ਇਨਸਾਫ਼ ਮੋਰਚੇ ਦੇ ਆਗੂ ਅਕਾਲੀ-ਭਾਜਪਾ ਗਠਜੋੜ ਅਤੇ ਕਾਂਗਰਸ ਨਾਲ ਵੀ ਨਰਾਜ਼

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੇਅਦਬੀ ਕਾਂਡ ਨੂੰ ਅੰਜਾਮ ਕਿਸ ਨੇ ਦਿਤਾ, ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਗੋਲੀਆਂ ਕਿਸ ਨੇ ਚਲਾਈਆਂ, ਕਿਸ ਦੇ ਹੁਕਮ 'ਤੇ ਗੋਲੀ ਚਲਾਈ ਗਈ............

Bargari Morcha

ਕੋਟਕਪੂਰਾ: ਬੇਅਦਬੀ ਕਾਂਡ ਨੂੰ ਅੰਜਾਮ ਕਿਸ ਨੇ ਦਿਤਾ, ਸ਼ਾਂਤਮਈ ਧਰਨੇ 'ਤੇ ਬੈਠੀਆਂ ਸੰਗਤਾਂ ਉਪਰ ਗੋਲੀਆਂ ਕਿਸ ਨੇ ਚਲਾਈਆਂ, ਕਿਸ ਦੇ ਹੁਕਮ 'ਤੇ ਗੋਲੀ ਚਲਾਈ ਗਈ, ਕੌਣ ਹੈ ਹਿਟਲਰ ਜਾਂ ਜਨਰਲ ਡਾਇਰ? ਇਹ ਸੱਭ ਕੁੱਝ ਜਨਤਕ ਹੋਣ ਚਾਹੀਦਾ ਹੈ। ਇਨਸਾਫ਼ ਮੋਰਚੇ ਦੇ 86ਵੇਂ ਦਿਨ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਆਖਿਆ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਅਤੇ ਕਾਂਗਰਸ ਨੂੰ ਛੱਡ ਕੇ ਬਾਕੀ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਸਮੇਂ ਸਮੇਂ ਸ਼ਮੂਲੀਅਤ ਕਰ ਕੇ ਮੋਰਚੇ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਭਾਈ ਧਿਆਨ ਸਿੰਘ ਮੰਡ ਨੇ ਆਖਿਆ ਕਿ ਸਜ਼ਾਵਾਂ ਪੂਰੀਆਂ ਕਰ ਚੁਕੇ ਜੇਲਾਂ 'ਚ ਬੰਦ ਸਿੰਘਾਂ ਦੀ ਰਿਹਾਈ, ਬੇਅਦਬੀ ਕਾਂਡ ਅਤੇ ਪੁਲਿਸੀਆ ਅਤਿਆਚਾਰ ਨਾਲ ਸਬੰਧਤ ਮੰਗਾਂ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਅਤੇ ਨਿਰੋਲ ਪੰਥਕ ਮੰਗਾਂ ਦੀ ਹਮਾਇਤ 'ਤੇ ਨਾ ਆਉਣ ਵਾਲੀਆਂ ਸਿੱਖ ਸੰਸਥਾਵਾਂ ਅਤੇ ਧਾਰਮਕ ਜਥੇਬੰਦੀਆਂ ਦੇ ਮੁਖੀਆਂ ਦੀ ਸੋਚ ਸਮਝ ਤੋਂ ਬਾਹਰ ਹੈ।

ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਉਕਤ ਪੰਥਕ ਆਗੂਆਂ ਦੀਆਂ ਗੱਲਾਂ ਦਾ ਸਮਰਥਨ ਕਰਦਿਆਂ ਮੰਨਿਆ ਕਿ ਸਮੇਂ ਦੀਆਂ ਸਰਕਾਰਾਂ ਵਲੋਂ ਪੀੜਤ ਪਰਵਾਰਾਂ ਨੂੰ ਇਨਸਾਫ਼ ਨਾ ਦਿਵਾਉਣ ਕਰ ਕੇ ਪੰਥਕ ਆਗੂਆਂ ਨੂੰ ਇਨਸਾਫ਼ ਮੋਰਚਾ ਲਾਉਣ ਲਈ ਮਜਬੂਰ ਹੋਣਾ ਪਿਆ।
ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਲੀਕ ਹੋਈ ਰੀਪੋਰਟ ਨੂੰ ਸਾਜ਼ਸ਼ ਅਤੇ ਮਿਲੀਭੁਗਤ ਕਰਾਰ ਦਿੰਦਿਆਂ ਸ. ਚੀਮਾ ਨੇ ਦਾਅਵਾ ਕੀਤਾ

ਕਿ ਜੇਕਰ ਉਕਤ ਰੀਪੋਰਟ ਲੀਕ ਨਾ ਹੁੰਦੀ ਤਾਂ ਹਿੰਮਤ ਸਿੰਘ ਵਰਗੇ ਗਵਾਹ ਕਿਸੇ ਲਾਲਚ 'ਚ ਆ ਕੇ ਗਵਾਹੀਆਂ ਤੋਂ ਨਾ ਮੁਕਰਦੇ। ਉਨ੍ਹਾਂ ਆਖਿਆ ਕਿ ਉਹ ਵਿਧਾਨ ਸਭਾ ਸੈਸ਼ਨ ਦੌਰਾਨ ਇਨਸਾਫ਼ ਮੋਰਚੇ ਦੀਆਂ ਤਿੰਨ ਮੰਗਾਂ ਦੇ ਨਾਲ-ਨਾਲ ਹੋਰ ਲੋਕ ਮਸਲੇ ਜ਼ਰੂਰ ਰੱਖਣਗੇ। ਉਨ੍ਹਾਂ ਪੁਛਿਆ ਕਿ ਪੀੜਤ ਪਰਵਾਰਾਂ ਨੂੰ ਇਨਸਾਫ਼ ਦਿਵਾਉਣ ਦੀਆਂ ਸਹੁੰਆਂ ਖਾਣ ਵਾਲੇ ਅੱਜ ਚੁੱਪ ਕਿਉਂ ਹਨ?