ਇਸ ਸ਼ਖਸ ਨੇ ਸਿਰਫ 15 ਮਿੰਟਾਂ 'ਚ ਫ਼ਤਿਹਵੀਰ ਨੂੰ ਕੱਢਿਆ ਸੀ ਬਾਹਰ

ਏਜੰਸੀ

ਖ਼ਬਰਾਂ, ਪੰਜਾਬ

ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ ਫ਼ਤਿਹਵੀਰ 30 ਘੰਟੇ ਜਿਉਂਦਾ ਰਿਹਾ ਤੇ ਮਦਦ ਦੀ ਉਡੀਕ ਕਰਦਾ ਰਿਹਾ।

gurinder singh giddi played a key role in removing fatehvir

ਸੰਗਰੂਰ : ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 150 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਾ ਫ਼ਤਿਹਵੀਰ 30 ਘੰਟੇ ਜਿਉਂਦਾ ਰਿਹਾ ਤੇ ਮਦਦ ਦੀ ਉਡੀਕ ਕਰਦਾ ਰਿਹਾ। ਇਹ ਖੁਲਾਸਾ ਪੋਸਟਮਾਰਟਮ ਰਿਪੋਰਟ ਵਿਚ ਹੋਇਆ ਹੈ ਪਰ ਪ੍ਰਸ਼ਾਸਨ ਦੀ ਨਾਲਾਇਕੀ ਉਸ ਦੀ ਜ਼ਿੰਦਗੀ ਉਤੇ ਭਾਰੀ ਪੈ ਗਈ। ਪਿੰਡ ਮੰਗਵਾਲ ਦੇ ਗੁਰਿੰਦਰ ਸਿੰਘ ਦੀ ਫ਼ਤਿਹਵੀਰ ਨੂੰ ਕੱਢਣ ਵਿੱਚ ਅਹਿਮ ਭੂਮਿਕਾ ਹੈ। 35 ਸਾਲਾਂ ਗੁਰਿੰਦਰ ਨੇ ਦੱਸਿਆ ਹੈ ਕਿ ਉਹ 1998 ਤੋਂ ਸਬਮਰਸੀਬਲ ਮੋਟਰਾਂ ਦਾ ਕੰਮ ਕਰ ਰਿਹਾ ਹੈ।

ਉਸ ਨੇ ਕੀਤਾ ਸੀ ਕਿ 7 ਜੂਨ ਦੀ ਸਵੇਰ ਹੀ ਅਧਿਕਾਰੀਆਂ ਨੂੰ ਕਿਹਾ ਸੀ ਕਿ ਉਹ ਇਹ ਕੰਮ ਦੋ ਘੰਟੇ ਵਿੱਚ ਕਰ ਸਕਦਾ ਹੈ ਪ੍ਰੰਤੂ ਅਣਦੇਖੀ ਕੀਤੀ ਗਈ। ਪ੍ਰਸ਼ਾਸਨ ਨੇ ਜੇਕਰ ਸਬਮਰਸੀਬਲ ਮੋਟਰਾਂ ਦਾ ਕੰਮ ਕਰਨ ਵਾਲੇ ਗੁਰਿੰਦਰ ਸਿੰਘ ਦੀ ਗੱਲ ਮੰਨ ਲਈ ਹੁੰਦੀ ਤਾਂ ਇਹ ਦੋ ਸਾਲਾ ਬੱਚਾ ਅੱਜ ਜਿਉਂਦਾ ਹੁੰਦਾ ਪਰ ਫਿਰ ਵੀ ਗੁਰਿੰਦਰ ਨੇ ਹਿੰਮਤ ਨਾ ਹਾਰੀ ਤੇ ਉਹ ਘਟਨਾ ਵਾਲੀ ਥਾਂ ਦੇ ਨੇੜੇ ਹੀ ਘੁੰਮਦਾ ਰਿਹਾ ਤੇ ਬਚਾਅ ਕੰਮ ਕਰ ਰਹੀ ਟੀਮ ਵੱਲੋਂ ਬਣਾਈ ਸੀਸੀਟੀਵੀ ਫੁਟੇਜ਼ ਉਤੇ ਨਜ਼ਰ ਰੱਖਦਾ ਰਿਹਾ।

