ਪੁਲਿਸ ਸਕਿਊਰਟੀ ਲੈਣ ਖ਼ਾਤਰ ਸ਼ਿਵ ਸੈਨਾ ਆਗੂ ਨੇ ਰਚੀ ਸੀ ਹਮਲੇ ਦੀ ਝੂਠੀ ਕਹਾਣੀ!

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਜਾਂਚ 'ਚ ਸਾਹਮਣੇ ਆਈ ਸੱਚਾਈ

file photo

ਲੁਧਿਆਣਾ : ਪੁਲਿਸ ਸਕਿਊਰਟੀ ਦੇ ਲਾਲਚਵੱਸ ਹਮਲੇ ਦੀ ਝੂਠੀ ਕਹਾਣੀ ਘਟਣ ਵਾਲੇ ਸ਼ਿਵ ਸੈਨਾ ਆਗੂ ਨੂੰ ਹੁਣ ਜੇਲ੍ਹ ਦੀ ਹਵਾਂ ਖਾਣੀ ਪੈ ਗਈ ਹੈ। ਲੁਧਿਆਣਾ ਵਾਸੀ ਸ਼ਿਵ ਸੈਨਾ ਹਿੰਦੋਸਤਾਨ ਲੇਬਰ ਵਿੰਗ ਦੇ ਚੇਅਰਮੈਨ ਨਰਿੰਦਰ ਭਾਰਦਵਾਜ (45) ਨੂੰ ਝੂਠੀ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿਤੀ ਸੀ ਕਿ ਉਸ ਨੂੰ ਜਾਨੋਂ ਮਾਰਨ ਦੀ ਨੀਯਤ ਨਾਲ ਕੁਝ ਲੋਕਾਂ ਨੇ ਉਸ 'ਤੇ ਹਮਲਾ ਕੀਤਾ ਸੀ। ਉਸ ਦੀ ਇਸ ਝੂਠੀ ਕਹਾਣੀ ਕਾਰਨ ਜਿੱਥੇ ਉਸ ਨੂੰ ਹੁਣ ਜੇਲ੍ਹ ਦੀ ਹਵਾ ਤਕ ਖਾਣੀ ਪੈ ਸਕਦੀ ਹੈ, ਉਥੇ ਹੀ ਉਸ ਦੀ ਖੁਦ ਦੀ ਪਾਰਟੀ ਨੇ ਵੀ ਉਸ ਨੂੰ ਕਿਨਾਰਾ ਕਰਨ ਦਾ ਮਨ ਬਣਾ ਲਿਆ ਹੈ। ਪੁਲਿਸ ਸੂਤਰਾਂ ਅਨੁਸਾਰ ਉਸ ਨੇ ਪੁਲਿਸ ਸਕਿਊਰਿਟੀ ਲੈਣ ਦੇ ਲਾਲਚਵੱਸ ਹਮਲੇ ਦੀ ਝੂਠੀ ਕਹਾਣੀ ਘੜੀ ਸੀ।

ਇਸ ਸਬੰਧੀ ਪਤਾ ਲੱਗਣ 'ਤੇ ਸ਼ਿਵਸੈਨਾ ਹਿੰਦੋਸਤਾਨ ਨੇ ਨਰਿੰਦਰ ਭਾਰਦਵਾਜ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਵਿਖਾ ਦਿਤਾ ਹੈ। ਉਸ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾਉਣ ਸਬੰਧੀ ਜਾਣਕਾਰੀ ਦੀ ਪੁਸ਼ਟੀ ਪਾਰਟੀ ਦੇ ਬੁਲਾਰੇ ਚੰਦਰਕਾਂਤ ਚੱਢਾ ਨੇ ਕੀਤੀ ਹੈ।

ਬੀਤੇ ਐਤਵਾਰ ਨੂੰ ਨਰਿੰਦਰ ਭਾਰਦਵਾਜ ਨੇ ਪੁਲਿਸ ਨੂੰ ਦਿਤੀ ਅਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਉਹ ਫੋਕਲ ਪੁਆਇੰਟ ਵਿਖੇ ਇਕ ਫੈਕਟਰੀ 'ਚ ਕੰਮ ਕਰਦਾ ਹੈ। ਬੀਤੀ ਸਨਿੱਚਰਵਾਰ 7 ਮਾਰਚ ਦੀ ਰਾਤ ਨੂੰ ਜਦੋਂ ਉਹ ਘਰ ਵਾਪਸ ਆ ਰਿਹਾ ਸੀ ਤਾਂ ਕੋਹੜਾ ਗੈਸ ਸਟੇਸ਼ਨ 'ਤੇ ਗੱਡੀ 'ਚ ਪੈਟਰੋਲ ਭਰਵਾਉਣ ਲਈ ਰੁਕ ਗਿਆ।

ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਸ ਉੱਤੇ ਲੋਹੇ ਦੀ ਰਾਡ ਨਾਲ ਹਮਲਾ ਕਰ ਦਿਤਾ ਅਤੇ ਉਸ ਦੀ ਕਾਰ ਦੇ ਸ਼ੀਸ਼ੇ ਭੰਨ ਦਿਤੇ। ਉਸ ਨੇ ਮੌਕੇ ਤੋਂ ਭੱਜ ਕੇ ਜਾਨ ਬਚਾਈ ਸੀ। ਪੁਲਿਸ ਨੇ ਜਿਉਂ ਹੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਤਾਂ ਉਸ ਨੂੰ ਇਹ ਮਾਮਲਾ ਸ਼ੱਕੀ ਜਾਪਿਆ। ਪੁਲਿਸ ਸੂਤਰਾਂ ਅਨੁਸਾਰ ਜਾਂਚ ਤੋਂ ਬਾਅਦ ਸਾਰੀ ਸੱਚਾਈ ਸਾਹਮਣੇ ਆ ਗਈ ਹੈ।