ਨੰਗਲ 'ਚ ਕੋਰੋਨਾ ਬਲਾਸਟ,ਸਰਕਾਰੀ ਸਕੂਲ ਦੇ 12 ਵਿਦਿਆਰਥੀ ਕੋਰੋਨਾ ਪਾਜ਼ੇਟਿਵ
ਪ੍ਰਸ਼ਾਸਨ ਤੇ ਸਕੂਲ ਵੱਲੋਂ ਸਾਰੇ ਸਕੂਲ ਨੂੰ ਕੀਤਾ ਜਾ ਰਿਹਾ ਹੈ ਸੈਨੇਟਾਈਜ਼ਰ
ਨੰਗਲ: ਕੋਰੋਨਾ ਵਾਇਰਸ ਦੇ ਮਾਮਲੇ ਇਕ ਵਾਰ ਫਿਰ ਵਧਣੇ ਸ਼ੁਰੂ ਹੋ ਗਏ ਹਨ। ਤਾਜ਼ਾ ਮਾਮਲਾ ਨੰਗਲ ਦੇ ਨਾਲ ਲੱਗਦੇ ਪਿੰਡ ਕਥੇੜਾ ਸਰਕਾਰੀ ਸਕੂਲ ਦਾ ਹੈ ਜਿੱਥੇ 12 ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸਿਹਤ ਵਿਭਾਗ ਵੱਲੋਂ ਅਲੱਗ ਅਲੱਗ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ।
ਉਸਦੇ ਚੱਲਦੇ ਹੀ ਕੱਲ੍ਹ ਇਸੇ ਸਕੂਲ ਦੇ ਦਸਵੀਂ ਤੋਂ ਲੈ ਕੇ ਬਾਰਵੀਂ ਦੇ ਸੌ ਦੇ ਕਰੀਬ ਵਿਦਿਆਰਥੀਆਂ ਦੇ ਟੈਸਟ ਕੀਤੇ ਗਏ ਜਿਨ੍ਹਾਂ ਵਿਚੋਂ 12 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ। ਵਿਦਿਆਰਥੀਆਂ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਸਾਰੇ ਸਕੂਲ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ। ਸਕੂਲ ਦੇ ਵਿਚ ਆਏ ਵਿਦਿਆਰਥੀਆਂ ਦਾ ਮਾਸਕ ਅਤੇ ਟੈਂਪਰੇਚਰ ਚੈੱਕ ਕੀਤਾ ਜਾ ਰਿਹਾ ਹੈ। ਸਿਹਤ ਵਿਭਾਗ ਦੀ ਟੀਮ ਵੱਲੋਂ ਬਾਕੀ ਰਹਿ ਗਏ ਵਿਦਿਆਰਥੀਆਂ ਦੇ ਵੀ ਟੈਸਟ ਕੀਤੇ ਜਾਣਗੇ।
ਸਕੂਲ ਦੇ ਪ੍ਰਿੰਸੀਪਲ ਨੇ ਬੱਚਿਆਂ ਨੂੰ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਨੂੰ ਇਸ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਇਸ ਦਾ ਇਲਾਜ ਸੰਭਵ ਹੈ ਪਰ ਫੇਰ ਵੀ ਬੱਚਿਆਂ ਨੂੰ ਮਾਸਕ ਦਾ ਇਸਤੇਮਾਲ ਕਰਨਾ ਅਤੇ ਦੋ ਗਜ਼ ਦੂਰੀ ਰੱਖਦੇ ਹੋਏ ਸਮੇਂ ਸਿਰ ਸੈਨੇਟਾਈਜ਼ਰ ਨਾਲ ਆਪਣੇ ਹੱਥਾਂ ਨੂੰ ਸਾਫ ਕਰਦੇ ਰਹਿਣਾ ਚਾਹੀਦਾ ਹੈ।
ਇਸ ਸੰਬੰਧ ਵਿਚ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਕੱਲ੍ਹ ਸਿਹਤ ਵਿਭਾਗ ਦੀ ਟੀਮ ਵੱਲੋਂ ਸੌ ਦੇ ਕਰੀਬ ਵਿਦਿਆਰਥੀਆਂ ਦੇ ਕੋਰੋਨਾ ਟੈਸਟ ਕੀਤੇ ਗਏ ਸਨ ਜਿਨ੍ਹਾਂ ਦੀ ਰਿਪੋਰਟ ਕੱਲ੍ਹ ਰਾਤ ਨੂੰ ਆ ਗਈ ਸੀ ਜਿਸ ਵਿਚੋਂ 12 ਵਿਦਿਆਰਥੀ ਕੋਰੋਨਾ ਪਾਜ਼ੇਟਿਵ ਪਾਏ ਗਏ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਦੇ ਬਾਰੇ ਸਮੇਂ ਸਮੇਂ ਸਿਰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਹਰ ਇੱਕ ਵਿਦਿਆਰਥੀਆਂ ਨੂੰ ਮਾਸਕ ਪਹਿਨਣ ਲਈ ਕਿਹਾ ਗਿਆ।
ਸਕੂਲ ਦੇ ਵਿੱਚ ਹਰ ਇੱਕ ਕਮਰਿਆਂ ਦੇ ਬਾਹਰ ਆਟੋਮੈਟਿਕ ਸੈਨੇਟਾਈਜ਼ਰ ਮਸ਼ੀਨ ਲਗਾਈ ਗਈ ਹੈ ਜਿਸ ਦੀ ਵਰਤੋਂ ਵਿਦਿਆਰਥੀ ਕਮਰੇ ਦੇ ਬਾਹਰ ਅੰਦਰ ਜਾਣ ਵੇਲੇ ਕਰਦੇ ਸਨ। ਸਾਡੇ ਵੱਲੋਂ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਕੋਰੋਨਾ ਵਾਇਰਸ ਬਾਰੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਾਗਰੂਕ ਕੀਤਾ ਜਾ ਰਿਹਾ ਹੈ।