ਭਾਜਪਾ ਤੇ ਕਾਂਗਰਸ ਵਲੋਂ ਸਿਆਸੀ ਸਰਗਰਮੀਆਂ ਤੇਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਉਂਦੀਆਂ ਲੋਕ ਸਭਾ ਚੋਣਾਂ-2019 ਨੂੰ ਵੇਖਦਿਆਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਕਮੇਟੀ ਚੰਡੀਗੜ੍ਹ ਵਲੋਂ ਆਪੋ-ਅਪਣੀਆਂ ਸਿਆਸੀ ......

MP Kiran Kher

ਚੰਡੀਗੜ੍ਹ,  : ਆਉਂਦੀਆਂ ਲੋਕ ਸਭਾ ਚੋਣਾਂ-2019 ਨੂੰ ਵੇਖਦਿਆਂ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਕਮੇਟੀ ਚੰਡੀਗੜ੍ਹ ਵਲੋਂ ਆਪੋ-ਅਪਣੀਆਂ ਸਿਆਸੀ ਸਰਗਰਮੀਆਂ ਸ਼ਹਿਰ ਵਿਚ ਵਧਾ ਦਿਤੀਆਂ ਹਨ। ਭਾਜਪਾ ਸੰਸਦ ਮੈਂਬਰ ਕਿਰਨ ਖੇਰ ਮੋਦੀ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਤਕ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਰਹੀ ਜਿਸ ਸਦਕਾ ਭਾਜਪਾ ਕੋਲ ਸ਼ਹਿਰ ਦੇ ਵੋਟਰਾਂ ਕੋਲੋਂ ਅਪਣਾ ਪੱਲਾ ਬਚਾਉਣ ਲਈ ਕੁੱਝ ਵੀ ਨਹੀਂ ਬਚਦਾ ਜਦਕਿ ਕਾਂਗਰਸ ਨੂੰ ਭਾਜਪਾ ਦੀਆਂ ਸਿਆਸੀ ਕਮਜ਼ੋਰੀਆਂ ਦਾ ਲਾਹਾ ਲੈਣ ਦਾ ਪੂਰਾ-ਪੂਰਾ ਲਾਭ ਮਿਲ ਸਕਦਾ ਹੈ।

ਕਾਂਗਰਸ ਦੇ ਸੀਨੀਅਰ ਨੇਤਾ ਪਵਨ ਕੁਮਾਰ ਬਾਂਸਲ ਲਗਾਤਾਰ ਚੰਡੀਗੜ੍ਹ ਤੋਂ ਬਤੌਰ ਸੰਸਦ ਮੈਂਬਰ ਚੁਣੇ ਜਾਂਦੇ ਰਹੇ ਹਨ, ਇਸ ਲਈ ਕਾਂਗਰਸ ਵਲੋਂ ਵੀ ਪਿੰਡਾਂ ਤੇ ਕਾਲੋਨੀਆਂ ਵਿਚ ਸਿਆਸੀ ਸਰਗਰਮੀਆਂ ਵਿੱਢ ਦਿਤੀਆਂ ਹਨ ਜਿਸ ਦਾ ਲੋਕਾਂ ਵਲੋਂ ਭਰਵਾਂ ਹੁੰਗਾਰਾ ਵੀ ਮਿਲ ਰਿਹਾ ਹੈ।  ਸੰਸਦ ਮੈਂਬਰ ਕਿਰਨ ਖੇਰ ਅਤੇ ਸ਼ਹਿਰ ਦੇ ਮੁੱਦੇ : ਸੰਸਦ ਮੈਂਬਰ ਕਿਰਨ ਖੇਰ ਨੇ ਸ਼ਹਿਰ ਵਾਸੀਆਂ ਨਾਲ ਸ਼ਹਿਰ ਦੇ ਵਿਕਾਸ ਲਈ 60 ਚੋਣ ਵਾਅਦੇ ਕੀਤੇ ਸਨ ਜਿਨ੍ਹਾਂ ਵਿਚ ਲੀਜ਼ ਹੋਲਡ ਜਾਇਦਾਦਾਂ ਨੂੰ ਫ਼ਰੀ ਹੋਲਡ ਕਰਨ, ਸਮਾਰਟ ਸਿਟੀ ਪ੍ਰਾਜੈਕਟ, ਹਾਊਸਿੰਗ ਬੋਰਡ ਦੇ ਫ਼ਲੈਟ ਮਾਲਕਾਂ ਨੂੰ ਵੰਨ ਟਾਈਮ ਰਿਲੀਫ਼ ਦੇਣਾ, ਕੁਲੈਕਟਰ ਰੇਟ ਘਟਾਉਣੇ,

