ਖੇਤੀ ਮਸ਼ੀਨਰੀ ਸਮੇਂ ਸਿਰ ਮੁਹੱਈਆ ਨਾ ਕਰਵਾਉਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ...

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤੀ ਮਸ਼ੀਨਰੀ ਸਮੇਂ ਸਿਰ ਮੁਹੱਈਆ ਨਾ ਕਰਵਾਉਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਹੋਵੇਗੀ-ਕਾਹਨ ਸਿੰਘ ਪਨੂੰ

Meating

ਚੰਡੀਗੜ : ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਰੋਕਥਾਮ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪਨੂੰ ਨੇ ਅੱਜ ਖੇਤੀਬਾੜੀ ਅਧਿਕਾਰੀਆਂ/ਕਰਮਚਾਰੀਆਂ ਨੂੰ ਆਖਿਆ ਕਿ ਕਿਸਾਨਾਂ ਨੂੰ ਸਬਸਿਡੀ 'ਤੇ ਦਿੱਤੀ ਜਾਣ ਵਾਲੀ ਖੇਤੀ ਮਸ਼ੀਨਰੀ ਸਮੇਂ ਸਿਰ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਇਸ ਵਿੱਚ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਅੱਜ ਇੱਥੇ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਥਾਮ ਲਈ ਸੂਬਾ ਪੱਧਰ 'ਤੇ ਵਿੱਢੀ ਜਾਣ ਵਾਲੀ ਜਾਗਰੂਕਤਾ ਮੁਹਿੰਮ ਤਹਿਤ ਸੂਬੇ ਦੇ ਖੇਤੀਬਾੜੀ ਅਧਿਕਾਰੀਆਂ ਦੀ ਅੱਜ ਇੱਥੇ ਕਿਸਾਨ ਭਵਨ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਖੇਤੀਬਾੜੀ ਸਕੱਤਰ ਨੇ ਕਿਸਾਨਾਂ ਨੂੰ ਹੁਣ ਤੱਕ ਸਪਲਾਈ ਕੀਤੀ ਗਈ ਖੇਤੀ ਮਸ਼ੀਨਰੀ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਹਦਾਇਤ ਦਿੱਤੀ ਕਿ ਝੋਨੇ ਦੀ ਵਾਢੀ ਸ਼ੁਰੂ ਹੋਣ ਤੋਂ ਪਹਿਲਾਂ ਸਬੰਧਤ ਕਿਸਾਨਾਂ ਤੱਕ ਹਰ ਹਾਲ ਵਿੱਚ ਖੇਤੀ ਮਸ਼ੀਨਰੀ ਪਹੁੰਚ ਜਾਣੀ ਚਾਹੀਦੀ ਹੈ। 

ਮੀਟਿੰਗ ਦੌਰਾਨ ਉਨ੍ਹ•ਾਂ ਇਹ ਵੀ ਸਪੱਸ਼ਟ ਕੀਤਾ ਕਿ ਖੇਤੀ ਮਸ਼ੀਨਰੀ ਤਿਆਰ ਕਰਨ ਵਾਲੀਆਂ ਮੈਨੂਫੈਕਚਰਿੰਗ ਫਰਮਾਂ ਨੇ ਭਾਰਤ ਸਰਕਾਰ ਨਾਲ ਸਮੇਂ ਸਿਰ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਲਿਖਤੀ ਇਕਰਾਰ ਕੀਤਾ ਹੈ ਅਤੇ ਜੇਕਰ ਕੋਈ ਫਰਮ ਆਪਣੀ ਵਚਨਬੱਧਤਾ 'ਤੇ ਖਰੀ ਨਹੀਂ ਉਤਰਦੀ ਤਾਂ ਉਸ ਨੂੰ ਵੀ ਬਲੈਕਲਿਸਟ ਕੀਤਾ ਸਕਦਾ ਹੈ। ਉਨ੍ਹ•ਾਂ ਨੇ ਅਧਿਕਾਰੀਆਂ ਨੂੰ ਆਖਿਆ ਕਿ ਇਸ ਉਪਰ ਵੀ ਸਖ਼ਤ ਨਜ਼ਰ ਰੱਖੀ ਜਾਵੇ ਕਿ ਕੋਈ ਵਿਅਕਤੀ ਜਾਂ ਕਿਸੇ ਕਿਸਮ ਦਾ ਵਿਚੋਲਾ ਕਿਸਾਨਾਂ ਤੋਂ ਮਸ਼ੀਨਰੀ/ਸੰਦ ਸਬਸਿਡੀ 'ਤੇ ਦਿਵਾਉਣ ਦਾ ਝਾਂਸਾ ਦੇ ਕੇ ਰਿਸ਼ਵਤ ਨਾ ਲੈ ਸਕੇ।

