'ਮੈਂ ਏਨਾ ਖੁਸ਼ਕਿਸਮਤ ਨਹੀਂ ਕਿ ਮੈਨੂੰ ਸਿੱਖੀ ਸਰੂਪ ਮਿਲਿਆ ਹੋਵੇ ਪਰ ਸੁਖਬੀਰ ਵਾਂਗੂੰ ਮੈਂ ਈਮਾਨ.....

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

'ਮੈਂ ਏਨਾ ਖੁਸ਼ਕਿਸਮਤ ਨਹੀਂ ਕਿ ਮੈਨੂੰ ਸਿੱਖੀ ਸਰੂਪ ਮਿਲਿਆ ਹੋਵੇ ਪਰ ਸੁਖਬੀਰ ਵਾਂਗੂੰ ਮੈਂ ਈਮਾਨ ਵੀ ਨਹੀਂ ਵੇਚਿਆ' : ਜਾਖੜ

Sunil Jakhar During Talking With Spokesman TV

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਮੈਂਬਰ ਚੌਧਰੀ ਸੁਨੀਲ ਜਾਖੜ ਨੇ ਕਿਹਾ ਹੈ, ''ਮੈਂ ਏਨਾ ਖੁਸ਼ਕਿਸਮਤ ਨਹੀਂ ਕਿ ਮੈਨੂੰ ਸਿੱਖੀ ਸਰੂਪ ਮਿਲਿਆ ਹੋਵੇ, ਪਰ ਮੈਂ ਸੁਖਬੀਰ ਵਾਂਗੂੰ ਈਮਾਨ ਨਹੀਂ ਵੇਚਿਆ'' ਅੱਜ 'ਰੋਜ਼ਾਨਾ ਸਪੋਕਸਮੈਨ' ਦੇ ਮੁੱਖ ਦਫ਼ਤਰ ਵਿਖੇ ਉਚੇਚੇ ਤੌਰ 'ਤੇ ਪੁੱਜੇ ਜਾਖੜ ਨੇ 'ਸਪੋਕਸਮੈਨ ਵੈਬ ਟੀਵੀ' ਉਤੇ ਇੰਟਰਵਿਊ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਸਿੱਖ ਸੰਗਤਾਂ ਤੇ ਚਲੀ ਗੋਲੀ ਅਤੇ ਬੇਅਦਬੀ ਦੇ ਝੂਠੇ ਦੋਸ਼ਾਂ ਤਹਿਤ ਤਸ਼ੱਦਦ ਦਾ ਸ਼ਿਕਾਰ ਬਣਾਏ ਗਏ ਸਿੱਖ ਨੌਜਵਾਨਾਂ ਅਤੇ ਇਸ ਸਭ ਬਾਰੇ ਪੰਜਾਬ ਕਾਂਗਰਸ ਦੇ ਹਿੰਦੂ ਮੰਤਰੀਆਂ ਅਤੇ ਵਿਧਾਇਕਾਂ ਦੀ ਰਾਏ ਬਾਬਤ ਖੁਲ੍ਹ ਕੇ ਅਪਣਾ ਪੱਖ ਰਖਿਆ।

ਜਾਖੜ ਨੇ ਕਿਹਾ ਕਿ ਹਿੰਦੂ ਕਾਂਗਰਸੀ ਨਿਆਂ ਦੇ ਹੱਕ ਚ ਖੜੇ ਹਨ ਜਦਕਿ ਅਕਾਲੀ ਦਲ ਦੇ ਭਾਈਵਾਲ ਭਾਜਪਾ ਦੇ ਸੂਬਾਈ ਆਗੂ ਤੱਕ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਅਤੇ ਦੋਖੀਆਂ ਨੂੰ ਸਜ਼ਾ ਦਿਵਾਉਣ ਦੇ ਹੱਕ ਚ ਨਿੱਤ ਬਿਆਨ ਦੇ ਰਹੇ ਹਨ। ਜਾਖੜ ਨੇ ਕਿਹਾ ਕਿ ਕਾਂਗਰਸ ਪੰਜਾਬ ਦੀ ਸ਼ਾਂਤੀ ਅਤੇ ਨਿਆਂ ਦੀ ਲੜਾਈ ਲੜ ਰਹੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਅਤੇ ਪੀੜਤਾਂ ਨੂੰ ਇਨਸਾਫ਼ ਮਿਲ ਕੇ ਰਹੇਗਾ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਕੋਲ ਅਪਣੇ ਕਾਰਜਕਾਲ 'ਚ ਵਾਪਰੀਆਂ ਘੋਰ ਨਿੰਦਾਯੋਗ ਘਟਨਾਵਾਂ ਦਾ ਕੋਈ ਜਵਾਬ ਨਹੀਂ ਇਸੇ ਲਈ ਇਨ੍ਹਾਂ ਨੂੰ ਹੁਣ ਗੁੱਸਾ ਆਉਂਦਾ ਹੈ।