ਬਿਨ ਛੱਤਾਂ ਤੋਂ ਰਹਿ ਰਹੇ ਲੋਕਾਂ ਨੂੰ ਸਸਤੇ ਫ਼ਲੈਟ ਦੇਣਾ, ਟਰਾਂਸਪੋਰਟ ਸਿਸਟਮ ਵਿਚ ਸੁਧਾਰ, ਆਈ.ਟੀ. ਪਾਰਕ ਦਾ ਵਿਸਥਾਰ, ਮਹਿੰਗਾਈ ਤੇ ਕੰਟਰੋਲ, ਡੀਜ਼ ਤੇ ਪਟਰੌਲ 'ਤੇ ਵੈਟ ਘਟਾਉਣਾ, ਸਰਕਾਰੀ ਮੁਲਾਜ਼ਮਾਂ ਦੀ ਹਾਊਸਿੰਗ ਸਕੀਮ ਸਮੇਤ ਸ਼ਹਿਰ ਦੇ ਦੁਕਾਨਦਾਰਾਂ ਤੇ ਵਪਾਰੀਆਂ ਅਤੇ ਨੌਜਵਾਨ ਵਰਗ ਨੂੰ ਚੰਡੀਗੜ੍ਹ ਵਿਚ ਵੱਧ ਤੋਂ ਵੱਧ ਨੌਕਰੀਆਂ ਤੇ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਆਦਿ ਸ਼ਮਿਲ ਹਨ।

ਪਰ ਕਿਰਨ ਖੇਰ ਦੀ ਢਿੱਲੀ ਸਿਆਸੀ ਸੂਝਬੂਝ ਸਦਕਾ ਸ਼ਹਿਰ ਵਾਸੀਆਂ 'ਚ ਡਾਹਢੀ ਨਿਰਾਸ਼ਾ ਅਤੇ ਗੁੱਸੇ ਦੀ ਲਹਿਰ ਚਲ ਰਹੀ ਹੈ ਜੋ ਆਉਂਦੀਆਂ ਲੋਕ ਸਭਾ ਚੋਣਾਂ 'ਚ ਕਿਰਨ ਖੇਰ ਦੀ ਮੁੜ ਉਮੀਦਵਾਰੀ 'ਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੀ ਹੈ, ਜਿਸ ਦਾ ਖਮਿਆਜ਼ਾ ਭਾਜਪਾ ਨੂੰ ਭੁਗਤਣਾ ਪਵੇਗਾ।  ਦੂਜੇ ਪਾਸੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਇਕ ਵਾਰ ਮੁੜ ਲੋਕ ਸਭਾ ਚੋਣਾਂ 2019 ਲਈ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ 'ਤੇ ਪੂਰਾ ਭਰੋਸਾ ਕੀਤੇ ਜਾਣ ਦੀ ਉਮੀਦ ਹੈ। ਪਾਰਟੀ ਸੂਤਰਾਂ ਅਨੁਸਾਰ ਬਾਂਸਲ ਹੀ ਲੋਕ ਸਭਾ ਚੋਣਾਂ ਲੜਨਗੇ ਜਦਕਿ ਵਿਰੋਧੀ ਧੜੇ ਮੁਨੀਸ਼ ਤਿਵਾੜੀ ਦੀ ਪੇਸ਼ ਨਹੀਂ ਜਾਣ ਲੱਗੀ।