ਸ੍ਰੀ ਪਨੂੰ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਨਾਲ ਮਨੁੱਖੀ ਸਿਹਤ ਅਤੇ ਵਾਤਾਵਰਨ 'ਤੇ ਪੈਂਦੇ ਬੁਰੇ ਅਸਰ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਸਕੂਲੀ ਬੱਚਿਆਂ ਨੂੰ ਇਸ ਮੁਹਿੰਮ ਨਾਲ ਜੋੜਿਆ ਜਾ ਰਿਹਾ ਹੈ ਅਤੇ ਸਤੰਬਰ ਦੇ ਅਖੀਰਲੇ ਹਫ਼ਤੇ ਪੰਜਾਬ ਭਰ ਵਿੱਚ ਸਕੂਲ ਪੱਧਰ 'ਤੇ ਰੈਲੀਆਂ ਕਰਕੇ ਪਰਾਲੀ ਨਾ ਸਾੜਣ ਦਾ ਸੰਦੇਸ਼ ਦਿੱਤਾ ਜਾਵੇਗਾ। ਇਸੇ ਮੁਹਿੰਮ ਦਾ ਦੂਜਾ ਪੜਾਅ 10 ਅਕਤੂਬਰ ਤੋਂ ਸ਼ੁਰੂ ਕੀਤਾ ਜਾਵੇਗਾ।

'ਤੰਦਰੁਸਤ ਪੰਜਾਬ' ਮੁਹਿੰਮ ਦਾ ਜ਼ਿਕਰ ਕਰਦਿਆਂ ਸ੍ਰੀ ਪਨੂੰ ਨੇ ਭਰੋਸਾ ਜ਼ਾਹਰ ਕੀਤਾ ਕਿ ਜਿਸ ਤਰ੍ਹਾਂ ਸੂਬੇ ਦੇ ਲੋਕਾਂ ਦੇ ਸਰਗਰਮ ਸਹਿਯੋਗ ਸਦਕਾ ਮਿਲਾਵਟੀ ਖਾਧ ਪਦਾਰਥਾਂ ਨੂੰ ਠੱਲ੍ਹ ਪਾਉਣ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ, ਇਸੇ ਤਰਜ਼ 'ਤੇ ਕਿਸਾਨਾਂ ਦੇ ਸਹਿਯੋਗ ਨਾਲ ਪਰਾਲੀ ਨੂੰ ਅੱਗ ਲਾਉਣ ਦੀ ਗੰਭੀਰ ਸਮੱਸਿਆ ਵੀ ਹੱਲ ਕਰ ਲਈ ਜਾਵੇਗੀ।

