ਪ੍ਰਾਈਵੇਟ ਬੀਮਾ ਕੰਪਨੀਆਂ ਨੇ ਲਾਇਆ ਦੇਸ਼ ਦੇ ਕਿਸਾਨਾਂ ਨੂੰ ਕਰੋੜਾਂ ਦਾ ਚੂਨਾ, RTI ਤੋਂ ਹੋਇਆ ਖੁਲਾਸਾ
ਕਿਸਾਨਾਂ ਦੀ ਥਾਂ PM ਮੋਦੀ ਨੇ ਆਪਣੇ ਸਾਥੀ ਉਦਯੋਗਪਤੀਆਂ ਦੀ ਆਮਦਨ ਕੀਤੀ ਦੁਗਣੀ : ਦਿਨੇਸ਼ ਚੱਢਾ
ਚੰਡੀਗੜ੍ਹ : ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਦੀ ਧਾਰ ਖੁੰਡੀ ਕਰਨ ਲਈ ਅਕਸਰ ਸੱਤਾਧਾਰੀ ਧਿਰ ਵੱਲੋਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਐਮ.ਐਸ.ਪੀ. 'ਤੇ ਵੱਧ ਫ਼ਸਲਾਂ ਖਰੀਦਣ ਅਤੇ ਫ਼ਸਲੀ ਬੀਮਾ ਸਮੇਤ ਅਨੇਕਾਂ ਕਿਸਾਨ ਪੱਖੀ ਕਦਮਾਂ ਦਾ ਹਵਾਲਾ ਦਿੱਤਾ ਜਾਂਦਾ ਹੈ, ਜਿੰਨਾਂ ਦਾ ਕਿਸਾਨ ਲਾਭ ਉਠਾ ਰਹੇ ਹਨ। ਪਰ ਹਕੀਕਤ ਕੁੱਝ ਹੋਰ ਹੀ ਹੈ। ਇਸ ਦੇ ਖੁਲਾਸੇ ਦਾ ਦਾਅਵਾ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੀਤਾ ਗਿਆ ਹੈ। 'ਆਪ' ਆਗੂਆਂ ਨੇ ਨਿੱਜੀ ਬੀਮਾ ਕੰਪਨੀਆਂ 'ਤੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਰਾਹੀਂ ਦੇਸ਼ ਦੇ ਕਿਸਾਨਾਂ ਨੂੰ ਲੁੱਟਣ ਦਾ ਦੋਸ਼ ਲਗਾਇਆ ਹੈ।
ਆਰਟੀਆਈ ਕਾਰਕੁੰਨ ਅਤੇ ਆਮ ਆਦਮੀ ਪਾਰਟੀ ਰੋਪੜ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਦਿਨੇਸ਼ ਚੱਢਾ ਅਤੇ ਸਟੇਟ ਮੀਡੀਆ ਕੁਆਰਡੀਨੇਟਰ ਦਿਗਵਿਜੈ ਧੰਜੂ ਨੇ ਸ਼ੁੱਕਰਵਾਰ ਨੂੰ ਆਰਟੀਆਈ ਰਾਹੀਂ ਮਿਲੀ ਜਾਣਕਾਰੀ ਸਾਂਝੀ ਕਰਦਿਆਂ ਦਾਅਵਾ ਕੀਤਾ ਆਰਟੀਆਈ ਦੇ ਦਸਤਾਵੇਜਾਂ ਤੋਂ ਸਾਫ ਪਤਾ ਲੱਗਦਾ ਹੈ ਕਿ ਪ੍ਰਾਈਵੇਟ ਬੀਮਾ ਕੰਪਨੀਆਂ ਨੇ ਕਿਸਾਨਾਂ ਦੀਆਂ ਫਸਲਾਂ ਦੇ ਬੀਮੇ ਦੇ ਪੈਸਿਆਂ ਨਾਲ ਹਜ਼ਾਰਾਂ ਕਰੋੜ ਰੁਪਏ ਕਮਾਏ।
ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਵਿਚ ਇਨ੍ਹਾਂ ਕਾਰਪੋਰੇਟ ਕੰਪਨੀਆਂ ਨੇ ਪ੍ਰਧਾਨ ਮੰਤਰੀ ਬੀਮਾ ਯੋਜਨਾ ਦੇ ਤਹਿਤ 20,000 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ। ਪ੍ਰਧਾਨ ਮੰਤਰੀ ਮੋਦੀ ਦੇ ਕਰੀਬੀ ਉਦਯੋਗਪਤੀ ਅਤੇ ਉਨ੍ਹਾਂ ਦੇ ਸਭ ਤੋਂ ਵੱਡੇ ਫੰਡਦਾਤਾ ਰਿਲਾਇੰਸ ਇੰਡਸਟਰੀਜ਼ ਨੇ ਇਕੱਲੇ ਪਿਛਲੇ 4 ਸਾਲਾਂ ਵਿਚ ਲਗਭਗ 3,000 ਕਰੋੜ ਰੁਪਏ ਕਮਾਏ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਤਹਿਤ ਕਿਸਾਨਾਂ ਦੀਆਂ ਫਸਲਾਂ ਦੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਨੇ ਜੋ ਪੈਸੇ ਦਿੱਤੇ, ਉਸਦਾ ਵੱਡਾ ਹਿੱਸਾ ਕਾਰਪੋਰੇਟ ਘਰਾਣਿਆਂ ਨੂੰ ਮਿਲਿਆ।
ਉਨ੍ਹਾਂ ਕਿਹਾ ਕਿ ਬੀਮਾ ਕੰਪਨੀ ਕੇਂਦਰ ਸਰਕਾਰ, ਰਾਜ ਸਰਕਾਰ ਅਤੇ ਕਿਸਾਨਾਂ ਤੋਂ ਫਸਲ ਬੀਮਾ ਦੇ ਪ੍ਰੀਮੀਅਮ ਦਾ ਪੈਸਾ ਲੈ ਲੈਂਦੀ ਹੈ, ਪ੍ਰੰਤੂ ਜਦੋਂ ਮੁਆਵਜਾ ਦੇਣ ਦੀ ਗੱਲ ਆਉਂਦੀ ਹੈ, ਤਾਂ ਜ਼ਿਆਦਾਤਰ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ ਪੈਸਾ ਨਹੀਂ ਦਿੱਤਾ ਜਾਂਦਾ। ਆਰਟੀਆਈ ਰਾਹੀਂ ਮਿਲੀ ਜਾਣਕਾਰੀ ਦੇ ਅੰਕੜਿਆਂ ਦਾ ਜ਼ਿਕਰ ਕਰਦੇ ਹੋਏ ਚੱਢਾ ਨੇ ਕਿਹਾ ਕਿ ਭਾਰਤ ਸਰਾਕਰ ਨੇ ਪਿਛਲੇ 4 ਸਾਲ ਵਿੱਚ ਪ੍ਰੀਮੀਅਮ ਦੇ ਹਿੱਸੇ ਵਜੋਂ 44,183 ਕਰੋੜ ਰੁਪਏ ਦਾ ਭੁਗਤਾਨ ਕੀਤਾ।
ਇਸ ਵਿਚੋਂ ਲਗਭਗ ਅੱਧਾ ਪੈਸਾ ਨਿੱਜੀ ਕੰਪਨੀਆਂ ਨੇ ਲਾਭ ਵਜੋਂ ਕਮਾਇਆ। ਵਿਸ਼ੇਸ਼ ਤੌਰ ਉਤੇ ਮੋਦੀ ਦੇ ਮੁੱਖ ਫੰਡਦਾਤਾ ਰਿੰਲਾਇਸ ਨੂੰ 2642 ਕਰੋੜ ਦਾ ਭੁਗਤਾਨ ਕੀਤਾ ਗਿਆ, ਜਿਸ ਕਾਰਨ ਕੰਪਨੀ ਨੇ ਰਿਕਾਰਡ 2862 ਕਰੋੜ ਰੁਪਏ ਦਾ ਲਾਭ ਦਰਜ ਕੀਤਾ। ਇਸ ਤੋਂ ਪਤਾ ਲਗਦਾ ਹੈ ਕਿ ਰਿੰਲਾਇਸ ਨੇ ਪੀੜਤ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਲਈ ਨਾ ਦੇ ਬਰਾਬਰ ਪੈਸਾ ਦਿੱਤਾ। ਜੇਕਰ ਸਾਰੀਆਂ ਨਿੱਜੀ ਕੰਪਨੀਆਂ ਦੀ ਗੱਲ ਕੀਤੀ ਜਾਵੇ ਤਾਂ ਕੁਲ ਪ੍ਰੀਮੀਅਮ ਦੇ ਪੈਸੇ ਦਾ ਲਗਭਗ 73 ਫੀਸਦੀ ਨਿੱਜੀ ਕੰਪਨੀਆਂ ਨੇ ਮੁਨਾਫੇ ਵਜੋਂ ਕਮਾਏ ਹਨ।