ਜਾਖੜ ਨੇ ਸੰਨੀ ਦਿਓਲ ਨੂੰ ਕੀਤਾ ਸਵਾਲ, ਜੇ ਹਾਰ ਗਏ ਫਿਰ ਵੀ ਰਹੋਗੇ ਗੁਰਦਾਸਪੁਰ 'ਚ ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਸੰਨੀ ਦਿਓਲ ਨੂੰ ਸਵਾਲ ਕੀਤਾ ਕਿ ਜੇ ਉਹ ਹਾਰ ਗਏ ਤਾਂ ਫਿਰ ਵੀ ਉਹ ਗੁਰਦਾਸਪੁਰ ਵਿਚ ਰਹਿਣਗੇ?

Sunil Jakhar

 ਗੁਰਦਾਸਪੁਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਪਣੇ ਵਿਰੋਧੀ ਭਾਜਪਾ ਦੇ ਉਮੀਦਵਾਰ ਅਤੇ ਫਿਲਮੀ ਐਕਟਰ ਸੰਨੀ ਦਿਓਲ ਨੂੰ ਸਵਾਲ ਕੀਤਾ ਕਿ ਜੇਕਰ ਉਹ ਚੋਣਾਂ ਹਾਰ ਗਏ ਤਾਂ ਕੀ ਫਿਰ ਵੀ ਉਹ ਗੁਰਦਾਸਪੁਰ ਵਿਚ ਰਹਿਣਗੇ? ਸੰਨੀ ਦਿਓਲ ਵੱਲੋਂ ਦਿੱਤੇ ਗਏ ਬਿਆਨ ਜਿਸ ਵਿਚ ਉਹਨਾਂ ਕਿਹਾ ਸੀ ਕਿ ਜੇਕਰ ਉਹ ਜਿੱਤ ਜਾਂਦੇ ਹਨ ਤਾਂ ਵਚਨ ਦਿੰਦੇ ਹਨ ਕਿ ਗੁਰਦਾਸਪੁਰ ਦੇ ਵਿਕਾਸ ਦੇ ਪ੍ਰੋਗਰਾਮ ਉਲੀਕਣਗੇ, ਦਾ ਜਾਖੜ ਨੇ ਪ੍ਰਤੀਕਰਮ ਦਿੰਦਿਆਂ ਸੰਨੀ ਦਿਓਲ ਨੂੰ ਸਵਾਲ ਕੀਤਾ ਕਿ ਜੇਕਰ ਤੁਸੀਂ ਹਾਰ ਗਏ ਤਾਂ ਕੀ ਫਿਰ ਵੀ ਤੁਸੀਂ ਇੱਥੇ ਰਹੋਗੇ? 

ਜਾਖੜ ਨੇ ਕਿਹਾ ਕਿ ਚੋਣਾਂ ਵਿਚ ਕੋਈ ਵੀ ਇਹ ਮੰਨ ਕੇ ਨਹੀਂ ਚੱਲ ਸਕਦਾ ਕਿ ਲੋਕ ਉਸ ਨੂੰ ਜਿਤਾ ਹੀ ਦੇਣਗੇ, ਬਲਕਿ ਉਸ ਲਈ ਵੋਟਾਂ ਦੀ ਗਿਣਤੀ ਦਾ ਇੰਤਜ਼ਾਰ ਕਰਨਾ ਪੈਂਦਾ ਹੈ। ਜਾਖੜ ਨੇ ਕਿਹਾ ਕਿ ਕੋਈ ਵੀ ਉਮੀਦਵਾਰ ਕੇਵਲ ਇਸ ਆਧਾਰ ਤੇ ਆਪਣੇ ਪ੍ਰੋਗਰਾਮ ਨਹੀਂ ਉਲੀਕ ਸਕਦਾ ਕਿ ਜੇਕਰ ਉਹ ਜਿੱਤੇਗਾ ਤਾਂ ਹਲਕੇ ਵਿਚ ਵਿਕਾਸ ਦੇ ਕਾਰਜ ਕਰੇਗਾ ਬਲਕਿ ਇਸ ਲਈ ਲੋਕਾਂ ਵਿਚ ਸਮਰਪਿਤ ਹੋਣਾ ਪੈਂਦਾ ਹੈ। ਜਾਖੜ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਲੋਕਾਂ ਨੂੰ ਆਪਣੇ ਜਿੱਤਣ ਤੋਂ ਬਾਅਦ ਦੇ ਪ੍ਰੋਗਰਾਮ ਤਾਂ ਦੱਸ ਰਹੇ ਹਨ, ਪਰ ਜ਼ਮੀਨੀ ਹਕੀਕਤ ਹੈ ਕਿ ਉਨ੍ਹਾਂ ਦੀ ਜਿੱਤ ਦੇ ਇੱਥੇ ਆਸਾਰ ਨਹੀਂ ਦਿਖ ਰਹੇ।

