'ਆਪ' ਦਾ ਪੰਜਾਬ 'ਕਲੇਸ਼' ਹੋਰ ਵਧਣ ਲੱਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਖਹਿਰਾ ਦੀ ਥਾਂ ਨੇਤਾ ਵਿਰੋਧੀ ਧਿਰ ਥਾਪੇ ਗਏ ਹਰਪਾਲ ਸਿੰਘ ਚੀਮਾ ਉਤੇ ਹੁਣ ਪਾਰਟੀ ਦੇ ਹੀ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਅਣਦੇਖੀ ਕਰਨ ਦੇ ਦੋਸ਼ ਲਗਾ ਦਿਤੇ ਹਨ। 

AAP

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਜੁਲਾਈ 2018 'ਚ ਸੁਖਪਾਲ ਸਿੰਘ ਖਹਿਰਾ ਦੀ ਨੇਤਾ ਵਿਰੋਧੀ ਧਿਰ ਵਜੋਂ ਆਮ ਆਦਮੀ ਪਾਰਟੀ ਦੁਆਰਾ ਅਚਨਚੇਤ ਕੀਤੀ ਗਈ ਛੁੱਟੀ ਤੋਂ ਸ਼ੁਰੂ ਹੋਇਆ ਆਪ ਦਾ ਪੰਜਾਬ ਕਲੇਸ਼ ਮੁੱਕਣ ਦੀ ਥਾਂ ਹੋਰ ਵਧਦਾ ਜਾ ਰਿਹਾ ਹੈ। ਖਹਿਰਾ ਦੀ ਥਾਂ ਨੇਤਾ ਵਿਰੋਧੀ ਧਿਰ ਥਾਪੇ ਗਏ ਹਰਪਾਲ ਸਿੰਘ ਚੀਮਾ ਉਤੇ ਹੁਣ ਪਾਰਟੀ ਦੇ ਹੀ ਸੀਨੀਅਰ ਵਿਧਾਇਕ ਅਮਨ ਅਰੋੜਾ ਨੇ ਅਣਦੇਖੀ ਕਰਨ ਦੇ ਦੋਸ਼ ਲਗਾ ਦਿਤੇ ਹਨ। 

ਅਰੋੜਾ ਨੇ ਪੁੱਛੇ ਜਾਣ ਉਤੇ ਫ਼ੋਨ ਉਤੇ ਇਸ ਪੱਤਰਕਾਰ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਖ਼ਾਸ ਕਰ ਕੇ ਚੰਡੀਗੜ੍ਹ ਵਿਚ ਹਨ ਪਰ ਕੁੱਝ ਦਿਨ ਪਹਿਲਾਂ ਸ਼ਾਮ ਵੇਲੇ ਉਨ੍ਹਾਂ ਨੂੰ ਮੀਡੀਆ ਨੇ ਸਵਾਲ ਕੀਤੇ ਕਿ ਸਦਨ ਵਿਚ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ ਵਲੋਂ ਵਿਧਾਇਕ ਦਲ ਦੀ ਬੁਲਾਈ ਗਈ ਬੈਠਕ ਵਿਚੋਂ ਉਹ ਕਿਉਂ ਨਦਾਰਦ ਸਨ? ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਉਕਤ ਬੈਠਕ ਬਾਰੇ ਸੱਦਾ ਦੇਣਾ ਤਾਂ ਇਕ ਪਾਸੇ ਬਲਕਿ ਭਿਣਕ ਤਕ ਨਹੀਂ ਪੈਣ ਦਿਤੀ ਗਈ।

ਅਰੋੜਾ ਨੇ ਕਿਹਾ ਕਿ ਉਹ ਖ਼ੁਦ ਅਪਣੀ ਪਾਰਟੀ ਦੇ ਸਾਥੀ ਵਿਧਾਇਕਾਂ ਖ਼ਾਸ ਕਰ ਕੇ ਹਰਪਾਲ ਸਿੰਘ ਚੀਮਾ ਦੇ ਅਜਿਹੇ ਵਤੀਰੇ ਤੋਂ ਹੈਰਾਨ ਹਨ। ਅਰੋੜਾ ਨੇ ਇਥੋਂ ਤਕ ਕਹਿ ਦਿਤਾ ਕਿ ਪਾਰਟੀ ਦਾ ਪੰਜਾਬ ਵਿਚ ਵਿਧਾਇਕ ਦਲ ਤਾਂ ਪਹਿਲਾਂ ਹੀ 20 ਤੋਂ 11 ਜਣਿਆਂ ਦਾ ਰਹਿ ਗਿਆ ਹੈ ਤੇ ਜੇਕਰ ਇਹ 11 ਵੀ ਇਕੱਠੇ ਨਾ ਰੱਖੇ ਗਏ ਤਾਂ ਕਿਸ ਤਰ੍ਹਾਂ ਕੰਮ ਚਲੇਗਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਮਹਿਜ਼ ਮਾਮੂਲੀ ਗ਼ਲਤ ਫ਼ਹਿਮੀ ਸੀ। ਉਨ੍ਹਾਂ ਅਮਨ ਅਰੋੜਾ ਨਾਲ ਗੱਲ  ਕਰ ਕੇ ਮਸਲਾ ਸੁਲਝਾ ਲਿਆ ਗਿਆ ਹੋਣ ਦਾ ਵੀ ਦਾਅਵਾ ਕੀਤਾ ਹੈ।