Punjab News: ਜਲੰਧਰ ਰੇਲਵੇ ਸਟੇਸ਼ਨ ਦੇ ਮੁੱਖ ਯਾਰਡ ਮਾਸਟਰ ਵੀ.ਕੇ. ਚੱਢਾ ਸਣੇ 3 ਮੁਅੱਤਲ; ਫ਼ਿਰੋਜ਼ਪੁਰ ਰੇਲਵੇ ਬੋਰਡ ਦੀ ਕਾਰਵਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਓਪਰੇਟਿੰਗ ਮੈਨੇਜਰ ਦੇ ਅਚਨਚੇਤ ਨਿਰੀਖਣ ਦੌਰਾਨ ਪਾਈਆਂ ਗਈਆਂ ਸੀ ਖਾਮੀਆਂ

Chief Yard Master of Jalandhar Railway Station and 2 others suspended

Punjab News: ਫਿਰੋਜ਼ਪੁਰ ਰੇਲਵੇ ਡਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਓਪਰੇਟਿੰਗ ਮੈਨੇਜਰ ਉਤਪੀ ਸਿੰਘਲ ਨੇ ਬੀਤੇ ਦਿਨ ਜਲੰਧਰ ਸਿਟੀ ਰੇਲਵੇ ਸਟੇਸ਼ਨ ਦਾ ਅਚਨਚੇਤ ਨਿਰੀਖਣ ਕੀਤਾ। ਇਸ ਦੌਰਾਨ ਕਈ ਖਾਮੀਆਂ ਪਾਈਆਂ ਗਈਆਂ। ਇਸ ਦਾ ਨੋਟਿਸ ਲੈਂਦਿਆਂ ਫ਼ਿਰੋਜ਼ਪੁਰ ਡਿਵੀਜ਼ਨ ਨੇ ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਚੀਫ਼ ਯਾਰਡ ਮਾਸਟਰ ਵੀ.ਕੇ ਚੱਢਾ ਅਤੇ ਦੋ ਹੋਰ ਮੁਲਾਜ਼ਮਾਂ ਮਨੀਸ਼ ਅਤੇ ਜੈ ਨਰਾਇਣ ਖ਼ਿਲਾਫ਼ ਕਾਰਵਾਈ ਕੀਤੀ ਹੈ। ਤਿੰਨਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਜਦੋਂ ਅਧਿਕਾਰੀ ਨਿਰੀਖਣ ਲਈ ਜਲੰਧਰ ਸਿਟੀ ਰੇਲਵੇ ਸਟੇਸ਼ਨ ਪੁੱਜੇ ਤਾਂ ਉਨ੍ਹਾਂ ਦੇਖਿਆ ਕਿ ਇਕ ਮਾਲ ਗੱਡੀ ਦੀ ਮੁਰੰਮਤ ਕੀਤੀ ਜਾ ਰਹੀ ਸੀ। ਇਸ ਸਮੇਂ ਦੌਰਾਨ, ਮਾਲ ਗੱਡੀ ਨੂੰ ਸਥਿਰ ਕਰਨ ਲਈ ਪਹੀਏ ਦੇ ਹੇਠਾਂ ਬਲਾਕ ਅਤੇ ਚੇਨ ਨਹੀਂ ਲਗਾਏ ਗਏ ਸਨ। ਇਸ ਨਾਲ ਹਾਦਸਾ ਵਾਪਰ ਸਕਦਾ ਸੀ।

ਦੱਸ ਦੇਈਏ ਕਿ ਕਠੂਆ ਤੋਂ ਬਿਨਾਂ ਡਰਾਈਵਰ ਦੇ ਚੱਲਣ ਵਾਲੀ ਟਰੇਨ ਨੂੰ ਲੈ ਕੇ ਫ਼ਿਰੋਜ਼ਪੁਰ ਡਿਵੀਜ਼ਨ ਕਾਫੀ ਸਖ਼ਤ ਹੋ ਗਿਆ ਹੈ। ਅਧਿਕਾਰੀ ਫ਼ਿਰੋਜ਼ਪੁਰ ਡਵੀਜ਼ਨ ਅਧੀਨ ਪੈਂਦੇ ਸਾਰੇ ਸਟੇਸ਼ਨਾਂ ਦੀ ਜਾਂਚ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਜਲੰਧਰ ਵਿਚ ਫ਼ਿਰੋਜ਼ਪੁਰ ਡਵੀਜ਼ਨ ਦੇ ਅਸਿਸਟੈਂਟ ਅਪਰੇਸ਼ਨ ਮੈਨੇਜਰ ਪਾਇਲ ਵਲੋਂ ਵੀ ਨਿਰੀਖਣ ਕੀਤਾ ਗਿਆ ਸੀ, ਉਸ ਨੇ ਇਥੇ ਵੀ ਕਈ ਖਾਮੀਆਂ ਪਾਈਆਂ।

ਦੱਸ ਦੇਈਏ ਕਿ ਕੱਲ੍ਹ ਜੰਮੂ ਦੇ ਕਠੂਆ ਤੋਂ ਬਿਨਾਂ ਡਰਾਈਵਰ ਦੇ ਇਕ ਮਾਲ ਗੱਡੀ ਚੱਲੀ ਸੀ। ਜਿਸ ਨੂੰ ਕਿਸੇ ਤਰ੍ਹਾਂ ਹੁਸ਼ਿਆਰਪੁਰ ਵਿਖੇ ਰੋਕਿਆ ਗਿਆ। ਜੇਕਰ ਉਕਤ ਰੇਲ ਗੱਡੀ ਨੂੰ ਨਾ ਰੋਕਿਆ ਜਾਂਦਾ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ, ਜਿਸ ਨਾਲ ਸਰਕਾਰ ਦਾ ਭਾਰੀ ਨੁਕਸਾਨ ਹੋ ਸਕਦਾ ਸੀ। ਇਸ 'ਤੇ ਕਾਰਵਾਈ ਕਰਦੇ ਹੋਏ ਰੇਲਵੇ ਨੇ 6 ਅਧਿਕਾਰੀਆਂ ਨੂੰ ਮੁਅੱਤਲ ਵੀ ਕਰ ਦਿਤਾ ਹੈ।

 (For more Punjabi news apart from Chief Yard Master of Jalandhar Railway Station and 2 others suspended, stay tuned to Rozana Spokesman)