ਪਿਤਾ ਨੂੰ ਉਠਾ ਰਹੀ ਬੱਚੀ ਦੀ Video ਦੇਖਣ ਵਾਲੇ ਹਰ ਬੰਦੇ ਦੀਆਂ ਅੱਖਾਂ 'ਚ ਆ ਜਾਣਗੇ ਹੰਝੂ

ਏਜੰਸੀ

ਖ਼ਬਰਾਂ, ਪੰਜਾਬ

ਪਰਿਵਾਰ ਮੁਤਾਬਕ ਉਹ ਕਰੀਬ ਇਕ ਘੰਟਾ ਸੜਕ ਤੇ ਰੋਂਦੇ-ਕੁਰਲਾਉਂਦੇ ਰਹੇ...

Ludhiana Punjab Government of Punjab Video Viral

ਲੁਧਿਆਣਾ: ਲੁਧਿਆਣਾ ਵਿਖੇ ਪੰਜਾਬ ਸਰਕਾਰ ਦੇ ਦਾਅਵੇ ਉਦੋਂ ਖੋਖਲੇ ਸਾਬਿਤ ਹੋਏ ਜਦੋਂ ਗਾਂਧੀ ਨਗਰ ਇਲਾਕੇ ਦੇ ਨੇੜੇ ਸਰਦਾਰ ਕਲੋਨੀ ਵਿਚ ਮਕਾਨ ਮਾਲਕ ਵੱਲੋਂ ਕਿਰਾਏ ਤੇ ਰਹਿ ਰਹੇ ਇਕ ਪ੍ਰਵਾਸੀ ਪਰਿਵਾਰ ਨੂੰ ਕਿਰਾਇਆ ਨਾ ਦੇਣ ਦੀ ਸੂਰਤ ਵਿਚ ਘਰੋਂ ਬਾਹਰ ਕੱਢ ਦਿੱਤਾ ਗਿਆ। ਜਿਸ ਤੋਂ ਬਾਅਦ ਪਰੇਸ਼ਾਨ ਹੋਏ ਪਰਵਾਸੀ ਨੌਜਵਾਨ ਨੇ ਕੀੜੇਮਾਰ ਦਵਾਈ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।

ਪਰਿਵਾਰ ਮੁਤਾਬਕ ਉਹ ਕਰੀਬ ਇਕ ਘੰਟਾ ਸੜਕ ਤੇ ਰੋਂਦੇ-ਕੁਰਲਾਉਂਦੇ ਰਹੇ ਪਰ ਕਿਸੇ ਨੇ ਉਹਨਾਂ ਦੀ ਸਾਰ ਨਾ ਲਈ। ਕਿਸੇ ਰਾਹਗੀਰ ਵੱਲੋਂ ਪੁਲਿਸ ਨੂੰ ਫੋਨ ਕਰਨ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ 108 ਨੰਬਰ ਤੇ ਫੋਨ ਕਰ ਕੇ ਐਂਬੂਲੈਂਸ ਬੁਲਾਈ ਤੇ ਤਾਂ ਜਾ ਕੇ ਪ੍ਰਵਾਸੀ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਰਾਹਗੀਰ ਬਲਵਿੰਦਰ ਨੇ ਦਸਿਆ ਕਿ ਉਹ ਬਟਾਲੇ ਦੇ ਰਹਿਣ ਵਾਲੇ ਹਨ।

ਉਹ ਇਸ ਨਗਰ ਚੋਂ ਅਪਣੇ ਕੰਮ ਸਬੰਧੀ ਲੰਘ ਰਹੇ ਸਨ ਤਾਂ ਉਹਨਾਂ ਦੇਖਿਆ ਕਿ ਪ੍ਰਵਾਸੀ ਮਜ਼ਦੂਰ ਇੱਥੇ ਸੜਕ ਤੇ ਰੋ ਰਹੇ ਸਨ। ਉਹਨਾਂ ਦੀ ਕੋਈ ਮਦਦ ਨਹੀਂ ਕਰ ਰਿਹਾ ਸੀ। ਉਸ ਦੇ ਪਰਿਵਾਰ ਵਿਚ ਉਸ ਦੀ ਪਤਨੀ ਸੀ ਤੇ ਉਸ ਦੇ ਦੋ ਬੱਚੇ ਸਨ। ਪਰਿਵਾਰ ਨੂੰ ਪੁੱਛਣ ਤੇ ਉਹਨਾਂ ਦਸਿਆ ਕਿ ਉਸ ਦੇ ਪਤੀ ਨੇ ਕੀੜੇਮਾਰ ਦਵਾਈ ਖਾ ਲਈ ਹੈ।

ਇਸ ਦੀ ਜਾਣਕਾਰੀ ਉਸ ਦੀ ਬੱਚੀ ਨੇ ਵੀ ਦਿੱਤੀ ਸੀ। ਜਦੋਂ ਬਲਵਿੰਦਰ ਸਿੰਘ ਨੇ ਪੁਛਿਆ ਕਿ ਉਹਨਾਂ ਨੇ ਅਜਿਹਾ ਕਿਉਂ ਕੀਤਾ ਤਾਂ ਉਹਨਾਂ ਦਸਿਆ ਕਿ ਉਹਨਾਂ ਦਾ ਲਾਕਡਾਊਨ ਕਰ ਕੇ ਕੰਮ ਠਪ ਹੋ ਚੁੱਕਾ ਹੈ ਤੇ ਉਹਨਾਂ ਨੇ ਪਿਛਲੇ ਮਹੀਨਿਆਂ ਦਾ ਕਿਰਾਇਆ ਨਹੀਂ ਦਿੱਤਾ। ਇਸ ਕਰ ਕੇ ਮਕਾਨ ਮਾਲਕ ਨੇ ਉਹਨਾਂ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੱਤਾ ਹੈ।

ਉਹਨਾਂ ਨੇ ਮਕਾਨ ਮਾਲਕ ਨੂੰ ਭਰੋਸਾ ਦਵਾਇਆ ਸੀ ਕਿ ਜਦੋਂ ਉਹਨਾਂ ਦਾ ਕੰਮ ਚਲ ਪਵੇਗਾ ਤਾਂ ਉਹ ਕਿਰਾਇਆ ਦੇ ਦੇਣਗੇ। ਪਰ ਮਕਾਨ ਮਾਲਕ ਫਿਰ ਨਾ ਮੰਨਿਆ ਤੇ ਇਸ ਤੋਂ ਅੱਕ ਕੇ ਪ੍ਰਵਾਸੀ ਮਜ਼ਦੂਰ ਨੇ ਡਿਪਰੈਸ਼ਨ ਵਿਚ ਆ ਕੇ ਦਵਾਈ ਖਾਧੀ ਹੈ। ਬਲਵਿੰਦਰ ਸਿੰਘ ਨੇ ਹੋਰਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੁੱਖ ਦੀ ਘੜੀ ਵਿਚ ਲੋਕਾਂ ਨੂੰ ਇਕ ਦੂਜੇ ਦੀ ਮਦਦ ਕਰਨੀ ਚਾਹੀਦੀ ਹੈ।

ਉੱਥੇ ਹੀ ਪੁਲਿਸ ਅਧਿਕਾਰੀ ਸਰਵਣ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਗਿਆ ਹੈ ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow  ਕਰੋ।