ਜਾਖੜ ਨੇ ਤਤਕਾਲੀ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਇਕ ਵਾਰ ਫਿਰ 'ਸੁਖਬੀਰ ਇੰਸਾਂ' (ਸੌਦਾ ਡੇਰੇ ਵਲੋਂ ਦਿੱਤਾ ਜਾਣ ਵਾਲਾ ਨਾਮ) ਨਾਲ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਅਦਬੀ ਤੇ ਗੋਲੀਕਾਂਡ ਨੂੰ ਲੈ ਕੇ ਸੁਖਬੀਰ ਬਤੌਰ ਗ੍ਰਹਿ ਮੰਤਰੀ, ਉਪ ਮੁੱਖ ਮੰਤਰੀ ਤੇ ਪੰਥਕ ਆਗੂ ਹੋਣ ਨਾਤੇ ਇਨ੍ਹਾਂ ਸਾਰੀਆਂ ਘਟਨਾਵਾਂ ਲਈ ਇਕਹਿਰਾ, ਦੋਹਰਾ ਨਹੀਂ ਬਲਕਿ ਤੀਹਰਾ ਜ਼ਿੰਮੇਵਾਰ ਹੈ ਤੇ ਬਾਦਲ ਹੁਣ ਬਚ ਨਹੀਂ ਸਕਦੇ।

ਉਨ੍ਹਾਂ ਪਰਕਾਸ਼ ਸਿੰਘ ਬਾਦਲ ਉਤੇ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਲੈ ਕੇ ਭੜਕਾਊ ਬਿਆਨਬਾਜ਼ੀ ਕਰਨ ਦੇ ਦੋਸ਼ ਲਾਉਂਦੇ ਹੋਏ ਕਿਹਾ ਕਿ ਅੱਜ ਟਕਸਾਲੀ ਅਕਾਲੀ ਆਗੂ ਹੀ ਆਖ ਰਹੇ ਹਨ ਕਿ ਨਾ ਤਾਂ ਅਕਾਲੀ ਦਲ ਨੂੰ ਰੀਪੋਰਟ ਤੋਂ ਕੋਈ ਖਤਰਾ ਹੈ ਅਤੇ ਨਾ ਹੀ ਪੰਥ ਨੂੰ ਖਤਰਾ ਹੈ ਤਾਂ ਸਿਰਫ ਬਾਦਲਾਂ ਨੂੰ ਹੀ ਹੈ। ਜਾਖੜ ਨੇ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਇਨਸਾਫ਼ ਲਈ ਉਨ੍ਹਾਂ ਵਲੋਂ ਆਵਾਜ਼ ਚੁਕੇ ਜਾਣ ਉਤੇ ਅਕਾਲੀ ਆਖ ਰਹੇ ਹਨ ਕਿ ਜਾਖੜ ਕੌਣ ਹੁੰਦਾ ਹੈ ਸਿੱਖਾਂ ਦੇ ਮਸਲਿਆਂ 'ਚ ਬੋਲਣ ਵਾਲਾ?

ਜਾਖੜ ਨੇ ਕਿਹਾ ਇਨਸਾਫ਼ ਲਈ ਬੋਲਣ ਵਾਸਤੇ ਅਕਾਲੀਆਂ ਜਾਂ ਬਾਦਲਾਂ ਕੋਲੋਂ ਪੁੱਛਣ ਦੀ ਲੋੜ ਨਹੀਂ। ਬੇਅਦਬੀ ਦੇ ਝੂਠੇ ਦੋਸ਼ਾਂ 'ਚ ਪੁਲਿਸ ਤਸ਼ੱਦਦ ਦਾ ਸ਼ਿਕਾਰ ਬਣਾਏ ਦੋ ਸਿੱਖ ਨੌਜਵਾਨਾਂ ਨੇ ਅਡਿੱਗ ਅਤੇ ਅਟੱਲ ਰਹਿ ਕੇ ਪੂਰੇ ਪੰਜਾਬ ਦੀ ਅਟੱਲਤਾ ਦੀ ਤਰਜਮਾਨੀ ਕਰ ਵਿਖਾਈ ਹੈ ਕਿ ਪੰਜਾਬ ਅਤੇ ਪੰਜਾਬੀ ਕਿਵੇਂ ਬੇਤਹਾਸ਼ਾ ਤਸ਼ੱਦਦ ਝੱਲ ਕੇ ਅਡੋਲ ਰਹਿੰਦੇ ਹਨ। ਜਾਖੜ ਨੇ ਕਿਹਾ ਕਿ ਬਾਦਲਾਂ ਨੇ ਅਪਣੇ ਰਾਜ ਵਿਚ ਬੇਅਦਬੀ ਅਤੇ ਗੋਲੀਕਾਂਡ ਅਤੇ ਸਿੱਖ ਨੌਜਵਾਨਾਂ ਦੇ ਤਸ਼ੱਦਦ ਢਾਹ ਕੇ ਨਾਜ਼ੀ ਨੂੰ ਵੀ ਮਾਤ ਦੇ ਦਿਤੀ ਹੈ।

(ਇਹ ਮੁਕੰਮਲ ਇੰਟਰਵਿਊ 'ਸਪੋਕਸਮੈਨ ਵੈਬ ਟੀਵੀ ਉਤੇ ਵੇਖੀ ਜਾ ਸਕਦੀ ਹੈ)