ਲੋਕ ਬਰਗਾੜੀ ਨੂੰ ਭੁੱਲ ਗਏ ਹੋਣ ਸਬੰਧੀ ਬਾਦਲ ਦਾ ਬਿਆਨ ਸ਼ਰਮਨਾਕ : ਕੈਪਟਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਫ਼ਿਲਮੀ ਐਕਟਰ ਨੂੰ ਗੁਰਦਾਸਪੁਰ ਦੇ ਲੋਕਾਂ ਦੀ ਭਲਾਈ ਵਿਚ ਕੋਈ ਦਿਲਚਸਪੀ ਨਹੀਂ 

Captain Amarinder Singh

ਬਟਾਲਾ, ਗੁਰਦਾਸਪੁਰ : ਬੀਤੇ ਕੱਲ ਬਟਾਲਾ ਵਿਖੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ ਕੀਤੀ ਗਈ ਰੈਲੀ ਵਿਚ ਲੋਕਾਂ ਦਾ ਲਾਮਿਸਾਲ ਇੱਕਠ ਦੇਖਣ ਨੂੰ ਮਿਲਿਆ। ਇਸ ਰੈਲੀ ਵਿਚ ਪੰਜਾਬ ਦੇ ਮੁੱਖ ਮੰਤਰੀ ਨਿਸਚਿਤ ਵਕਤ ਤੋਂ ਕੁੱਝ ਸਮਾਂ ਪੱਛੜ ਕੇ ਪੁੱਜੇ, ਪਰ ਇਸ ਦੇ ਬਾਵਜੂਦ ਲੋਕ ਕੈਪਟਨ ਦੀ ਇੰਤਜ਼ਾਰ ਵਿਚ ਕਰੀਬ ਦੋ ਘੰਟੇ ਕੜਕਦੀ ਅਤੇ ਤੇਜ਼ ਧੁੱਪ ਬੈਠੇ ਰਹੇ। 

ਬਰਗਾੜੀ ਬੇਅਦਬੀ ਘਟਨਾ ਨੂੰ ਪੰਜਾਬ ਦੇ ਲੋਕ ਭੁੱਲ ਗਏ ਹੋਣ ਸਬੰਧੀ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਮਨਾਕ ਅਤੇ ਉਸ ਦੀ ਖਾਹਿਸ਼ ਦਸਿਆ ਹੈ। ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਦੇ ਹੱਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਸ ਕੇਸ ਦੇ ਸਬੰਧ ਵਿਚ ਅਕਾਲੀਆਂ ਦੀਆਂ ਨਿਰਾਸ਼ਾਜਨਕ ਉਮੀਦਾਂ ਅਤੇ ਇੱਛਾਵਾਂ ਹਨ। ਉਨ੍ਹਾਂ ਕਿਹਾ ਕਿ ਬਾਦਲਾਂ ਕੋਲ ਅਪਣੀ ਜਾਣਕਾਰੀ ਤੋਂ ਬਿਨਾਂ ਬੇਅਦਬੀ ਦੇ ਮਾਮਲੇ ਵਾਪਰਣ ਸਬੰਧੀ ਅਪਣੇ ਹੱਕ ਵਿਚ ਕੁਝ ਵੀ ਕਹਿਣ ਜਾਂ ਇਸ ਸਬੰਧੀ ਤਰਕ ਦੇਣ ਲਈ ਕੁਝ ਵੀ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਇਹ ਉਮੀਦ ਅਤੇ ਚਾਹਤ ਰੱਖ ਸਕਦੇ ਹਨ ਕਿ ਲੋਕ ਬਰਗਾੜੀ ਅਤੇ ਹੋਰ ਘਟਨਾਵਾਂ ਨੂੰ ਭੁੱਲ ਜਾਣ ਪਰ ਅਜਿਹਾ ਨਹੀਂ ਹੋਵੇਗਾ ਅਤੇ ਉਨ੍ਹਾਂ ਨੂੰ ਅਪਣੇ ਕੁਕਰਮਾਂ ਦਾ ਹਿਸਾਬ ਦੇਣਾ ਪਵੇਗਾ। 

