ਸਰਹਿੰਦ ਫਤਹਿ ਦਿਵਸ ਮੌਕੇ ਨੂਰਪੁਰ ਬੇਦੀ ਦੇ ਪਿੰਡ ਅਬਿਆਣਾ ਵਿਖੇ ਵਿਸ਼ਾਲ ਕਿਸਾਨ ਕਾਨਫ਼ਰੰਸ ਦਾ ਆਯੋਜਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨੂਰਪੁਰ ਬੇਦੀ ਨੇੜਲੇ ਪਿੰਡ ਅਬਿਆਣਾ ਵਿਖੇ  ਸੰਯੁਕਤ ਕਿਸਾਨ ਮੋਰਚਾ ਦੀ ਸਥਾਨਕ ਇਕਾਈ ਵੱਲੋਂ ਵਿਸ਼ਾਲ ਕਿਸਾਨ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ।

Kisan Conference

ਨੂਰਪੁਰ ਬੇਦੀ (ਸੰਦੀਪ ਸ਼ਰਮਾ): ਸਰਹਿੰਦ ਫਤਹਿ ਦਿਵਸ ਮੌਕੇ ਅੱਜ ਸ੍ਰੀ ਆਨੰਦਪੁਰ ਸਾਹਿਬ ਦੇ ਬਲਾਕ ਨੂਰਪੁਰ ਬੇਦੀ ਨੇੜਲੇ ਪਿੰਡ ਅਬਿਆਣਾ ਵਿਖੇ  ਸੰਯੁਕਤ ਕਿਸਾਨ ਮੋਰਚਾ ਦੀ ਸਥਾਨਕ ਇਕਾਈ ਵੱਲੋਂ ਵਿਸ਼ਾਲ ਕਿਸਾਨ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿਚ ਕਿਸਾਨ ਬੀਬੀਆਂ, ਬੱਚਿਆਂ ਅਤੇ ਬਜ਼ੁਰਗਾਂ ਨੇ ਕਾਨਫਰੰਸ ਵਿਚ ਹਾਜ਼ਰੀ ਭਰੀ ਅਤੇ ਕਿਸਾਨ ਆਗੂਆਂ ਦੇ ਵਿਚਾਰ ਸੁਣੇ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਬੇਟੇ ਗੌਰਵ ਟਿਕੈਤ ਨੇ ਵੀ ਸ਼ਮੂਲੀਅਤ ਕੀਤੀ।

ਇਸ ਤੋਂ ਇਲਾਵਾ ਸਥਾਨਕ ਪੰਜਾਬੀ ਲੋਕ ਗਾਇਕ ਪੰਮਾ ਡੂੰਮੇਵਾਲ ਵੱਲੋਂ ਆਪਣੇ ਫ਼ਨ ਦਾ ਮੁਜ਼ਾਹਰਾ ਵੀ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇਸ ਖੇਤਰ ਦੇ ਨਜ਼ਦੀਕੀ ਪਿੰਡ  ਚਹਿੜ ਮਜਾਰਾ ਵਿਖੇ ਵੀ ਕਿਸਾਨ ਕਾਨਫ਼ਰੰਸ ਕੀਤੀ ਗਈ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦਿਆਂ 23 ਲੋਕਾਂ ਖਿਲਾਫ਼ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਵਿਚੋਂ ਲੋਕ ਗਾਇਕ ਪੰਮਾ ਡੂਮੇਵਾਲ ਦਾ ਨਾਂਅ ਵੀ ਸ਼ਾਮਲ ਸੀ।  

ਕਾਨਫ਼ਰੰਸ ਵਿਚ ਪਹੁੰਚੇ ਕਿਸਾਨੀ ਆਗੂਆਂ ਨੇ ਕਿਹਾ ਕਿ ਸਰਕਾਰਾਂ ਦਮਨਕਾਰੀ ਨੀਤੀਆਂ ਅਪਣਾ ਕੇ ਕਿਸਾਨਾਂ ਅਤੇ ਕਿਸਾਨੀ ਨੂੰ ਖਤਮ ਕਰਨਾ ਚਾਹੁੰਦੀਆਂ ਹਨ ਪਰ ਕਿਸਾਨ ਜਿਸ ਜਜ਼ਬੇ ਨਾਲ ਦਿੱਲੀ ਵਿਚ ਬੈਠੇ ਹੋਏ ਹਨ ਉਹ ਇੱਥੋਂ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਹੀ ਉੱਠਣਗੇ । ਉਹਨਾਂ ਕਿਹਾ ਕਿ ਬੰਗਾਲ ਸਮੇਤ ਦੇਸ਼ ਦੇ ਵੱਖ ਵੱਖ ਰਾਜਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਕਿਸਾਨੀ ਕਾਨੂੰਨਾਂ ਕਰਕੇ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਜੇਕਰ ਇਹੀ ਹਾਲਾਤ ਰਹੇ ਤਾਂ 2022 ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੂੰ ਵੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਕਿਹਾ ਕਿ ਪੰਜਾਬ ਵਿਚ ਕਿਸਾਨਾਂ ’ਤੇ ਕੀਤੇ ਜਾ ਰਹੇ ਪਰਚੇ ਨਿੰਦਣਯੋਗ ਹੈ।

ਇਸ ਤੋਂ ਇਲਾਵਾ ਵੱਖ ਵੱਖ ਆਗੂਆਂ ਨੇ ਬੰਗਾਲ ਦੀ ਇਕ ਲੜਕੀ ਨਾਲ ਦਿੱਲੀ ਬਾਰਡਰ ’ਤੇ ਵਾਪਰੀ ਕਥਿਤ ਰੇਪ ਦੀ ਘਟਨਾ ਸਬੰਧੀ ਗੱਲ ਕਰਦਿਆਂ ਕਿਹਾ ਕਿ ਕੁਝ ਲੋਕ ਕਿਸਾਨੀ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।  ਉਹਨਾਂ ਕਿਹਾ ਕਿ ਬੰਗਾਲ ਦੀ ਲੜਕੀ ਨਾਲ ਜੋ ਹੋਇਆ ਉਸ ਦੀ ਨਿੰਦਾ ਕਰਨੀ ਬਣਦੀ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।