2 ਵੱਖ-ਵੱਖ ਮਾਮਲਿਆਂ ’ਚ ਫਾਇਰਿੰਗ ਕਰਨ ਵਾਲੇ 3 ਮੁਲਜ਼ਮ ਅਸਲੇ ਸਮੇਤ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਕ ਹਾਲੇ ਵੀ ਫਰਾਰ, ਅਮਰੀਕਾ ’ਚ ਬੈਠੇ ਗੈਂਗਸਟਰ ਆਸ਼ੂ ਅਤੇ ਲਾਲਾ ਵੀ ਨਾਮਜ਼ਦ

3 accused who fired in 2 different cases arrested along with weapons

 

ਐਸ.ਏ.ਐਸ.ਨਗਰ: ਸੀ.ਆਈ. ਏ. ਸਟਾਫ ਵਲੋਂ ਫਿਰੌਤੀ ਮੰਗਣ ਦੇ ਮਾਮਲੇ ਨੂੰ ਟਰੇਸ ਕਰਦਿਆਂ ਫਾਇਰਿੰਗ ਕਰਨ ਵਾਲੇ ਜਿਥੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਉਥੇ ਹੀ ਅਮਰੀਕਾ ’ਚ ਬੈਠੇ ਹਮਲਾ ਕਰਵਾਉਣ ਵਾਲੇ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। ਗ੍ਰਿਫਤਾਰ ਮੁਲਜ਼ਮ ਦੀ ਪਛਾਣ ਅਮਨਜੋਤ ਸਿੰਘ ਉਰਫ ਅਮਨਾ ਵਾਸੀ ਪਿੰਡ ਬਰੋਲੀ ਤਹਿਸੀਲ ਡੇਰਾਬਸੀ ਵਜੋਂ ਹੋਈ ਹੈ। ਇਸ ਸਬੰਧੀ ਜਿਲਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ 8 ਸਤੰਬਰ ਨੂੰ ਸੁਰਿੰਦਰ ਸਿੰਘ ਦੇ ਘਰ ਵਿਚ ਦਾਖਲ ਹੋ ਕੇ 2 ਮੋਟਰਸਾਈਕਲ ਸਵਾਰਾਂ ਵਲੋਂ ਫਾਇਰਿੰਗ ਕੀਤੀ ਗਈ ਸੀ।

 

ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਐਸ. ਪੀ. ਅਮਨਦੀਪ ਸਿੰਘ ਬਰਾੜ ਅਤੇ ਡੀ. ਐਸ. ਪੀ. ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ’ਚ ਇਕ ਟੀਮ ਗਠਿਤ ਕੀਤੀ ਅਤੇ ਫਾਇਰਿੰਗ ਕਰਨ ਵਾਲੇ ਅਮਨਜੋਤ ਸਿੰਘ ਅਮਨਾ ਨੂੰ ਕਾਬੂ ਕਰ ਲਿਆ, ਜਦੋਂ ਕਿ ਉਸ ਦਾ ਦੂਜਾ ਸਾਥੀ ਹਾਲੇ ਫਰਾਰ ਹੈ। ਜਿਲਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਵਿਦੇਸ਼ ’ਚ ਬੈਠੇ ਲਾਲਾ ਬੈਨੀਪਾਲ ਨਾਮ ਦੇ ਵਿਅਕਤੀ ਨੇ ਸੁਰਿੰਦਰ ਸਿੰਘ ਨੂੰ ਫੋਨ ਕਰਕੇ 10 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ।

 

