ਨਵਜੋਤ ਸਿੱਧੂ ਨੂੰ ਨਵਾਂ ਵਿਭਾਗ ਮਿਲਣ ਦੇ ਬਾਵਜੂਦ ਵੀ ਕਮਰੇ ਬਾਹਰ ਲੱਗੀ ਪੁਰਾਣੀ ਨੇਮ ਪਲੇਟ

ਏਜੰਸੀ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਲੋਕਲ ਬਾਡੀਜ਼, ਟੂਰਿਜ਼ਮ ਦੇ ਸੱਭਿਆਚਾਰਕ...

Navjot Sidhu Office

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੂੰ ਲੋਕਲ ਬਾਡੀਜ਼, ਟੂਰਿਜ਼ਮ ਦੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗਾਂ ਦੀ ਥਾਂ ਦਿੱਤੇ ਗਏ ਬਿਜਲੀ ਮਹਿਕਮੇ ਦਾ ਚਾਰਜ ਲੈਣ ਬਾਰੇ ਹਾਲੇ ਵੀ ਅਨਿਸ਼ਚਿਤਤਾ ਦੀ ਸਥਿਤੀ ਬਰਕਰਾਰ ਹੈ। ਭਾਵੇਂ ਕਿ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਤੇ ਹਾਈਕਮਾਂਡ ਦੇ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਨਾਲ ਨਾਰਾਜ਼ਗੀ ਛੱਡ ਕੇ ਨਵੇਂ ਮਹਿਕਮੇ ਦਾ ਚਾਰਜ ਸੰਭਲਣ ਦੀ ਸਲਾਹ ਦਿੱਤੀ ਗਈ ਸੀ।

ਮੁੱਖ ਮੰਤਰੀ ਤੇ ਸਿੱਧੂ ਵਿਚਕਾਰ ਚੱਲ ਰਹੇ ਵਿਵਾਦ ਨੂੰ ਖ਼ਤਮ ਕਰਨ ਲਈ ਮੀਟਿੰਗ ਵਿਚ ਪਾਰਟੀ ਦੇ ਸੀਨੀਅਰ ਆਗੂ ਅਹਿਮਦ ਪਟੇਲ ਨੂੰ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਮਾਮਲਾ ਹੱਲ ਹੋਣ ਦੀ ਦਿਸ਼ਾ ਵੱਲ ਜਾਣ ਕਰਕੇ ਸਿੱਧੂ ਵੱਲੋਂ ਬਿਜਲੀ ਵਿਭਾਗ ਦਾ ਚਾਰਜ ਸੰਭਾਲੇ ਜਾਣ ਲਈ ਰਸਤਾ ਸਾਫ਼ ਹੋ ਚੁੱਕਿਆ ਹੈ ਪਰ ਰਾਹੁਲ ਨਾਲ ਮੀਟਿੰਗ ਤੋਂ ਬਾਅਦ ਵੀ ਸਿੱਧੂ ਵੱਲੋਂ ਨਵੇਂ ਵਿਭਾਗ ਦਾ ਚਾਰਜ ਸੰਭਾਲਣ ਨੂੰ ਲੈ ਕੇ ਸਥਿਤੀ ਫਿਲਹਾਲ ਸਪੱਸ਼ਟ ਨਹੀਂ ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਵੱਲੋਂ ਜਿਨ੍ਹਾਂ ਹੋਰ ਮੰਤਰੀਆਂ ਦੇ ਵਿਭਾਗ ਤਬਦੀਲ ਕੀਤੇ ਗਏ ਹਨ, ਉਹ ਅਪਣੇ ਨਵੇਂ ਵਿਭਾਗਾਂ ਦਾ ਚਾਰਜ ਸੰਭਾਲ ਚੁੱਕੇ ਹਨ।

ਪੰਜਾਬ ਸਕੱਤਰੇਤ ਵਿਚ ਸਥਿਤ ਨਵਜੋਤ ਸਿੱਧੂ ਦੇ ਦਫ਼ਤਰ ਦੇ ਮੁੱਖ ਦਰਵਾਜ਼ੇ ‘ਤੇ ਹਾਲੇ ਵੀ ਸਿੱਧੂ ਦੇ ਪੁਰਾਣੇ ਵਿਭਾਗਾਂ ਵਾਲੀ ਨੇਮ ਪਲੇਟ ਲੱਗੀ ਹੋਈ ਹੈ ਜਦਕਿ ਹੋਰ ਮੰਤਰੀਆਂ ਦੇ ਨਵੇਂ ਵਿਭਾਗਾਂ ਦੀਆਂ ਨੇਮ ਪਲੇਟਾਂ ਲਿਖਵਾਈਆਂ ਜਾ ਰਹੀਆਂ ਹਨ। ਸਿੱਧੂ ਦਿੱਲੀ ਮੀਟਿੰਗ ਤੋਂ ਬਾਅਦ ਹਾਲੇ ਚੰਡੀਗੜ੍ਹ ਵੀ ਨਹੀਂ ਪਰਤੇ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਦਿੱਲੀ ਤੋਂ ਸਿੱਧੇ ਹੀ ਬੀਤੇ ਦਿਨੀਂ ਪਹਾੜੀ ਏਰੀਏ ਵਿਚ ਕੁਝ ਦਿਨ ਆਰਾਮ ਕਰਨ ਲਈ ਚਲੇ ਗਏ ਹਨ। ਉਨ੍ਹਾਂ ਦੇ ਇਕ-ਦੋ ਦਿਨ ਬਾਅਦ ਹੀ ਵਾਪਸ ਪਰਤਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਣ ਦੀ ਉਮੀਦ ਹੈ।

ਇਹ ਵੀ ਪਤਾ ਲੱਗਿਆ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਅਹਿਮਦ ਪਟੇਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਵਿਚਾਕਰ ਪੈਦਾ ਟਕਰਾਅ ਨੂੰ ਖ਼ਤਮ ਕਰਨ ਲਈ ਇਸੇ ਹਫ਼ਤੇ ਮੀਟਿੰਗ ਕਰਵਾਉਣਗੇ। ਇਸ ਤੋਂ ਬਾਅਦ ਨਵੇਂ ਵਿਭਾਗ ਦਾ ਚਾਰਜ ਸੰਭਾਲ ਸਕਦੇ ਹਨ।