3 ਦਿਨ ਪਹਿਲਾਂ ਮੁੱਲਾਂਪੁਰ ਤੋਂ ਮਨਾਲੀ ਗਏ ਨੌਜੁਆਨ ਸੁਰੱਖਿਅਤ
ਮਨੀਕਰਨ ਸਾਹਿਬ ਤੋਂ ਲਾਪਤਾ ਹੋਏ ਨੌਜੁਆਨਾਂ ਦਾ ਪ੍ਰਵਾਰਾਂ ਨਾਲ ਹੋਇਆ ਰਾਬਤਾ
ਕੈਪਟਨ ਸੰਦੀਪ ਸਿੰਘ ਸੰਧੂ ਨੇ ਸਾਂਝੀ ਕੀਤੀ ਜਾਣਕਾਰੀ
ਚੰਡੀਗੜ੍ਹ : ਲੁਧਿਆਣਾ ਦੇ ਮੁੱਲਾਂਪੁਰ ਤੋਂ ਤਿੰਨ ਦਿਨ ਪਹਿਲਾਂ ਹਿਮਾਚਲ ਘੁੰਮਣ ਗਏ ਪੰਜ ਨੌਜੁਆਨ ਲਾਪਤਾ ਹੋ ਗਏ ਸਨ ਪਰ ਹੁਣ ਰਾਹਤ ਦੀ ਖ਼ਬਰ ਹੈ ਕਿ ਸਾਰੇ ਸੁਰੱਖਿਅਤ ਹਨ। ਕੈਪਟਨ ਸੰਦੀਪ ਸਿੰਘ ਸੰਧੂ ਨੇ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦਸਿਆ ਕਿ ਇਨ੍ਹਾਂ ਪੰਜਾਂ ਨੌਜੁਆਨਾਂ ਦਾ ਅਪਣੇ ਪ੍ਰਵਾਰਾਂ ਨਾਲ ਰਾਬਤਾ ਵੀ ਹੋ ਗਿਆ ਹੈ।
ਇਹ ਵੀ ਪੜ੍ਹੋ: ਬਾਲਾਸੋਰ ਰੇਲ ਹਾਦਸਾ: ਸੱਤ ਰੇਲਵੇ ਮੁਲਾਜ਼ਮ ਮੁਅੱਤਲ
ਉਨ੍ਹਾਂ ਦਸਿਆ ਕਿ ਪੰਜੇ ਨੌਜੁਆਨ ਠੀਕ ਹਨ ਅਤੇ ਅਪਣੇ ਘਰ ਵਾਪਸ ਆ ਰਹੇ ਹਨ। ਦੱਸ ਦੇਈਏ ਗੁਰਪ੍ਰੀਤ ਸਿੰਘ, ਮਨੀ, ਰੌਬਿਨ, ਰਾਜਾ ਅਤੇ ਸ਼ੁਭਮ ਹਿਮਾਚਲ ਵਿਖੇ ਘੁੰਮਣ ਲਈ ਗਏ ਸਨ ਅਤੇ ਮਨੀਕਰਨ ਸਾਹਿਬ ਤੋਂ ਲਾਪਤਾ ਹੋ ਗਏ ਸਨ। ਦਸਿਆ ਜਾ ਰਿਹਾ ਸੀ ਕਿ ਉਨ੍ਹਾਂ ਦਾ ਪ੍ਰਵਾਰ ਨਾਲੋਂ ਸੰਪਰਕ ਟੁੱਟ ਗਿਆ ਹੈ। ਜਿਸ 'ਤੇ ਕੈਪਟਨ ਸੰਧੂ ਵਲੋਂ ਹਿਮਾਚਲ ਪ੍ਰਸ਼ਾਸਨ ਅਤੇ ਡੀ.ਜੀ.ਪੀ. ਨਾਲ ਰਾਬਤਾ ਕਰ ਕੇ ਨੌਜੁਆਨਾਂ ਦੀ ਸੁਰੱਖਿਅਤ ਵਾਪਸੀ ਲਈ ਕਿਹਾ ਸੀ।
ਬੀਤੇ ਦਿਨਾਂ ਤੋਂ ਮੌਸਮ ਦੇ ਮੌਜੂਦਾ ਹਾਲਤ ਦੇ ਮੱਦੇਨਜ਼ਰ ਕੈਪਟਨ ਸੰਦੀਪ ਸੰਧੂ ਵਲੋਂ ਮੋਬਾਈਲ ਨੰਬਰ 82733-17000 ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਵੀ ਮਦਦ ਦੀ ਜ਼ਰੂਰਤ ਹੋਵੇ ਤਾਂ ਉਹ ਸੰਪਰਕ ਕਰ ਸਕਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਲਾਤ ਸੁਧਰਨ ਤਕ ਪਹਾੜੀ ਇਲਾਕਿਆਂ ਵਿਚ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਹੈ।