'ਸਿੱਖੀ ਵਲ ਪਰਤ ਰਹੇ ਪ੍ਰੇਮੀਆਂ ਤੋਂ ਸੌਦਾ ਸਾਧ ਡੇਰਾ ਤਾਂ ਔਖਾ ਸੀ ਹੀ ਪਰ...'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੁਰਜ ਜਵਾਹਰ ਸਿੰਘ ਵਾਲਾ ਦੇ ਦੀਵਾਨਾਂ 'ਚ ਸੌਦਾ ਸਾਧ ਦੇ ਲੌਕਟ ਟੁੱਟੇ ਮਿਲਣ ਬਾਰੇ ਭਾਈ ਮਾਝੀ ਵਲੋਂ ਅਹਿਮ ਇੰਕਸ਼ਾਫ਼

Sauda Sadh

ਚੰਡੀਗੜ੍ਹ  (ਨੀਲ ਭਾਲਿੰਦਰ ਸਿੰਘ) : ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਰਣਬੀਰ ਸਿੰਘ ਖੱਟੜਾ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਫ਼ਰੀਦਕੋਟ ਦੇ ਜੁਡੀਸ਼ੀਅਲ ਮੈਜਿਸਟਰੇਟ ਚੇਤਨ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤੀ ਗਈ ਤਾਜ਼ਾ ਚਾਰਜਸ਼ੀਟ ਵਿਚ ਉਚੇਚੇ ਅਤੇ  ਸਪਸ਼ਟ ਤੌਰ 'ਤੇ ਕਿਹਾ ਹੈ ਕਿ 22 ਮਾਰਚ, 2015 ਨੂੰ ਇਕ ਦੀਵਾਨ ਦੌਰਾਨ ਇਕ ਸਿੱਖ ਪ੍ਰਚਾਰਕ ਹਰਜਿੰਦਰ ਸਿੰਘ ਮਾਝੀ ਨੇ ਕੁੱਝ ਡੇਰਾ ਪੈਰੋਕਾਰਾਂ ਨੂੰ ਅਪਣੇ ਲੌਕਟ ਲਾਹੁਣ ਜਾਂ ਉਥੋਂ ਚਲੇ ਜਾਣ ਲਈ ਕਿਹਾ ਸੀ।

ਸਾਲ 2019 ਵਿਚ ਨਾਭਾ ਜੇਲ ਵਿਚ ਮਾਰੇ ਗਏ ਮਹਿੰਦਰਪਾਲ ਸਿੰਘ ਬਿੱਟੂ ਨੇ ਇਹ ਮੁੱਦਾ ਡੇਰੇ ਦੇ ਹੁਣ ਫ਼ਰਾਰ ਕੌਮੀ ਕਮੇਟੀ ਮੈਂਬਰਾਂ- ਸੰਦੀਪ ਬਰੇਟਾ, ਪਰਦੀਪ ਕਲੇਰ ਅਤੇ ਹਰਸ਼ ਧੂਰੀ ਕੋਲ   ਚੁਕਿਆ, ਜਿਨ੍ਹਾਂ ਨੇ ਇਸ ਨੂੰ (ਸੌਦਾ ਸਾਧ) ਤੌਹੀਨ ਵਜੋਂ ਲਿਆ ਅਤੇ ਬਦਲਾ ਲੈਣ ਦਾ ਫ਼ੈਸਲਾ ਲਿਆ। ਉਸ ਤੋਂ ਬਾਅਦ ਇਹ ਬੇਅਦਬੀ ਦੀ ਸਾਜ਼ਸ਼ ਰਚੀ ਗਈ। ਦੱਸਣਯੋਗ ਹੈ ਕਿ ਭਾਈ ਹਰਜਿੰਦਰ ਸਿੰਘ ਮਾਝੀ ਪਿਛਲੇ ਲੰਮੇ ਸਮੇਂ ਤੋਂ ਮਾਲਵਾ ਇਲਾਕੇ ਵਿਚ ਜ਼ੋਰ ਸ਼ੋਰ ਨਾਲ ਸਿੱਖੀ ਦੇ ਪ੍ਰਚਾਰ ਵਿਚ ਸਰਗਰਮ ਹਨ।

