਜੀ ਸਕੂਲਾਂ ਦੀ ਫੀਸ ਨਹੀਂ ਵਧੀ।

ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚੇ ਬਿਨਾਂ ਕੋਚਿੰਗ ਤੋਂ ਆਈਆਈਟੀ ਜਾ ਰਹੇ ਹਨ, ਨੀਟ ਪਾਸ ਕਰ ਰਹੇ ਹਨ। ਦਿੱਲੀ ਵਿਚ ਅਜਿਹੇ ਸਕੂਲ ਵੀ ਹਨ, ਜਿੱਥੇ 80 ਬੱਚਿਆਂ ਵਿਚੋਂ 35 ਨੇ ਨੀਟ ਪ੍ਰੀਖਿਆ ਪਾਸ ਕੀਤੀ ਹੈ। ਪੰਜਾਬ ਵਿਚ ਸਥਾਨਕ ਸਰਕਾਰਾਂ ਚੋਣਾਂ ਬਾਰੇ ਗੱਲ ਕਰਦਿਆਂ ਆਪ ਆਗੂ ਨੇ ਕਿਹਾ ਕਿ ਜਨਤਾ ਆਮ ਆਦਮੀ ਪਾਰਟੀ ਨੂੰ ਉਮੀਦ ਨਾਲ ਦੇਖ ਰਹੀ ਹੈ ਕਿਉਂਕਿ ਉਹਨਾਂ ਨੇ ਦਿੱਲੀ ਵਿਚ ਆਪ ਦਾ ਕੰਮ ਦੇਖਿਆ ਹੈ। 

ਮਨੀਸ਼ ਸਿਸੋਦੀਆ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਤੁਸੀਂ ਸਾਰਿਆਂ ਨੂੰ ਦੇਖ ਲਿਆ ਹੈ, ਇਕ ਵਾਰ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਨੂੰ ਮੌਕਾ ਦਿਓ। ਨਵੇਂ ਖੇਤੀ ਕਾਨੂੰਨਾਂ ਸਬੰਧੀ ਗੱਲ ਕਰਦਿਆਂ ਦਿੱਲੀ ਦੇ ਉਪ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਲਈ ਨਹੀਂ, ਬਲਕਿ ਕਾਰਪੋਰੇਟ ਘਰਾਣਿਆਂ ਲਈ ਲਿਆਂਦੇ ਗਏ ਹਨ।