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਅਕਾਲੀਆਂ ਨੂੰ ਅਪਣੀਆਂ ਕਾਰਵਾਈਆਂ ਦੇ ਨਤੀਜੇ ਭੁਗਤਣੇ ਪੈਣਗੇ ਅਤੇ ਉਹ ਬੇਗੁਨਾਹਾਂ ਲੋਕਾਂ ਦੀਆਂ ਹਤਿਆਵਾਂ ਵਿਚ ਸਜ਼ਾ ਤੋਂ ਬੱਚ ਨਹੀਂ ਸਕਦੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਰਕਾਸ਼ ਸਿੰਘ ਬਾਦਲ ਉਸ ਸਮੇਂ ਮੁੱਖ ਮੰਤਰੀ ਸਨ ਅਤੇ ਉਨ੍ਹਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਸੀ ਜਿਸ ਕੋਲ ਸੂਬੇ ਦਾ ਗ੍ਰਹਿ ਮੰਤਰਾਲਾ ਵੀ ਸੀ। ਇਸ ਕਰ ਕੇ ਉਹ ਬਰਗਾੜੀ ਅਤੇ ਬਹਿਬਲਕਲਾਂ, ਕੋਟਕਪੁਰਾ ਵਿਚ ਵਾਪਰੀਆਂ ਘਟਨਾਵਾਂ ਤੋਂ ਲਾਜ਼ਮੀ ਤੌਰ 'ਤੇ ਪੂਰੀ ਤਰ੍ਹਾਂ ਜਾਣੂੰ ਹੋਣਗੇ। 

ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਨੀ ਦਿਊਲ ਅਤੇ ਜਾਖੜ ਵਿਚਲੇ ਵਖਰੇਵਿਆਂ ਦਾ ਜ਼ਿਕਰ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਆਗੂ ਪਿਛਲੇ 18 ਮਹੀਨਿਆਂ ਤੋਂ ਇਸ ਹਲਕੇ ਦੀ ਹਰੇਕ ਨੁਕਰ ਵਿਚ ਜਾ-ਜਾ ਕੇ ਕੰਮ ਕਰ ਰਿਹਾ ਹੈ ਜਦਕਿ ਭਾਜਪਾ ਦੇ ਫ਼ਿਲਮੀ ਐਕਟਰ ਨੂੰ ਗੁਰਦਾਸਪੁਰ ਦੇ ਲੋਕਾਂ ਦੀ ਭਲਾਈ ਵਿਚ ਕੋਈ ਦਿਲਚੱਸਪੀ ਨਹੀਂ ਹੈ। ਸੰਨੀ ਦਿਊਲ ਸਿਆਸਤ ਵਿਚ ਕਰੀਅਰ ਬਣਾਉਣ ਦੀ ਭਾਲ ਵਿਚ ਮੁੰਬਈ ਤੋਂ ਇਥੇ ਆਇਆ ਹੈ ਕਿਉਂਕਿ ਉਸ ਦਾ ਕਲਾਕਾਰ ਵਜੋਂ ਕੈਰੀਅਰ ਖ਼ਤਮ ਹੋ ਗਿਆ ਹੈ। 

ਇਸ ਮੌਕੇ ਜਾਖੜ ਨੇ ਕਿਹਾ ਕਿ ਮੋਦੀ ਕੋਲ ਰਾਫੇਲ, ਅਯੋਧਿਆ, ਕਿਸਾਨ ਖ਼ੁਦਕੁਸ਼ੀਆਂ ਅਤੇ ਬੇਗੁਨਾਹ ਫ਼ੌਜੀਆਂ ਦੀਆਂ ਸਰਹੱਦ 'ਤੇ ਹੋ ਰਹੀਆਂ ਹਤਿਆਵਾਂ ਸਣੇ ਕਿਸੇ ਵੀ ਗੰਭੀਰ ਮੁੱਦੇ 'ਤੇ ਕੋਈ ਸਪਸ਼ਟੀਕਰਨ ਨਹੀਂ ਹੈ। ਉਹ ਕੇਵਲ ਤੇ ਕੇਵਲ ਅਪਣੀਆਂ ਸਿਆਸੀ ਅਤੇ ਨਿੱਜੀ ਖਾਹਿਸ਼ਾਂ ਵਿਚ ਦਿਲਚੱਸਪੀ ਰੱਖਦਾ ਹੈ। ਇਸ ਤੋਂ ਇਲਾਵਾ ਅਸ਼ਵਨੀ ਸੇਖੜੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਫਤਿਹਜੰਗ ਸਿੰਘ ਬਾਜਵਾ, ਹਰਪ੍ਰਤਾਪ ਅਜਨਾਲਾ ਅਤੇ ਸੰਤ ਸਮਾਜ ਦੇ ਮੁੱਖ ਬਾਬਾ ਬੇਦੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।