ਮਾਝੀ ਨੇ ਦਸਿਆ ਕਿ ਉਨ੍ਹਾਂ ਦੇ ਦੀਵਾਨਾਂ ਤੋਂ ਪ੍ਰਭਾਵਤ ਹੋ ਕੇ ਡੇਰਾ ਪ੍ਰੇਮੀ ਸਿੱਖੀ ਵਲ ਮੁੜਨ ਲੱਗ ਪਏ ਸਨ ਪਰ ਉਨ੍ਹਾਂ ਦਿਨਾਂ ਵਿਚ ਡੇਰਾ ਪ੍ਰੇਮੀਆਂ ਤੋਂ ਵੱਧ ਪੰਜਾਬ ਪੁਲਿਸ ਖ਼ਾਸ ਕਰ ਕੇ ਸਮੇਂ ਦੀ ਅਕਾਲੀ-ਭਾਜਪਾ ਸਰਕਾਰ ਮਾਲਵਾ ਇਲਾਕੇ ਵਿਚ ਸਿੱਖੀ ਦੇ ਦੀਵਾਨ ਬੰਦ ਕਰਾਉਣ ਲਈ ਆਤੁਰ ਰਹੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸੌਦਾ ਸਾਧ ਦੇ ਹੈੱਡਕੁਆਰਟਰ ਸਲਾਬਤਪੁਰਾ ਦੇ ਨਾਲ-ਨਾਲ ਮਚਾਕੀ, ਬੁਰਜ ਜਵਾਹਰ ਸਿੰਘ ਵਾਲਾ, ਪੱਕਾ ਆਦਿ ਨਗਰਾਂ ਸਣੇ ਮਾਲਵਾ ਇਲਾਕੇ ਦੇ ਕਈ ਪਿੰਡਾਂ ਵਿਚ 2015 ਦੌਰਾਨ ਉਨ੍ਹਾਂ ਕਈ ਦੀਵਾਨ ਲਗਾਏ ਪਰ ਇਨ੍ਹਾਂ ਥਾਵਾਂ 'ਤੇ ਹੀ ਪੰਜਾਬ ਪੁਲਿਸ ਜੁੱਤੀਆਂ ਸਮੇਤ ਦੀਵਾਨਾਂ ਵਿਚ ਪਹੁੰਚ ਕੇ ਦੀਵਾਨ ਬੰਦ ਕਰਵਾਉਂਦੀ ਰਹੀ।

ਇੰਨਾ ਹੀ ਨਹੀਂ ਇਕ ਦੀਵਾਨ ਵਿਚ ਤਾਂ ਥਾਣਾ ਸਦਰ ਫ਼ਰੀਦਕੋਟ ਦੇ ਤਤਕਾਲੀ ਐਸ.ਐਚ.ਓ. ਪ੍ਰਦੀਪ ਸਿੰਘ ਨੇ ਉਨ੍ਹਾਂ ਨੂੰ ਮੁੜ ਕੇ ਉਸ ਪਿੰਡ ਵਿਚ ਵੜਨ ਤੋਂ ਵਰਜਦਿਆਂ ਅਪਸ਼ਬਦ ਬੋਲ ਕੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਗ਼ੈਰ ਹਾਜ਼ਰੀ ਵਿਚ ਪੰਜਾਬ ਪੁਲਿਸ ਉਨ੍ਹਾਂ ਦੇ ਪਿਤਾ ਨੂੰ ਬਿਨਾਂ ਗੱਲੋਂ ਘਰੋਂ ਚੁਕ ਕੇ ਵੀ ਲੈ ਗਈ। ਭਾਈ ਮਾਝੀ ਨੇ ਇਹ ਵੀ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਚੋਰੀ ਹੋਣ ਤੋਂ ਐਨ ਢਾਈ ਕੁ ਮਹੀਨੇ ਪਹਿਲਾਂ ਉਨ੍ਹਾਂ ਬੁਰਜ ਜਵਾਹਰ ਸਿੰਘ ਵਾਲਾ ਪਿੰਡ ਵਿਚ ਤਿੰਨ ਦਿਨ ਲਗਾਤਾਰ ਦੀਵਾਨ ਸਜਾਏ ਸਨ।

