ਨਵਜੋਤ ਸਿੱਧੂ ਨੇ ਇਕ ਹੋਰ ਸ਼ਾਇਰਾਨਾ ਟਵੀਟ ਨਾਲ ਵਿਰੋਧੀਆਂ 'ਤੇ ਨਿਸ਼ਾਨਾ ਸਾਧਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਵਜੋਤ ਸਿੱਧੂ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫ਼ਰੰਸ ਕਰ ਕੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਸਨ

Navjot Singh Sidhu

ਚੰਡੀਗੜ੍ਹ : ਦੇਸ਼ 'ਚ ਲੋਕ ਸਭਾ ਚੋਣਾਂ ਵਿਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਮਗਰੋਂ ਜਿੱਥੇ ਪਾਰਟੀ ਆਪਣੀ ਹਾਰ ਦੇ ਕਾਰਨਾਂ 'ਤੇ ਵਿਚਾਰ ਕਰ ਰਹੀ ਹੈ, ਉਧਰ ਨਵਜੋਤ ਸਿੰਘ ਸਿੱਧੂ ਆਪਣੀ ਸ਼ੇਅਰੋ-ਸ਼ਾਇਰੀ ਵਾਲੇ ਟਵੀਟਾਂ ਨਾਲ ਆਪਣੇ ਵਿਰੋਧੀਆਂ 'ਤੇ ਲਗਾਤਾਰ ਨਿਸ਼ਾਨੇ ਲਗਾ ਰਹੇ ਹਨ। ਅੱਜ ਫਿਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵਿਟਰ ਪੇਜ਼ 'ਤੇ ਇਕ ਨਵਾਂ ਟਵੀਟ ਪੋਸਟ ਕੀਤਾ।

ਨਵਜੋਤ ਸਿੱਧੂ ਨੇ ਟਵੀਟ 'ਚ ਲਿਖਿਆ ਹੈ, "ਪਰਿੰਦਿਆਂ ਨੂੰ ਮੰਜ਼ਿਲ ਮਿਲੇਗੀ ਹਮੇਸ਼ਾ, ਇਹ ਫੈਲੇ ਹੋਏ ਉਨ੍ਹਾਂ ਦੇ ਪੰਖ ਬੋਲਦੇ ਨੇ, ਉਹੀ ਲੋਕ ਰਹਿੰਦੇ ਨੇ ਖਾਮੋਸ਼ ਅਕਸਰ, ਜ਼ਮਾਨੇ 'ਚ ਜਿਨ੍ਹਾਂ ਦੇ ਹੁਨਰ ਬੋਲਦੇ ਨੇ।" ਸਿੱਧੂ ਇਸ ਸ਼ੇਅਰ ਨਾਲ ਸ਼ਾਇਦ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਆਪਣੀ ਮੰਜ਼ਲ ਜ਼ਰੂਰ ਮਿਲੇਗੀ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਚੰਡੀਗੜ੍ਹ 'ਚ ਪ੍ਰੈਸ ਕਾਨਫ਼ਰੰਸ ਕਰ ਕੇ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕੇ ਸਨ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ 'ਚ ਹੀ ਮੇਅਰ ਬਣਾ ਦਿੱਤਾ ਜਾਂਦੇ ਹਨ ਪਰ ਉਨ੍ਹਾਂ ਨੂੰ ਪੁੱਛਿਆ ਤੱਕ ਨਹੀਂ ਜਾਂਦਾ। ਉਨ੍ਹਾਂ ਦੀ ਸਿਰਫ਼ ਇੰਨੀ ਕੁ ਕੋਸ਼ਿਸ਼ ਹੈ ਕਿ ਸਰਕਾਰੀ ਪੈਸਾ ਸਰਕਾਰੀ ਖ਼ਜ਼ਾਨੇ 'ਚ ਹੀ ਜਾਣਾ ਚਾਹੀਦਾ ਹੈ ਅਤੇ ਇਸ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ।

ਦੱਸ ਦੇਈਏ ਕਿ ਬੀਤੇ ਦਿਨ ਟਵੀਟ 'ਚ ਸਿੱਧੂ ਨੇ ਲਿਖਿਆ ਸੀ, "ਹਮੇਂ ਮੁਜ਼ਰਿਮ ਨਾ ਯੂੰ ਸਮਝਨਾ, ਬੜਾ ਅਫ਼ਸੋਸ ਹੋਤਾ ਹੈ...।" ਉਸ ਤੋਂ ਪਿਛਲੇ ਦਿਨ ਵੀ ਕੀਤੇ ਟਵੀਟ 'ਚ ਲਿਖਿਆ ਸੀ - "ਜ਼ਿੰਦਗੀ ਆਪਣੇ ਦਮ 'ਤੇ ਜੀ ਜਾਂਦੀ ਹੈ, ਦੂਜਿਆਂ ਦੇ ਮੋਢੇ 'ਤੇ ਤਾਂ ਜਨਾਜ਼ੇ ਉੱਠਿਆ ਕਰਦੇ ਹਨ।"