ਪਟਵਾਰੀ ’ਤੇ ਹੋਏ ਕਾਤਲਾਨਾ ਹਮਲੇ ਤੋਂ ਭੜਕੇ ਪਟਵਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਧਰਨਾ ਲਗਾ ਪੁਲਿਸ ਨੂੰ ਦੇ ਦਿੱਤੀ ਵੱਡੀ ਚਿਤਾਵਨੀ

ਪਟਵਾਰੀ ’ਤੇ ਹੋਏ ਕਾਤਲਾਨਾ ਹਮਲੇ ਤੋਂ ਭੜਕੇ ਪਟਵਾਰੀ

ਲੁਧਿਆਣਾ- ਲੁਧਿਆਣਾ ਦੇ ਇਕ ਪਟਵਾਰੀ ’ਤੇ ਹੋਏ ਕਾਤਲਾਨਾ ਹਮਲੇ ਦੇ ਵਿਰੋਧ ਵਿਚ ਜ਼ਿਲ੍ਹੇ ਦੇ ਸਮੁੱਚੇ ਪਟਵਾਰੀਆਂ ਅਤੇ ਕਾਨੂੰਨਗੋ ਨੇ ਡੀਸੀ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਅਤੇ ਹਮਲਾ ਕਰਨ ਵਾਲਿਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਗੱਲਬਾਤ ਕਰਦਿਆਂ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਮੋਹਨ ਸਿੰਘ ਨੇ ਆਖਿਆ ਕਿ ਭਾਵੇਂ ਉਹ ਪੁਲਿਸ ਵੱਲੋਂ ਇਸ ਮਾਮਲੇ ਵਿਚ ਕੀਤੀ ਜਾ ਰਹੀ ਹਾਲੇ ਤਕ ਦੀ ਕਾਰਗੁਜ਼ਾਰੀ ਤੋਂ ਖ਼ੁਸ਼ ਹਨ ਪਰ ਜੇਕਰ ਪੁਲਿਸ ਨੇ ਕਾਤਲਾਂ ਨੂੰ ਫੜਨ ਵਿਚ ਢਿੱਲ ਦਿਖਾਈ ਤਾਂ ਉਨ੍ਹਾਂ ਵੱਲੋਂ ਇਸ ਸੰਘਰਸ਼ ਨੂੰ ਪੰਜਾਬ ਪੱਧਰ ’ਤੇ ਲਿਜਾਇਆ ਜਾਵੇਗਾ।

ਇਸੇ ਤਰ੍ਹਾਂ ਪਟਵਾਰ ਯੂਨੀਅਨ ਦੇ ਜ਼ਿਲ੍ਹਾ ਆਗੂ ਗੁਰਮੇਲ ਸਿੰਘ ਨੇ ਕਿਹਾ ਕਿ ਪਟਵਾਰੀ ਦੀਪਕ ਸਿੰਗਲਾ ’ਤੇ ਹੋਇਆ ਕਾਤਲਾਨਾ ਹਮਲਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਆਖਿਆ ਕਿ ਜੇਕਰ ਇਸ ਮਾਮਲੇ ਵਿਚ ਪੁਲਿਸ ਨੇ ਸੋਮਵਾਰ ਤਕ ਹਮਲਾਵਰਾਂ ਨੂੰ ਨਾ ਫੜਿਆ ਤਾਂ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਜਾਵੇਗੀ। ਦੱਸ ਦਈਏ ਕਿ ਬੀਤੇ ਦਿਨ ਲੁਧਿਆਣਾ ਦੇ ਥਰੀਕੇ ਪਿੰਡ ਵਿਚ ਦੀਪਕ ਸਿੰਗਲਾ ਨਾਂਅ ਦੇ ਪਟਵਾਰੀ ’ਤੇ ਕੁੱਝ ਹਮਲਾਵਰਾਂ ਨੇ ਧਾਰਦਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਸੀ। ਜਿਸ ਦੌਰਾਨ ਉਹ ਕਾਫ਼ੀ ਜ਼ਖ਼ਮੀ ਹੋ ਗਿਆ ਸੀ। ਹਮਲਾਵਰ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫ਼ਰਾਰ ਹੋ ਗਏ ਸਨ ਜੋ ਅਜੇ ਤਕ ਪੁਲਿਸ ਦੀ ਪਕੜ ਤੋਂ ਦੂਰ ਦੱਸੇ ਜਾ ਰਹੇ । 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।