ਤੇਜ਼ ਰਫ਼ਤਾਰ ਟਰੱਕ ਅਤੇ ਕਾਰ ਦੀ ਹੋਈ ਭਿਆਨਕ ਟੱਕਰ, ਪਰਿਵਾਰ ਦੇ ਦੋ ਮੈਂਬਰਾਂ ਦੀ ਮੌਤ ਤੇ 3 ਜ਼ਖ਼ਮੀ
ਸ੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਿਹਾ ਸੀ ਪਰਿਵਾਰ
ਨਵਾਂਸ਼ਹਿਰ : ਸ੍ਰੀ ਅਨੰਦਪੁਰ ਤੋਂ ਮੁੱਖ ਮਾਰਗ 'ਤੇ ਪੈਂਦੇ ਪਿੰਡ ਸਿੰਘਪੁਰ ਨਖੋਂ, ਕਸਬਾ ਪੋਜੇਵਾਲ, ਜ਼ਿਲ੍ਹਾ ਨਵਾਂਸ਼ਹਿਰ ਨੇੜੇ ਬੀਤੀ ਸ਼ਾਮ ਕਾਰ ਅਤੇ ਟਰੱਕ ਦੀ ਭਿਆਨਕ ਟੱਕਰ ਵਿੱਚ ਇੱਕ ਵਿਅਕਤੀ ਝਿਲਮਿਲ ਸਿੰਘ ਅਤੇ ਇੱਕ ਔਰਤ ਜਸਵੀਰ ਕੌਰ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਹੋਰ ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ ਹਨ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ।
ਜਾਣਕਾਰੀ ਅਨੁਸਾਰ ਝਿਲਮਿਲ ਸਿੰਘ ਪੁੱਤਰ ਰਣਜੀਤ ਸਿੰਘ (46) ਆਪਣੇ ਪਰਿਵਾਰ ਸਮੇਤ ਸ੍ਰੀ ਅੰਨਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸਨ ਕਿ ਰਸਤੇ ਵਿਚ ਹੀ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਕਾਰ ਦੀ ਟੱਕਰ ਹੋ ਗਈ ਜਿਸ ਵਿਚ ਝਿਲਮਿਲ ਸਿੰਘ, ਜਸਬੀਰ ਕੌਰ (44) ਦੀ ਮੌਤ ਹੋ ਗਈ ਜਦਕਿ ਸੁਖਵੰਤ ਕੌਰ (40), ਅਰਪਨਦੀਪ ਕੌਰ (12), ਹਰਸਿਮਰਤ (7) ਪਿੰਡ ਨੀਲਕਲਾਂ ਵਾਸੀ ਗੁਰਦਾਸਪੁਰ ਗੰਭੀਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਮੋਦੀ ਸਰਕਾਰ ਦੀ ਅੱਤਵਾਦ ਪ੍ਰਤੀ ਜ਼ੀਰੋ ਟੋਲਰੈਂਸ ਨੀਤੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ : ਅਮਿਤ ਸ਼ਾਹ
ਪ੍ਰਾਪਤ ਵੇਰਵਿਆਂ ਅਨੁਸਾਰ ਸ੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਆਉਂਦੇ ਸਮੇਂ ਜਦੋਂ ਉਹ ਸਿੰਘਪੁਰ ਟੀ ਪੁਆਇੰਟ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਮੱਕੀ ਦੇ ਭਰੇ ਟਰੱਕ ਦੀ ਕਾਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਮੌਕੇ 'ਤੇ ਹੀ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਆਪਣੀ ਕਾਰ 'ਚ ਬਿਠਾ ਕੇ ਨਜ਼ਦੀਕੀ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਦੋ ਨੂੰ ਮ੍ਰਿਤਕ ਐਲਾਨ ਦਿੱਤਾ ਅਤੇ ਬਾਕੀ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਦੂਜੇ ਹਸਪਤਾਲ ਲਈ ਰੈਫਰ ਕਰ ਦਿੱਤਾ।
ਜਿੱਥੇ ਪੁਸ਼ਮੀਤ ਕੌਰ ਅਤੇ ਹਰਸਿਮਰਤ ਕੌਰ ਮਾਮੂਲੀ ਸੱਟਾਂ ਲੱਗਣ ਕਾਰਨ ਠੀਕ ਹਨ ਅਤੇ ਹੋਰ ਤਿੰਨ ਔਰਤਾਂ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ, ਦਾ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਘਟਨਾ 'ਚ ਝਿਲਮਿਲ ਸਿੰਘ ਅਤੇ ਜਸਬੀਰ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ। ਪੋਜੇਵਾਲ ਠਾਣੇ ਦੇ ਮੁਖੀ ਸੁਰਿੰਦਰ ਪੋਜੇਵਾਲ ਨੇ ਦੱਸਿਆ ਕਿ ਵਾਹਨਾਂ ਨੂੰ ਕਬਜ਼ੇ 'ਚ ਲੈ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।