ਸਿੱਟ ਖ਼ਾਰਜ ਹੋਣ ਦੇ ਬਾਵਜੂਦ ਸਿੱਖ ਬਰਗਾੜੀ ਕਾਂਡ ਦਾ ਇਨਸਾਫ਼ ਲੈ ਕੇ ਰਹਿਣਗੇ : ਰਾਜਾਸਾਂਸੀ
ਉਨ੍ਹਾਂ ਕਿਹਾ ਹੈ ਕਿ ਸਰਕਾਰ, ਹੁਕਮਰਾਨਾਂ ਅਤੇ ਅਧਿਕਾਰੀਆਂ ਨੂੰ ਇਨਸਾਫ਼ ਦੇਣਾ ਪੈਣਾ ਹੈ ਕਿਉਂਕਿ ਘਟਨਾ ਵਾਪਰੀ ਹੈ, ਸੱਚਾਈ ਦਬਾਈ ਨਹੀਂ ਜਾ ਸਕਦੀ।
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਪੰਥਕ ਆਗੂ ਸ. ਰਘਬੀਰ ਸਿੰਘ ਰਾਜਾਸਾਂਸੀ ਸਾਬਕਾ ਸਕੱਤਰ ਸ਼੍ਰੋੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਦਾਲਤ ਵਲ ਬਰਗਾੜੀ ਕਾਂਡ ਦੀ ਸਿੱਟ ਰੱਦ ਕਰਨ ਸਬੰਧੀ ਸਰਕਾਰ ਦਾ ਧਿਆਨ ਦਿਵਾਇਆ ਹੈ ।
ਉਨ੍ਹਾਂ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਗੰਭੀਰ ਮਸਲੇ ਤੇ ਸ਼ਾਂਤਮਈ ਅੰਦੋਲਨ ਦੌਰਾਨ ਬਾਦਲ ਸਰਕਾਰ ਵੇਲੇ ਪੁਲਿਸ ਗੋਲੀ ਨਾਲ 2 ਸਿੱਖ ਨੌਜੁਆਨ ਸ਼ਹੀਦ ਹੋ ਗਏ ਸਨ ਪਰ ਇਸ ਸਬੰਧੀ ਪੰਥ ਤੇ ਪੀੜਤ ਪ੍ਰਵਾਰ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਹੈ ਕਿ ਸਰਕਾਰ, ਹੁਕਮਰਾਨਾਂ ਅਤੇ ਅਧਿਕਾਰੀਆਂ ਨੂੰ ਇਨਸਾਫ਼ ਦੇਣਾ ਪੈਣਾ ਹੈ ਕਿਉਂਕਿ ਘਟਨਾ ਵਾਪਰੀ ਹੈ, ਸੱਚਾਈ ਦਬਾਈ ਨਹੀਂ ਜਾ ਸਕਦੀ।
ਉਨ੍ਹਾਂ ਕਿਹਾ ਕਿ ਭਾਵੇ ਸਿੱਟ ਰੱਦ ਹੋ ਗਈ ਹੈ ਪਰ ਸਿੱਖਾਂ ਦੇ ਦਿਲ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਕੁੰਵਰ ਪ੍ਰਤਾਪ ਸਿੰਘ ਆਈ ਜੀ ਵਲੋਂ ਕੀਤੀ ਗਈ ਪੜਤਾਲ ਅਤੇ ਅਦਾਲਤ ਵਿਚ ਇਸ ਸਬੰਧੀ ਪੇਸ਼ ਕੀਤੀ ਗਈ ਰਿਪੋਰਟ ਤੇ ਕਾਰਵਾਈ ਜ਼ਰੂਰ ਹੋਵੇਗੀ । ਸਿੱਖ ਕੌਮ ਇਹ ਮੰਨਦੀ ਹੈ ਕਿ ਸਿਆਸਤਦਾਨ, ਪੁਲਿਸ ਅਧਿਕਾਰੀ, ਤਾਕਤਵਾਰ ਲੋਕ ਹਨ ਜੋ ਗ਼ਰੀਬਾਂ ਨੂੰ ਇਨਸਾਫ਼ ਨਹੀਂ ਦੇ ਰਹੇ ਤਾਂ ਜੋ ਉਨ੍ਹਾਂ ਦੀਆਂ ਕੁਰਸੀਆਂ ਨਾ ਬਚ ਸਕਣ।
ਜਥੇਦਾਰ ਅਕਾਲ ਤਖ਼ਤ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਇਸ ਗੰਭੀਰ ਮਸਲੇ ਸਬੰਧੀ ਸੱਚਾਈ ਸਾਹਮਣੇ ਲਿਆਉਣ ਲਈ ਕੋਸ਼ਿਸ਼ ਕਰਨ ਤਾਂ ਜੋ ਗੁਨਾਹਗਾਰਾਂ ਨੂੰ ਸਜ਼ਾ ਅਤੇ ਪੀੜਤਾਂ ਨੂੰ ਨਿਆਂ ਮਿਲ ਸਕੇ, ਜਿਨ੍ਹਾਂ ਦੇ ਨੌਜੁਆਨ ਪੁੱਤਰ ਸ਼ਹੀਦ ਹੋ ਗਏ ਸਨ ਅਤੇ ਗੁਰੂ ਦੀ ਬੇਅਦਬੀ ਸਬੰਧੀ ਹੁਣ ਤਕ ਕੋਈ ਵੀ ਗੱਲ ਸਿਰੇ ਨਹੀਂ ਚੜ੍ਹ ਸਕੀ।