ਬੇਅਦਬੀ ਵਾਲੀਆਂ ਥਾਵਾਂ 'ਤੇ ਪੁੱਜੇ ਜਾਖੜ ਤੇ ਮੰਤਰੀ, ਸੁਣੀ ਪੀੜਤਾਂ ਦੀ ਹੱਡਬੀਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਮੰਤਰੀਆਂ ਦੀ ਟੀਮ ਬੇਅਦਬੀ ਨਾਲ ਸਬੰਧਤ ਥਾਵਾਂ 'ਤੇ ਪੁੱਜੀ ਅਤੇ ਟੀਮ ਨੇ ਪੀੜਤ ਪਰਵਾਰ ਦੀ ਹੱਡਬੀਤੀ ਸੁਣੀ...........

Sunil Jakhar listened to the victims

ਕੋਟਕਪੂਰਾ  : ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਮੰਤਰੀਆਂ ਦੀ ਟੀਮ ਬੇਅਦਬੀ ਨਾਲ ਸਬੰਧਤ ਥਾਵਾਂ 'ਤੇ ਪੁੱਜੀ ਅਤੇ ਟੀਮ ਨੇ ਪੀੜਤ ਪਰਵਾਰ ਦੀ ਹੱਡਬੀਤੀ ਸੁਣੀ। ਮੰਤਰੀਆਂ ਨੇ ਦੋ ਪਰਵਾਰਾਂ ਨੂੰ ਮੁਆਵਜਾ ਰਾਸ਼ੀ ਦੇਣ ਦਾ ਐਲਾਨ ਕੀਤਾ ਤੇ ਬਾਅਦ ਵਿਚ ਬਹਿਬਲ ਕਲਾਂ ਵਿਖੇ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਪਿਉ-ਪੁੱਤ ਅਤੇ ਮਜੀਠੀਆ ਨੂੰ ਹੀ ਨਿਸ਼ਾਨੇ 'ਤੇ ਰਖਿਆ। ਟੀਮ ਵਿਚ ਮੰਤਰੀ ਨਵਜੋਤ ਸਿੰਘ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ, ਬਲਵੀਰ ਸਿੰਘ ਸਿੱਧੂ, ਸਾਧੂ ਸਿੰਘ ਧਰਮਸੋਤ ਅਤੇ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਨ। 

ਸੁਨੀਲ ਜਾਖੜ ਨੇ  ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਨੇ ਨਾ ਤਾਂ ਸੌਦਾ ਸਾਧ ਜਾਂ ਉਸ ਦੇ ਪ੍ਰੇਮੀਆਂ ਨਾਲ ਕੋਈ ਲਿਹਾਜ ਕੀਤਾ ਤੇ ਨਾ ਹੀ ਪੰਜਾਬ ਪੁਲਿਸ ਦੇ ਡੀਜੀਪੀ ਨੂੰ ਬਖ਼ਸ਼ਿਆ। ਬੁਲਾਰਿਆਂ ਨੇ ਬਾਦਲ ਪਿਉ-ਪੁੱਤ ਦੀ ਤੁਲਨਾ ਜ਼ਕਰੀਆ ਖ਼ਾਨ, ਮੱਸਾ ਰੰਗੜ, ਹਿਟਲਰ, ਜਨਰਲ ਡਾਇਰ, ਨਰੈਣੂ ਮਹੰਤ ਅਤੇ ਮਸੰਦਾਂ ਨਾਲ ਕੀਤੀ। ਪ੍ਰੈਸ ਕਾਨਫ਼ਰੰਸ ਦੌਰਾਨ ਸੁਨੀਲ ਜਾਖੜ ਨੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਜ਼ਰੀ 'ਚ ਬੇਅਦਬੀ ਕਾਂਡ ਮੌਕੇ ਪੁਲਸੀਆ ਅਤਿਆਚਾਰ ਤੋਂ ਪੀੜਤ ਦੋ ਭਰਾਵਾਂ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਲਈ 15 ਲੱਖ ਰੁਪਏ ਮੁਆਵਜ਼ਾ ਰਾਸ਼ੀ,