ਕੁਝ ਡੀਲਰਾਂ ਵੱਲੋਂ ਕਿਸਾਨਾਂ ਨੂੰ ਗੁੰਮਰਾਹ ਕਰਕੇ ਝੋਨੇ ਅਤੇ ਹੋਰ ਫਸਲਾਂ ਲਈ ਗੈਰ-ਅਧਿਕਾਰਤ ਕੀਟਨਾਸ਼ਕ ਵੇਚਣ ਦੇ ਮਾਮਲਿਆਂ ਦਾ ਗੰਭੀਰ ਨੋਟਿਸ ਲੈਂਦਿਆਂ ਸਕੱਤਰ ਖੇਤੀਬਾੜੀ ਨੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਜੇਕਰ ਕੋਈ ਡੀਲਰ ਅਜਿਹਾ ਕਰਦਾ ਫੜਿਆ ਗਿਆ ਤਾਂ ਉਸ ਡੀਲਰ ਸਮੇਤ ਸਬੰਧਤ ਇਲਾਕੇ ਦੇ ਅਧਿਕਾਰੀ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਮੀਟਿੰਗ ਦੀ ਸ਼ੁਰੂਆਤ ਦੌਰਾਨ ਡਾਇਰੈਕਟਰ ਖੇਤੀਬਾੜੀ ਡਾ. ਜਸਬੀਰ ਸਿੰਘ ਬੈਂਸ ਨੇ ਵਿਭਾਗ ਵੱਲੋਂ ਸਾਉਣੀ ਸੀਜ਼ਨ-2018 ਦੌਰਾਨ ਸਕੀਮਾਂ ਦੀ ਪ੍ਰਗਤੀ ਅਤੇ ਫਸਲਾਂ ਦੀ ਸਥਿਤੀ ਬਾਰੇ ਸੰਖੇਪ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਦੱਸਿਆ ਕਿ ਸਿਫਾਰਸ਼ਾਂ ਅਧੀਨ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਆਰੰਭੀ ਮੁਹਿੰਮ ਦੇ ਬਹੁਤ ਸਾਰਥਕ ਸਿੱਟੇ ਪ੍ਰਾਪਤ ਹੋਏ ਹਨ ਅਤੇ ਕਿਸਾਨਾਂ ਵੱਲੋਂ  ਪਿਛਲੇ ਸਾਲ ਦੇ ਮੁਕਾਬਲ ਬਹੁਤ ਘੱਟ ਯੂਰੀਆ ਅਤੇ ਡੀ.ਏ.ਪੀ. ਖਾਦ ਖੇਤਾਂ ਵਿੱਚ ਵਰਤੀ ਗਈ ਹੈ ਜਿਸ ਨਾਲ ਕਰੋੜਾਂ ਰੁਪਏ ਦੀ ਬੱਚਤ ਹੋਈ ਹੈ।

ਮੀਟਿੰਗ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਯੁਕਤ ਡਾਇਰੈਕਟਰ ਡਾ.ਸੁਖਦੇਵ ਸਿੰਘ ਸਿੱਧੂ (ਪਲਾਂਟ ਪ੍ਰੋਟਕਸ਼ਨ), ਡਾ. ਪਰਮਿੰਦਰ ਸਿੰਘ (ਨਕਦੀ ਫਸਲਾਂ), ਡਾ. ਸਰਬਜੀਤ ਸਿੰਘ ਕੰਧਾਰੀ (ਵਿਸਥਾਰ ਤੇ ਸਿਖਲਾਈ), ਡਾ. ਜਗਤਾਰ ਸਿੰਘ ਬਰਾੜ (ਇਨਪੁਟਸ), ਡਾ. ਬਲਜਿੰਦ ਸਿੰਘ ਬਰਾੜ (ਅੰਕੜਾ), ਡਾ. ਜਸਵੰਤ ਸਿੰਘ (ਕੇਨ ਕਮਿਸ਼ਨਰ), ਇੰਜੀਨੀਅਰ ਡੀ.ਆਰ.ਕਟਾਰੀਆ ਅਤੇ ਡਾ. ਅਨਿਲ ਸੂਦ (ਰਿਮੋਰਟ ਸੈਸਿੰਗ ਪੀ.ਏ.ਯੂ) ਆਦਿ ਨੇ ਚੱਲ ਰਹੀਆਂ ਸਕੀਮਾਂ ਦੀ ਪ੍ਰਗਤੀ ਸਾਂਝੀ ਕੀਤੀ ਅਤੇ ਸੰਬੋਧਨ ਕੀਤਾ।