ਕੋਟਕਪੂਰਾ ਗੋਲੀਕਾਂਡ ਮਾਮਲਾ: ਅਦਾਲਤ ਵਿਚ ਪੇਸ਼ ਹੋਏ ਸੁਖਬੀਰ ਸਿੰਘ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

4 ਮਿੰਟ ਅਦਾਲਤ 'ਚ ਹਾਜ਼ਰੀ ਭਰਨ ਮਗਰੋਂ ਹੋਏ ਫ਼ਾਰਗ਼! 

Sukhbir Singh Badal

ਫਰੀਦਕੋਟ : ਕੋਟਕਪੂਰਾ 'ਚ 14 ਅਕਤੂਬਰ 2015 ਨੂੰ ਹੋਈ ਗੋਲੀਬਾਰੀ ਦੇ ਮਾਮਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੂਬੇ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਫਰੀਦਕੋਟ ਦੀ ਅਦਾਲਤ 'ਚ ਪਹੁੰਚੇ। ਉਹ ਇੱਥੇ ਜੁਡੀਸ਼ੀਅਲ ਮੈਜਿਸਟਰੇਟ ਅਜੈ ਪਾਲ ਸਿੰਘ ਦੀ ਅਦਾਲਤ ਵਿੱਚ ਪੇਸ਼ ਹੋਏ। ਸੁਖਬੀਰ ਸਿੰਘ ਬਾਦਲ ਕਰੀਬ ਸਾਢੇ 12 ਵਜੇ ਫਰੀਦਕੋਟ ਪਹੁੰਚੇ ਅਤੇ 4 ਮਿੰਟਾਂ ਵਿੱਚ ਹੀ ਅਦਾਲਤ ਵਿੱਚ ਹਾਜ਼ਰੀ ਲਗਵਾ ਕੇ ਫ਼ਾਰਗ਼ ਹੋ ਗਏ।

ਦੱਸਣਯੋਗ ਹੈ ਕਿ ਉਹ ਕੋਟਕਪੂਰਾ ਗੋਲੀਕਾਂਡ ਮਾਮਲੇ ਨਾਲ ਸਬੰਧਿਤ FIR ਨੰਬਰ 129/2018 ਵਿਚ ਨਾਮਜ਼ਦ ਸਨ ਅਤੇ ਇਸ ਮਾਮਲੇ ਵਿਚ ਹੀ ਫਰੀਦਕੋਟ ਅਦਾਲਤ ਵਿਚ ਪੇਸ਼ ਹੋਏ ਜਦਕਿ ਇਸ ਮਾਮਲੇ ਵਿਚ ਬਾਕੀ ਨਾਮਜ਼ਦ ਵਿਅਕਤੀਆਂ ਦੇ ਵਕੀਲ ਹੀ ਫਰੀਦਕੋਟ ਅਦਾਲਤ ਵਿਚ ਪੇਸ਼ ਹੋਏ। 

ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਨੂੰ ਲੈ ਕੇ ਅਦਾਲਤ ਦੇ ਬਾਹਰ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਅਤੇ ਆਗੂ ਮੌਜੂਦ ਸਨ। ਅਦਾਲਤ 'ਚ ਪੇਸ਼ੀ ਤੋਂ ਬਾਅਦ ਬਾਹਰ ਆਏ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਖਰਾਬ ਕਣਕ ਦੀ ਖਰੀਦ 'ਤੇ 31 ਰੁਪਏ ਤੱਕ ਦੀ ਕਟੌਤੀ ਨੂੰ ਗੈਰ-ਕਾਨੂੰਨੀ ਦੱਸਿਆ। ਉਨ੍ਹਾਂ ਵੈਲਿਊ ਕਟੌਤੀ ਦੇ ਨਾਂ ’ਤੇ ਜਾਰੀ ਕੀਤੇ ਇਸ ਹੁਕਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।

ਇਹ ਵੀ ਪੜ੍ਹੋ:  ਕੈਲੀਫੋਰਨੀਆ ਵਿਧਾਨ ਸਭਾ ਵੱਲੋਂ ਨਵੰਬਰ 1984 ਹਿੰਸਾ ਨੂੰ ਸਿੱਖ ਨਸਲਕੁਸ਼ੀ ਵਜੋਂ ਮਿਲੀ ਮਾਨਤਾ 

ਇਸ ਤੋਂ ਇਲਾਵਾ ਕੋਟਕਪੂਰਾ ਗੋਲੀਕਾਂਡ ਨਾਲ ਸਬੰਧਿਤ ਮੁਕੱਦਮਾਂ ਨੰਬਰ 192/2015 ਵਿਚ ਨਾਮਜ਼ਦ ਥਾਣਾ ਸਿਟੀ ਕੋਟਕਪੂਰਾ ਦੇ ਤਤਕਾਲੀ SHO ਗੁਰਦੀਪ ਸਿੰਘ ਪੰਧੇਰ ਵੀ ਅਦਾਲਤ ਵਿਚ ਪੇਸ਼ ਹੋਏ ਜਦਕਿ ਇਸ ਮਾਮਲੇ ਵਿਚ ਬਾਕੀ ਨਾਮਜ਼ਦਾਂ ਦੇ ਸਿਰਫ ਵਕੀਲ ਹੀ ਫਰੀਦਕੋਟ ਅਦਾਲਤ ਵਿਚ ਪੇਸ਼ ਹੋਏ ਹਨ। ਮਾਨਯੋਗ ਅਦਾਲਤ ਵਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 25 ਅਪ੍ਰੈਲ ਨੂੰ ਨੂੰ ਤੈਅ ਕੀਤੀ ਗਈ ਹੈ।

ਕੋਟਕਪੂਰਾ ਗੋਲੀ ਕਾਂਡ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਵੀ ਹੈ। ਜਿਸ ਸਮੇਂ ਇਹ ਗੋਲੀਬਾਰੀ ਹੋਈ, ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਸੂਬੇ ਦੇ ਮੁੱਖ ਮੰਤਰੀ ਸਨ। ਪ੍ਰਕਾਸ਼ ਸਿੰਘ ਬਾਦਲ ਨੇ ਬੁੱਧਵਾਰ ਨੂੰ ਸਿਹਤ ਕਾਰਨਾਂ ਕਰ ਕੇ ਪੇਸ਼ੀ ਤੋਂ ਛੋਟ ਲੈ ਲਈ ਸੀ।