ਅਸਲ ਵਿਚ ਗੁਰਿੰਦਰ ਸਾਰੀ ਘਟਨਾ ਸਮਝ ਗਿਆ ਸੀ ਕਿ ਜਦੋਂ ਬੱਚਾ ਡਿੱਗਾ ਤਾਂ ਪਾਈਪ ਉਤੇ ਬੋਰੀ ਪਈ ਹੋਈ ਸੀ। ਜਦੋਂ ਬੱਚਾ ਘੁੰਮਦਾ ਹੋਇਆ ਡਿੱਗਾ ਤਾਂ ਉਹ ਬੋਰੀ ਵਿਚ ਲਪੇਟਿਆ ਗਿਆ। ਜਦੋਂ ਫਤਿਹਵੀਰ ਦੇ ਜਨਮ ਦਿਨ ਵਾਲੇ ਦਿਨ 10 ਜੂਨ ਨੂੰ ਪ੍ਰਸ਼ਾਸਨ ਥੱਕ ਹਾਰ ਕੇ ਅਗਲੀ ਰਣਨੀਤੀ ਬਾਰੇ ਰਾਤ ਢਾਈ ਵਜੇ ਮੀਟਿੰਗ ਕਰ ਰਿਹਾ ਸੀ ਤਾਂ ਡੀਸੀ ਸੰਗਰੂਰ ਦੇ ਗੰਨਮੈਨ ਨੇ ਗੁਰਿੰਦਰ ਬਾਰੇ ਦੱਸਿਆ, ਕਿਉਂਕਿ ਇਹੀ ਸ਼ਖ਼ਸ ਡੀਸੀ ਦੇ ਘਰ ਕੁਝ ਦਿਨ ਪਹਿਲਾਂ ਮੋਟਰ ਠੀਕ ਕਰ ਆਇਆ ਸੀ। ਜਦੋਂ ਪ੍ਰਸ਼ਾਸਨ ਨੂੰ ਕੋਈ ਰਾਹ ਨਾ ਲੱਭਾ ਤਾਂ ਉਸ ਨੇ ਗੁਰਿੰਦਰ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ।

ਗੁਰਿੰਦਰ ਨੇ ਕੁਝ ਹੀ ਸਮੇਂ ਵਿਚ ਇਕ ਔਜ਼ਾਰ ਤਿਆਰ ਕਰ ਲਿਆ ਤੇ ਪਾਈਪ ਦੇ ਅੱਗੇ ਉਸ ਔਜ਼ਾਰ ਨੂੰ ਫਿਟ ਕਰ ਕੇ ਉਸੇ ਬੋਰ ਵਿਚ ਭੇਜਿਆ ਜਿਥੇ ਬੱਚਾ ਡਿੱਗਾ ਸੀ। ਜਦੋਂ ਇਸ ਵਰਮੇ ਵਰਗੇ ਔਜ਼ਾਰ ਨੂੰ ਘੁਮਾਇਆ ਗਿਆ ਤਾਂ ਜਿਸ ਬੋਰੀ ਵਿਚ ਬੱਚਾ ਲਪੇਟਿਆ ਸੀ, ਉਹ ਖੁੱਲ ਗਈ ਤੇ ਬੱਚਾ ਆਜ਼ਾਦ ਹੋ ਗਿਆ। ਜਿਸ ਤੋਂ ਬਾਅਦ ਫਤਿਹਵੀਰ ਦੇ ਸਰੀਰ ਨੂੰ ਬਾਹਰ ਖਿੱਚ ਲਿਆ। ਇਸ ਕੰਮ ਵਿਚ ਸਿਰਫ਼ 15 ਮਿੰਟ ਲੱਗੇ। ਹੁਣ ਸਵਾਲ ਉੱਠ ਰਹੇ ਹਨ ਕਿ ਜੇਕਰ ਪ੍ਰਸ਼ਾਸਨ ਨੇ ਗੁਰਿੰਦਰ ਦੀ ਗੱਲ ਮੰਨੀ ਹੁੰਦੀ ਤਾਂ ਉਹ ਬੱਚਾ ਜਿਉਂਦਾ ਹੁੰਦਾ।