ਇਨਸਾਫ਼ ਮੋਰਚੇ ਦੇ ਆਗੂਆਂ ਨੇ ਬਾਦਲਾਂ 'ਤੇ ਡੇਰਾ ਪ੍ਰੇਮੀਆਂ ਤੋਂ ਹਮਲਾ ਕਰਵਾਉਣ ਦੇ ਲਾਏ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨਸਾਫ਼ ਮੋਰਚੇ ਦੇ ਆਗੂਆਂ ਨੇ 15 ਸਤੰਬਰ ਨੂੰ ਬਾਦਲ ਦਲ ਵਲੋਂ ਕੋਟਕਪੂਰਾ ਵਿਖੇ ਕੀਤੀ ਜਾਣ ਵਾਲੀ ਪੋਲ ਖੋਲ੍ਹ ਰੈਲੀ ਸਬੰਧੀ ਖਦਸ਼ਾ ਜ਼ਾਹਰ ਕੀਤਾ ਹੈ...........

Justice Morcha

ਕੋਟਕਪੂਰਾ : ਇਨਸਾਫ਼ ਮੋਰਚੇ ਦੇ ਆਗੂਆਂ ਨੇ 15 ਸਤੰਬਰ ਨੂੰ ਬਾਦਲ ਦਲ ਵਲੋਂ ਕੋਟਕਪੂਰਾ ਵਿਖੇ ਕੀਤੀ ਜਾਣ ਵਾਲੀ ਪੋਲ ਖੋਲ੍ਹ ਰੈਲੀ ਸਬੰਧੀ ਖਦਸ਼ਾ ਜ਼ਾਹਰ ਕੀਤਾ ਹੈ ਕਿ ਬਾਦਲਾਂ ਅਤੇ ਹੋਰ ਅਕਾਲੀ ਆਗੂ ਉਕਤ ਰੈਲੀ ਦੀ ਆੜ 'ਚ ਡੇਰਾ ਪ੍ਰੇਮੀਆਂ ਦਾ ਇਕੱਠ ਕਰ ਕੇ ਇਨਸਾਫ਼ ਮੋਰਚੇ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਉਨ੍ਹਾਂ ਦੇਸ਼ ਭਰ 'ਚ ਵਸਦੀਆਂ ਪੰਥਕ ਸੋਚ ਰੱਖਣ ਵਾਲੀਆਂ ਸਿੱਖ ਸੰਸਥਾਵਾਂ, ਧਾਰਮਕ ਜਥੇਬੰਦੀਆਂ, ਪੰਥਦਰਦੀਆਂ ਅਤੇ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ 15 ਸਤੰਬਰ ਨੂੰ ਵੱਡੀ ਗਿਣਤੀ 'ਚ ਬਰਗਾੜੀ ਮੋਰਚੇ 'ਚ ਸ਼ਮੂਲੀਅਤ ਕਰਨ ਤਾਂ ਜੋ ਬਾਦਲਾਂ ਦੀ ਕੋਝੀ ਸਾਜ਼ਸ਼ ਅਰਥਾਤ ਗੰਦੀ ਕਰਤੂਤ ਦਾ ਮੂੰਹ ਤੋੜ ਜਵਾਬ ਦਿਤਾ ਜਾ ਸਕੇ। 

ਸੰਗਤਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਵਧਾਈ ਦਿਤੀ ਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸਖ਼ਤ ਤੇਵਰ ਅਪਣਾਉਂਦਿਆਂ ਦੋਸ਼ ਲਾਇਆ ਕਿ ਬਾਦਲਾਂ ਨੇ ਇਨਸਾਫ਼ ਮੋਰਚੇ ਨੂੰ ਬਦਨਾਮ ਕਰਨ ਲਈ ਰੱਜ ਕੇ ਕੂੜ ਪ੍ਰਚਾਰ ਕੀਤਾ, ਕੁਫ਼ਰ ਤੋਲਿਆ ਪਰ ਜਦ ਸੰਗਤਾਂ ਨੇ ਬਾਦਲਾਂ ਦੀ ਕਿਸੇ ਵੀ ਗੱਲ ਨੂੰ ਪ੍ਰਵਾਨ ਨਾ ਕੀਤਾ ਤਾਂ ਹੁਣ ਬਾਦਲ ਦਲ ਦੇ ਆਗੂ ਕਿਸੇ ਵੀ ਹੱਦ ਤਕ ਡਿੱਗ ਕੇ ਨੀਚ ਹਰਕਤ ਕਰ ਸਕਦੇ ਹਨ, ਇਸ ਲਈ ਉਨ੍ਹਾਂ ਦੇਸ਼ ਭਰ 'ਚ ਵਸਦੀਆਂ ਸੰਗਤਾਂ ਨੂੰ ਬਰਗਾੜੀ ਵਿਖੇ ਪੁੱਜਣ ਦੀ ਅਪੀਲ ਕੀਤੀ ਹੈ।

ਉਨ੍ਹਾਂ ਆਖਿਆ ਕਿ ਸ਼ਾਂਤਮਈ ਢੰਗ ਨਾਲ ਚਲ ਰਹੇ ਇਨਸਾਫ਼ ਮੋਰਚੇ ਦੇ ਆਗੂ ਪਹਿਲ ਨਹੀਂ ਕਰਨਗੇ ਪਰ ਜੇਕਰ ਕੋਈ ਹਮਲਾਵਰ ਹੋ ਕੇ ਆਉਂਦਾ ਹੈ ਤਾਂ ਉਸ ਨੂੰ ਮੂੰਹ ਤੋੜ ਜਵਾਬ ਦਿਤਾ ਜਾਵੇਗਾ। ਸੰਗਤਾਂ ਨੇ ਹੱਥ ਖੜੇ ਕਰਦਿਆਂ ਅਤੇ ਜੈਕਾਰੇ ਬੁਲਾ ਕੇ ਭਾਈ ਦਾਦੂਵਾਲ ਦੀ ਉਕਤ ਅਪੀਲ ਦਾ ਸਮਰਥਨ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਕਲ ਦੀ ਅਬੋਹਰ ਰੈਲੀ 'ਚ ਸਿਰਫ਼ ਡੇਰਾ ਪ੍ਰੇਮੀਆਂ ਦਾ ਇਕੱਠ ਸੀ ਅਤੇ ਡੇਰਾ ਪ੍ਰੇਮੀਆਂ ਦੀ ਸ਼ਹਿ 'ਤੇ ਬਾਦਲ ਪੰਜਾਬ ਦੀ ਅਮਨ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕਰਤੂਤ ਕਰ ਸਕਦੇ ਹਨ।