ਯੋਗਤਾ ਮੁਤਾਬਕ ਸਰਕਾਰੀ ਨੌਕਰੀ ਅਤੇ ਗੰ੍ਰਥੀ ਗੋਰਾ ਸਿੰਘ ਲਈ 5 ਲੱਖ ਰੁਪਏ ਰਾਹਤ ਰਾਸ਼ੀ ਦੇਣ ਦਾ ਐਲਾਨ ਕੀਤਾ। ਟੀਮ ਪਹਿਲਾਂ ਰੁਪਿੰਦਰ ਤੇ ਜਸਵਿੰਦਰ ਦੇ ਘਰ ਪਿੰਡ ਪੰਜਗਰਾਂਈ ਖ਼ੁਰਦ ਵਿਖੇ ਪੁੱਜੀ ਜਿਥੇ ਪੀੜਤਾਂ ਦੀ ਕਹਾਣੀ ਸੁਣੀ।  ਫਿਰ ਇਹ ਟੀਮ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪੁੱਜੀ। ਜਿਸ ਗੁਰਦਵਾਰੇ 'ਚੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਹੋਇਆ ਸੀ, ਉਥੇ ਮੱਥਾ ਟੇਕਿਆ ਅਤੇ ਗੁਰਦਵਾਰੇ ਦੇ ਗ੍ਰੰਥੀ ਗੋਰਾ ਸਿੰਘ ਦੀ ਹੱਡਬੀਤੀ ਨੂੰ ਸੁਣਿਆ। 

ਇਕੱਠ ਨੂੰ ਸੰਬੋਧਨ ਕਰਦਿਆਂ ਸੁਨੀਲ ਜਾਖੜ ਸਮੇਤ ਸਾਰੇ ਮੰਤਰੀਆਂ ਨੇ ਬੇਅਦਬੀ ਕਾਂਡ ਅਤੇ ਉਸ ਤੋਂ ਬਾਅਦ ਵਾਪਰੇ ਗੋਲੀ ਕਾਂਡ ਦਾ ਠੀਕਰਾ ਬਾਦਲ ਪਿਉ-ਪੁੱਤ ਉਪਰ ਭੰਨਦਿਆਂ ਦਾਅਵਾ ਕੀਤਾ ਕਿ ਜਦ ਨਕਲੀ ਦਵਾਈਆਂ ਤੇ ਨਕਲੀ ਬੀਜਾਂ ਕਾਰਨ ਚਿੱਟੀ ਮੱਖੀ ਕਰਕੇ ਸਮੁੱਚੇ ਮਾਲਵੇ 'ਚ ਫ਼ਸਲ ਦੇ ਖ਼ਰਾਬੇ ਦੇ ਰੋਸ ਵਜੋਂ ਕਿਸਾਨਾਂ ਨੇ ਸੜਕ ਤੇ ਰੇਲ ਆਵਾਜਾਈ ਠੱਪ ਕਰ ਦਿਤੀ ਅਤੇ ਸੌਦਾ ਸਾਧ ਦੀ ਫ਼ਿਲਮ ਨਾ ਚਲਾਉਣ ਦੇ ਰੋਸ ਵਜੋਂ ਪ੍ਰੇਮੀਆਂ ਨੇ ਥਾਂ-ਥਾਂ ਰੋਸ ਮੁਜ਼ਾਹਰੇ ਕੀਤੇ ਪਰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਨੇ ਪੁਲਿਸ ਨੂੰ ਸਖ਼ਤੀ ਕਰਨ ਦੀ ਹਦਾਇਤ ਨਾ ਕੀਤੀ।

ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਗੋਲੀ ਚਲਾਉਣ ਦੇ ਹੁਕਮ ਦੇ ਦਿਤੇ ਗਏ। ਮੰਤਰੀਆਂ ਨੇ ਬਾਦਲਾਂ ਅਤੇ ਮਜੀਠੀਆ ਨੂੰ ਛੇਤੀ ਹੀ ਜੇਲੀਂ ਡੱਕਣ ਦਾ ਭਰੋਸਾ ਦਿਤਾ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ ਨੂੰ ਬਿਲਕੁਲ ਠੀਕ ਅਤੇ ਦਰੁਸਤ ਦਸਦਿਆਂ ਪੀੜਤ ਰੁਪਿੰਦਰ ਸਿੰਘ ਨੇ ਆਖਿਆ ਕਿ ਸੈਂਕੜੇ ਲੋਕਾਂ ਦੇ ਹਲਫ਼ੀਆ ਬਿਆਨਾਂ ਦੇ ਆਧਾਰ 'ਤੇ ਜਸਟਿਸ ਰਣਜੀਤ ਸਿੰਘ ਨੇ ਬਾਦਲ ਪਿਉ-ਪੁੱਤ ਨੂੰ ਬੇਅਦਬੀ ਅਤੇ ਗੋਲੀਕਾਂਡ ਲਈ ਕਸੂਰਵਾਰ ਠਹਿਰਾਇਆ ਹੈ ਪਰ ਉਨ੍ਹਾਂ ਦਾ ਪਰਵਾਰ ਪਹਿਲੇ ਦਿਨ ਤੋਂ ਹੀ ਬਾਦਲ ਪਿਉ-ਪੁੱਤ ਨੂੰ ਦੋਸ਼ੀ ਮੰਨਦਾ ਸੀ।