ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ ਨੇ ਕੀਤੀ ਪੰਜਾਬ ਦੇ ਦੋ ਸ਼ਿਵ ਸੈਨਾ ਆਗੂਆਂ ਦੀ ਹਤਿਆ: ਐਨਆਈਏ
ਅਤਿਵਾਦੀ ਜਥੇਬੰਦੀ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ (ਕੇਐਲਐਫ਼) ਦੁਆਰਾ ਕੀਤੀ ਗਈ ਹਤਿਆ ਦੇ ਸਿਲਸਿਲੇ ਵਿਚ 15 ਲੋਕਾਂ ਵਿਰੁਧ ਦੋ ਦੋਸ਼ਪੱਤਰ ਦਾਖ਼ਲ ਕੀਤੇ ਗਏ ਹਨ
ਨਵੀਂ ਦਿੱਲੀ, 21 ਮਈ : ਸ਼ਿਵ ਸੈਨਾ ਦੇ ਪੰਜਾਬ ਦੇ ਨੇਤਾ ਸਤਪਾਲ ਸ਼ਰਮਾ ਅਤੇ ਦੁਰਗਾ ਪ੍ਰਸਾਦ ਗੁਪਤਾ ਦੀ ਅਤਿਵਾਦੀ ਜਥੇਬੰਦੀ ਖ਼ਾਲਿਸਤਾਨ ਲਿਬਰੇਸ਼ਨ ਫ਼ਰੰਟ (ਕੇਐਲਐਫ਼) ਦੁਆਰਾ ਕੀਤੀ ਗਈ ਹਤਿਆ ਦੇ ਸਿਲਸਿਲੇ ਵਿਚ 15 ਲੋਕਾਂ ਵਿਰੁਧ ਦੋ ਦੋਸ਼ਪੱਤਰ ਦਾਖ਼ਲ ਕੀਤੇ ਗਏ ਹਨ।
ਕੌਮੀ ਜਾਂਚ ਏਜੰਸੀ (ਐਨਆਈਏ) ਨੇ ਕਿਹਾ ਕਿ ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਕਲ ਦੋਸ਼ ਪੱਤਰ ਦਾਖ਼ਲ ਕੀਤੇ। ਸ਼ਰਮਾ ਅਤੇ ਉਸ ਦੇ ਬੇਟੇ ਕੁਮਾਰ ਦੀ ਪਿਛਲੇ ਸਾਲ 25 ਫ਼ਰਵਰੀ ਨੂੰ ਲੁਧਿਆਣਾ ਦੇ ਜਗੇੜਾ ਇਲਾਕੇ ਦੇ 'ਨਾਮ ਚਰਚਾ ਘਰ' ਵਿਚ ਹਤਿਆ ਕਰ ਦਿਤੀ ਗਈ ਜਦਕਿ ਗੁਪਤਾ ਦੀ ਲੁਧਿਆਣਾ ਦੇ ਖੰਨਾ ਵਿਚ 23 ਅਪ੍ਰੈਲ 2016 ਨੂੰ ਗੋਲੀ ਮਾਰ ਕੇ ਹਤਿਆ ਕਰ ਦਿਤੀ ਗਈ। ਸ਼ਰਮਾ ਅਤੇ ਕੁਮਾਰ ਸੌਦਾ ਸਾਧ ਦੇ ਚੇਲੇ ਸਨ।
ਏਜੰਸੀ ਨੇ ਕਿਹਾ, 'ਸਾਜ਼ਸ਼ ਦਾ ਉਦੇਸ਼ ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਹਾਲਤ ਨੂੰ ਅਸਥਿਰ ਕਰਨਾ ਅਤੇ ਰਾਜ ਵਿਚ ਅਤਿਵਾਦ ਨੂੰ ਫਿਰ ਤੋ ਜੀਵਤ ਕਰਨਾ ਸੀ।' ਐਨਆਈਏ ਨੇ ਕਿਹਾ ਕਿ ਇਹ ਸਾਜ਼ਸ਼ ਪਾਕਿਸਤਾਨ, ਬ੍ਰਿਟੇਨ, ਆਸਟਰੇਲਆ, ਫ਼ਰਾਂਸ, ਇਟਲੀ, ਯੂਏਈ ਸਮੇਤ ਕਈ ਦੇਸ਼ਾਂ ਵਿਚ ਰਚੀ ਗਈ।