ਕੈਪਟਨ ਵੱਲੋਂ ਇਕ ਹਿੰਦੂ ਨੂੰ ਮੁੱਖ ਮੰਤਰੀ ਐਲਾਨਣ ਦੇ ਬਿਆਨ ਤੋਂ ਡਰੀ ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ

Captain Amarinder Singh

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਨਿਚਰਵਾਰ ਨੂੰ ਗੁਰਦਾਸਪੁਰ 'ਚ ਪਾਰਟੀ ਦੀ ਚੋਣ ਮੀਟਿੰਗ ਦੌਰਾਨ ਖੁੱਲ੍ਹੇਆਮ ਸੁਨੀਲ ਜਾਖੜ ਨੂੰ ਭਵਿੱਖ ਦਾ ਮੁੱਖ ਮੰਤਰੀ ਕਹੇ ਜਾਣ ਨਾਲ ਸੂਬਾ ਕਾਂਗਰਸ 'ਚ ਨਵੀਂ ਚਰਚਾ ਛਿੜ ਗਈ ਹੈ। ਕੈਪਟਨ ਦੇ ਇਸ ਬਿਆਨ ਨੇ ਵਿਰੋਧੀਆਂ ਦੇ ਮਨਾਂ 'ਚ ਤਰਥੱਲੀ ਪੈਦਾ ਕਰ ਦਿੱਤੀ ਹੈ। 

ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸਨੀ ਦਿਓਲ ਨੇ ਜ਼ਿਲ੍ਹਾ ਚੋਣ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ ਹੈ। ਇਸ ਸ਼ਿਕਾਇਤ 'ਚ ਸਨੀ ਦਿਓਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨੀਂ ਆਪਣੀ ਚੋਣ ਰੈਲੀ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਕੈਪਟਨ ਨੇ ਗੁਰਸਦਾਪੁਰ ਚੀਨੀ ਮਿਲ ਦੀ ਸਮਰੱਥਾ ਵਧਾਉਣ, ਨਵੇਂ ਬਿਜਲੀ ਅਤੇ ਸੀਐਨਜੀ ਪਲਾਂਟ ਦੀ ਸਥਾਪਨਾ, ਝੋਨੇ ਦੀ ਬਿਜਾਈ, ਡੋਗਰੀ ਜਾਤੀ ਦੇ ਸਰਟੀਫ਼ਿਕੇਟ ਜਾਰੀ ਕਰਨ ਜਿਹੇ ਵਾਅਦੇ ਕੀਤੇ ਹਨ, ਜੋ ਚੋਣ ਜ਼ਾਬਤੇ ਦੀ ਉਲੰਘਣਾ ਹਨ।

ਸਨੀ ਦਿਓਲ ਦੀ ਇਸ ਸ਼ਿਕਾਇਤ ਨਾਲ ਨਵਾਂ ਸਿਆਸੀ ਮੁੱਦਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਹਲਕੇ 'ਚ ਹਿੰਦੂ ਵੋਟਰਾਂ ਨੂੰ ਆਪਣੇ ਹੱਕ 'ਚ ਭੁਗਤਾਉਣ ਲਈ ਜਾਖੜ ਨੂੰ ਮੁੱਖ ਮੰਤਰੀ ਐਲਾਨਣਾ ਕਾਂਗਰਸ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ। ਇਸੇ ਕਾਰਨ ਸਨੀ ਦਿਓਲ ਅਤੇ ਭਾਜਪਾ ਆਗੂ ਡਰੇ ਹੋਏ ਜਾਪ ਰਹੇ ਹਨ।

ਕੈਪਟਨ ਦਾ ਇਹ ਬਿਆਨ ਹੋਰ ਕਾਂਗਰਸੀ ਲੀਡਰਾਂ ਲਈ ਇਸ਼ਾਰਾ ਵੀ ਹੋ ਸਕਦਾ ਹੈ, ਜਿਹੜੇ ਦਿੱਲੀ ਹਾਈਕਮਾਨ ਅਤੇ ਰਾਹੁਲ ਗਾਂਧੀ ਦੇ ਕਾਫੀ ਨੇੜੇ ਵੀ ਹਨ। ਇਨ੍ਹਾਂ ਲੀਡਰਾਂ ਵਿਚ ਨਵਜੋਤ ਸਿੱਧੂ ਸਭ ਤੋਂ ਮੋਹਰੀ ਹਨ ਅਤੇ ਕੈਪਟਨ ਤੋਂ ਬਾਅਦ ਪੰਜਾਬ ਤੇ ਦੇਸ਼ ਦੀ ਸਿਆਸਤ ਵਿਚ ਆਪਣਾ ਵੱਡਾ ਅਸਰ ਰਸੂਖ ਰੱਖਦੇ ਹਨ, ਪਰ ਕੈਪਟਨ ਵੱਲੋਂ ਕੀਤੇ ਐਲਾਨ ਨੇ ਇਨ੍ਹਾਂ ਦੇ ਚਿਹਰੇ ਮਸੋਸ ਦਿੱਤੇ ਹਨ।

ਉਧਰ ਕੁੱਝ ਆਗੂਆਂ ਤੇ ਮੰਤਰੀਆਂ ਦਾ ਮੰਨਣਾ ਹੈ ਕਿ ਗੁਰਦਾਸਪੁਰ ਵਿਖੇ ਜਾਖੜ ਨੂੰ ਸੰਨੀ ਦਿਓਲ ਵਲੋਂ ਦਿੱਤੀ ਜਾ ਰਹੀ ਚੁਣੌਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਆਪਣੀ ਸਿਆਸੀ ਰਣਨੀਤੀ ਦੇ ਤਹਿਤ ਇਕ ਨਵਾਂ ਪੱਤਾ ਖੇਡਿਆ ਹੈ। ਇਸ ਨਾਲ ਗੁਰਦਾਸਪੁਰ ਦੇ ਵੋਟਰਾਂ ਦੀ ਜਾਖੜ 'ਚ ਦਿਲਚਸਪੀ ਵੱਧ ਸਕਦੀ ਹੈ। ਕੁੱਝ ਆਗੂਆਂ ਦਾ ਕਹਿਣਾ ਹੈ ਕਿ ਕੈਪਟਨ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲਾਉਣ ਦਾ ਯਤਨ ਕੀਤਾ ਹੈ। ਇਸ ਨਾਲ ਜਿੱਥੇ ਇਕ ਪਾਸੇ ਜਾਖੜ ਨੂੰ ਮੌਜੂਦਾ ਚੋਣ 'ਚ ਇਸ ਨਾਲ ਫਾਇਦਾ ਹੋਵੇਗਾ, ਉਥੇ ਦੂਜੇ ਪਾਸੇ ਭਵਿੱਖ ਵਿਚ ਆਪਣੇ ਆਪ ਨੂੰ ਮੁੱਖ ਮੰਤਰੀ ਵਜੋਂ ਦੇਖ ਰਹੇ ਨਵਜੋਤ ਸਿੱਧੂ ਤੇ ਕੁੱਝ ਹੋਰ ਆਗੂਆਂ ਦੇ ਦਾਅਵੇ ਕਮਜ਼ੋਰ ਹੋਣਗੇ।