ਦੀਵਾਨਾਂ ਦੀ ਸਮਾਪਤੀ ਤੋਂ ਬਾਅਦ ਦਰੀਆਂ ਆਦਿ ਚੁੱਕਣ 'ਤੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੀ ਤਸਵੀਰ ਵਾਲੇ ਵੱਡੀ ਗਿਣਤੀ ਵਿਚ ਲੋਕਟ ਟੁੱਟੇ ਪਾਏ ਗਏ ਪਰ ਮਾਝੀ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਕਦੇ ਵੀ ਕਿਸੇ ਨੂੰ ਜਬਰੀ ਧਰਮ ਪਰਿਵਰਤਨ ਜਾਂ ਅਜਿਹੇ ਕਿਸੇ ਕੰਮ ਲਈ ਮਜਬੂਰ ਨਹੀਂ ਕੀਤਾ। ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਕਿ ਸੌਦਾ ਸਾਧ ਨੂੰ ਬਾਕਾਇਦਾ ਤੌਰ 'ਤੇ ਪਾਉਣ ਲਈ ਐਸ.ਆਈ.ਟੀ. ਹੁਣ ਸਿੱਖ ਪ੍ਰਚਾਰਕਾਂ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਦੀ ਨਿਰਪੱਖ ਹੀ ਨਹੀਂ ਬਲਕਿ ਇਨਾਂ ਪਿੱਛੇ ਕੰਮ ਕਰਨ ਵਾਲੀਆਂ ਸਿਆਸੀ ਤਾਕਤਾਂ ਨੂੰ ਬੇਪਰਦ ਕਰ ਕੇ ਸਜ਼ਾਵਾਂ ਤਕ ਲਿਜਾਣਾ ਹਰ ਹਾਲ ਜ਼ਰੂਰੀ ਹੈ।

ਸਿੱਖ ਪ੍ਰਚਾਰਕਾਂ ਦੀ ਸੁਰੱਖਿਆ ਸਾਣ 'ਤੇ ਲੱਗੀ

ਤਾਜ਼ਾ ਚਾਰਜਸ਼ੀਟ ਵਿਚ ਸਿੱਖ ਪ੍ਰਚਾਰਕਾਂ ਖ਼ਾਸ ਕਰ ਕੇ ਭਾਈ ਮਾਝੀ ਦਾ ਉਚੇਚੇ ਤੌਰ 'ਤੇ ਜ਼ਿਕਰ ਕੀਤਾ ਗਿਆ ਹੈ ਕਿ ਦੀਵਾਨਾਂ ਵਿਚ ਸੌਦਾ ਸਾਧ ਦੇ ਡੇਰਾ ਪ੍ਰੇਮੀਆਂ ਦੇ ਸਿੱਖੀ ਵਿਚ ਮੁੜ ਰਹੇ ਹੋਣ ਤੋਂ ਖਿੱਝ ਕੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿਤਾ ਗਿਆ। ਪਰ ਹੈਰਾਨੀ ਦੀ ਗੱਲ ਹੈ ਕਿ ਅਦਾਲਤ ਵਿਚ ਚਾਰਜਸ਼ੀਟ ਤਕ ਦਾਖ਼ਲ ਕੀਤੀ ਜਾ ਚੁਕੀ ਹੈ ਪਰ ਨਾ ਤਾਂ ਸਿੱਟ ਵਲੋਂ ਕੋਈ ਸਿਫ਼ਾਰਸ਼ ਕੀਤੀ ਗਈ ਹੈ ਅਤੇ ਨਾ ਹੀ ਸਬੰਧਤ ਜ਼ਿਲ੍ਹਾ ਪੁਲਿਸ ਵਲੋਂ ਭਾਈ ਮਾਝੀ ਜਾਂ ਮਾਲਵਾ ਖੇਤਰ ਦੇ ਹੋਰਨਾ ਸਿੱਖ ਪ੍ਰਚਾਰਕਾਂ ਦੀ ਸੁਰੱਖਿਆ ਵਿਵਸਥਾ ਦਾ ਕੋਈ ਪ੍ਰਤੱਖ ਪ੍ਰਬੰਧ ਕੀਤਾ ਗਿਆ ਹੈ।

'ਰੋਜ਼ਾਨਾ ਸਪੋਕਸਮੈਨ' ਵਲੋਂ ਇਸ ਸਬੰਧੀ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਕਿਹਾ ਕਿ ਕਿਸੇ ਨੂੰ ਸੁਰੱਖਿਆ ਦੇਣਾ ਜਾਂ ਨਾ ਦੇਣਾ, ਇਹ ਐਸ.ਆਈ.ਟੀ. ਦੇ ਅਧਿਕਾਰ ਖੇਤਰ ਵਿਚ ਨਹੀਂ ਹੈ।