ਇਸ ਕਰਕੇ ਕੀ ਉਹ ਵਚਨ ਦੇਣਗੇ ਕਿ ਜੇਕਰ ਲੋਕਾਂ ਨੇ ਉਨ੍ਹਾਂ ਨੂੰ ਇੱਥੋਂ ਸੰਸਦ ਵਿਚ ਜਾਣ ਲਈ ਫਤਵਾ ਨਾ ਦਿੱਤਾ ਤਾਂ ਵੀ ਉਹ ਇਥੇ ਰਹਿਣਗੇ। ਪੰਜਾਬ ਕਾਂਗਰਸ ਪ੍ਰਧਾਨ ਨੇ ਦਿਓਲ ਦੇ ਅਕਸਰ ਗੈਰ ਹਾਜ਼ਰ ਰਹਿਣ ਤੇ ਵਿਅੰਗ ਕੱਸਦਿਆਂ ਕਿਹਾ ਕਿ ਮੈਂ ਕਦੇ ਅਜਿਹਾ ਬਾਹਰੋਂ ਲਿਆਂਦਾ ਉਮੀਦਵਾਰ ਨਹੀਂ ਦੇਖਿਆ ਜੋ ਆਪਣਾ ਕੈਂਪੇਨ ਨਾ ਕਰਕੇ ਦੂਜਿਆਂ ਦਾ ਕੈਂਪੇਨ ਕਰਦਾ ਫਿਰ ਰਿਹਾ ਹੈ ਅਤੇ ਅਕਸਰ ਹੀ ਆਪਣੀਆਂ ਕੈਂਪੇਨ ਮੀਟਿੰਗਾਂ ਤੋਂ ਵੀ ਖੁੰਝ ਜਾਂਦਾ ਹੈ। ਜਾਖੜ ਨੇ ਦਾਅਵਾ ਕੀਤਾ ਕਿ ਭਾਜਪਾ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਸੰਨੀ ਦਿਓਲ ਬਾਰੇ ਲੋਕਾਂ ਨੂੰ ਜ਼ਿਆਦਾ ਨਾ ਪਤਾ ਲੱਗ ਸਕੇ ਨਹੀਂ ਤਾਂ ਉਸਦੀ ਸਿਆਸੀ ਅਗਿਆਨਤਾ ਅਤੇ ਨਾਸਮਝੀ ਬਾਰੇ ਲੋਕਾਂ ਅੱਗੇ ਪੋਲ ਖੁੱਲ ਜਾਏਗੀ ਅਤੇ ਲੋਕਾਂ ਨੂੰ ਭਾਜਪਾ ਦੇ ਧੋਖੇ ਦਾ ਪਤਾ ਲੱਗ ਜਾਵੇਗਾ।

ਜਾਖੜ ਨੇ ਕਿਹਾ ਕਿ ਸੰਨੀ ਦਿਓਲ ਦੀ ਅਗਿਆਨਤਾ ਦਾ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਉਸ ਨੂੰ ਬੇਹੱਦ ਜ਼ਰੂਰੀ ਬਾਲਾਕੋਟ ਸਟ੍ਰਾਈਕ ਬਾਰੇ ਵੀ ਨਹੀਂ ਪਤਾ ਸੀ ਜਦੋਂ ਕਿ ਪੂਰੇ ਦੇਸ਼ ਵਿਚ ਸ਼ਾਇਦ ਹੀ ਕੋਈ ਅਜਿਹਾ ਇਨਸਾਨ ਹੋਵੇਗਾ ਜਿਸਨੂੰ ਬਾਲਾਕੋਟ ਬਾਰੇ ਨਾ ਪਤਾ ਹੋਵੇ। ਪਰ ਇੱਥੇ ਇਕ ਅਜਿਹਾ ਉਮੀਦਵਾਰ ਮੈਂਬਰ ਸਾਂਸਦ ਬਣਨ ਆਇਆ ਹੈ ਜਿਸ ਨੂੰ ਉਸ ਬਾਲਾਕੋਟ ਤੱਕ ਬਾਰੇ ਨਹੀਂ ਪਤਾ ਜਿਸ ਨੂੰ ਲੈ ਕੇ ਉਸਦੀ ਪਾਰਟੀ ਨੇ ਖੂਬ ਹੱਲਾ ਮਚਾਇਆ ਅਤੇ ਵਾਹਵਾਹੀ ਖੱਟਣ ਦੀ ਕੋਸ਼ਿਸ਼ ਕੀਤੀ ਹੈ।