ਬੇਰਜ਼ਗਾਰ ਅਧਿਆਪਕਾਂ ਲਈ ਜਾਗੀ ਉਮੀਦ: ਮੁੱਖ ਮੰਤਰੀ ਦੇ 16 ਮਾਰਚ ਦੇ ਐਲਾਨ 'ਤੇ ਟਿੱਕੀਆਂ ਨਜ਼ਰਾਂ!

ਏਜੰਸੀ

ਖ਼ਬਰਾਂ, ਪੰਜਾਬ

ਅੰਦੋਲਨਕਾਰੀਆਂ ਨੇ ਪਟਿਆਲਾ ਤੋਂ ਧਰਨਾ ਚੁੱਕਿਆ, ਸੰਗਰੂਰ 'ਚ ਫ਼ਿਲਹਾਲ ਜਾਰੀ

file photo

ਚੰਡੀਗੜ੍ਹ : ਅੰਦੋਲਨਕਾਰੀ ਬੇਰੁਜ਼ਗਾਰ ਬੀ.ਐਚ. ਅਧਿਆਪਕਾਂ ਦੇ ਆਗੂਆਂ ਅਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਿਚਾਲੇ ਮੀਟਿੰਗ ਸੁਖਾਵੇਂ ਮਾਹੌਲ 'ਚ ਹੋਈ ਹੈ। ਸਰਕਾਰ ਵਲੋਂ ਮੁੱਖ ਮੰਤਰੀ ਦੇ ਪ੍ਰਮੁੱਖ ਮੁੱਖ ਸਕੱਤਰ ਸੁਰੇਸ ਕੁਮਾਰ ਅਤੇ ਸਿਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ।

ਭਾਵੇਂ ਅੱਜ ਮੀਟਿੰਗ 'ਚ ਮੌਕੇ 'ਤੇ ਤਾਂ ਕੋਈ ਮੰਗ ਨਹੀਂ ਮੰਨੀ ਗਈ ਪਰ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਅਧਿਆਪਕ ਆਗੂਆਂ ਨੂੰ ਭਰੋਸਾ ਦਿਤਾ ਕਿ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ 'ਤੇ 16 ਮਾਰਚ ਨੂੰ ਮੁੱਖ ਮੰਤਰੀ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਬਾਰੇ ਖ਼ੁਦ ਅਹਿਮ ਐਲਾਨ ਕਰਨਗੇ। ਮੀਟਿੰਗ ਤੋਂ ਬਾਅਦ ਬੇਰੁਜ਼ਗਾਰ ਅਧਿਆਪਕ ਆਗੂਆਂ ਨੇ ਵੀ ਮੰਨਿਆ ਕਿ ਉਨ੍ਹਾਂ ਦੀਆਂ ਗੱਲਾਂ ਸਰਕਾਰ ਦੇ ਅਧਿਕਾਰੀਆਂ ਨੇ ਕਾਫ਼ੀ ਧਿਆਨ ਨਾਲ ਸੁਣੀਆਂ ਹਨ। ਹੁਣ ਬੇਰੁਜ਼ਗਾਰ ਅਧਿਆਪਕਾਂ ਦੀਆਂ ਨਜ਼ਰਾਂ 16 ਮਾਰਚ 'ਤੇ ਟਿੱਕ ਗਈਆਂ ਹਨ।

ਯੂਨੀਅਨ ਵਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਅਤੇ ਸੂਬਾ ਕਮੇਟੀ ਮੈਂਬਰ ਤਜਿੰਦਰ ਬਠਿੰਡਾ ਮੀਟਿੰਗ ਵਿਚ ਸ਼ਾਮਲ ਹੋਏ। ਮੀਟਿੰਗ ਉਪਰੰਤ ਪ੍ਰਧਾਨ ਢਿੱਲਵਾਂ ਨੇ ਦੱਸਿਆ ਕਿ ਮੀਟਿੰਗ ਵਿਚ ਉਨ੍ਹਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਗਿਆ।  ਉਨ੍ਹਾਂ ਦੱਸਿਆ ਕਿ ਮੀਟਿੰਗ ਵਿਚ ਭਰੋਸਾ ਦਿਵਾਇਆ ਕਿ 16 ਮਾਰਚ ਤਕ ਉਨ੍ਹਾਂ ਦੇ ਮਸਲੇ ਨੂੰ ਹੱਲ ਕਰ ਦਿਤਾ ਜਾਵੇਗਾ।

ਉਨ੍ਹਾਂ ਕਿਹਾ ਕਿ 16 ਮਾਰਚ ਨੂੰ ਕੈਪਟਨ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਉਤੇ ਉਨ੍ਹਾਂ ਦੀਆਂ ਮੰਗਾਂ ਨੂੰ ਵਿਚਾਰ ਕਰਕੇ ਹੱਲ ਕਰ ਦਿਤਾ ਜਾਵੇਗਾ। ਇਹ ਭਰੋਸਾ ਦਿਵਾਇਆ ਗਿਆ ਕਿ 16 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸਬੰਧੀ ਐਲਾਨ ਕਰਨਗੇ। ਆਗੂਆਂ ਨੇ ਦਸਿਆ ਕਿ ਯੂਨੀਅਨ ਵੱਲੋਂ ਪਟਿਆਲਾ ਵਿਖੇ ਪਿਛਲੀ ਦਿਨੀਂ ਸ਼ੁਰੂ ਕੀਤਾ ਗਿਆ ਪੱਕਾ ਧਰਨਾ ਚੁੱਕ ਲਿਆ ਹੈ ਅਤੇ ਸਿੱਖਿਆ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ 6 ਮਹੀਨਿਆਂ ਤੋਂ ਚੱਲਦਾ ਪੱਕਾ-ਧਰਨਾ ਲਗਾਤਾਰ ਜਾਰੀ ਰਹੇਗਾ।

ਜ਼ਿਕਰਯੋਗ ਹੈ ਕਿ ਬੇਰੁਜ਼ਗਾਰ ਬੀਐੱਡ ਅਧਿਆਪਕਾਂ ਵੱਲੋਂ 11 ਮਾਰਚ ਨੂੰ ਪਟਿਆਲਾ ਵਿਖੇ ਮੁੱਖ-ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ-ਮਹਿਲ ਅੱਗੇ ਜ਼ਬਰਦਸਤ ਰੋਸ-ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਪੱਕਾ-ਧਰਨਾ ਲਾ ਲਿਆ ਸੀ, ਜਿਸਦੇ  ਚਲਦਿਆਂ 12 ਮਾਰਚ ਨੂੰ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਦਾ ਸਮਾਂ ਦਿਤਾ ਗਿਆ ਸੀ।