ਫਿਰੌਤੀ ਨਾ ਦੇਣ ਕਾਰਨ ਲਾਲ ਬੈਨੀਪਾਲ ਨੇ ਸੁਰਿੰਦਰ ਸਿੰਘ ਨੂੰ ਧਮਕੀਆਂ ਦਿੱਤੀਆਂ ਅਤੇ ਉਸ ਦੇ ਘਰ 2 ਵਿਅਕਤੀ ਭੇਜ ਕੇ ਡਰਾਉਣ ਲਈ ਫਾਇਰਿੰਗ ਕਰਵਾਈ ਗਈ। ਉਨਾਂ ਦੱਸਿਆ ਕਿ ਵਿਦੇਸ਼ ’ਚ ਬੈਠੇ ਲਾਲਾ ਨੂੰ ਲੱਗਿਆ ਕਿ ਸੁਰਿੰਦਰ ਸਿੰਘ ਕਿਸੇ ਕੰਪਨੀ ਦਾ ਮਾਲਕ ਹੈ, ਜਦੋਂ ਕਿ ਸੁਰਿੰਦਰ ਸਿੰਘ ਫਾਇਨਾਂਸ ਕੰਪਨੀ ’ਚ ਨੌਕਰੀ ਕਰਦਾ ਹੈ। ਲਾਲਾ ਨੇ ਕੰਪਨੀ ਮਾਲਕ ਸਮਝ ਕੇ ਫਿਰੌਤੀ ਦੀ ਮੰਗ ਕੀਤੀ ਸੀ। ਇਸ ਮਾਮਲੇ ’ਚ ਗ੍ਰਿਫਤਾਰ ਅਮਨਾ ਕੋਲੋਂ 32 ਬੋਰ ਦਾ ਇਕ ਪਿਸਟਲ, 2 ਜਿੰਦਾ ਕਾਰਤੂਸ ਅਤੇ ਇਕ ਸਪਲੈਂਡਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ’ਚ ਲਾਲਾ ਬੈਨੀਪਾਲ ਸਮੇਤ ਫਾਇਰਿੰਗ ਕਰਨ ਵਾਲੇ ਦੋਵਾਂ ਮੋਟਰਸਾਈਕਲ ਸਵਾਰਾਂ ਖਿਲਾਫ ਧਾਰਾ-336 ਅਤੇ ਆਰਮਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ।

 

ਮੋਨੂੰ ’ਤੇ ਗੋਲੀਆਂ ਚਲਾਉਣ ਵਾਲੇ ਦੋਵੇਂ ਮੁਲਜ਼ਮ ਕਾਬੂ, ਪਤਨੀ ਨਾਲ ਸਬੰਧਾਂ ਦੇ ਸ਼ੱਕ ’ਚ ਕਰਵਾਈ ਫਾਇਰਿੰਗ

5 ਅਪ੍ਰੈਲ ਨੂੰ ਥਾਣਾ ਨਵਾਂ ਗਰਾਂਓ ਅਧੀਨ ਪੈਂਦੇ ਇਲਾਕੇ ’ਚ ਮੋਨੂੰ ਨਾਂ ਦੇ ਨੌਜਵਾਨ ’ਤੇ ਗੋਲੀਆਂ ਚਲਾ ਕੇ ਉਸ ਨੂੰ ਜਖ਼ਮੀ ਕਰ ਦੇਣ ਮਾਮਲੇ ਨੂੰ ਪੁਲਿਸ ਵਲੋਂ ਸੁਲਝਾਉਂਦਿਆ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਗੁਰਦਾਸ ਉਰਫ ਬੋਨਾ ਵਾਸੀ ਪਿਹੋਵਾ ਆਨੰਦ ਕਲੋਨੀ ਹਰਿਆਣਾ ਅਤੇ ਮੁਕੁਲ ਸਿੰਘ ਵਾਸੀ ਢਾਲਪੁਰ ਜਿਲਾ ਕੁੱਲੂ ਹਿਮਾਚਲ ਪ੍ਰਦੇਸ਼ ਵਜੋਂ ਹੋਈ ਹੈ।

ਇਸ ਸਬੰਧੀ ਜਿਲਾ ਪੁਲਿਸ ਮੁਖੀ ਡਾ. ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਇਸ ਮਾਮਲੇ ਦੀ ਪੜਤਾਲ ’ਚ ਸਾਹਮਣੇ ਆਇਆ ਕਿ ਗੈਂਗਸਟਰ ਆਸ਼ੂ ਵਾਸੀ ਜੀਂਦ ਹਰਿਆਣਾ ਜੋ ਕਿ ਇਸ ਸਮੇਂ ਅਮਰੀਕਾ ’ਚ ਹੈ, ਦਾ ਆਪਣੀ ਪਤਨੀ ਦੇ ਨਾਲ ਝਗੜਾ ਚੱਲਦਾ ਸੀ ਅਤੇ ਇਨਾਂ ਦੋਵਾਂ ਵਿਕਾਰ ਅਣਬਣ ਰਹਿੰਦੀ ਸੀ। ਮੋਨੂੰ ਅਤੇ ਆਸ਼ੂ ਆਪਸ ਵਿਚ ਦੋਸਤ ਸਨ ਅਤੇ ਆਸ਼ੂ ਨੇ ਸ਼ੱਕ ਦੇ ਚਲਦਿਆਂ ਮੋਨੂੰ ’ਤੇ ਆਪਣੇ ਦੋ ਸਾਥੀਆਂ ਵਲੋਂ ਡਰਾਉਣ ਦੀ ਅਤੇ ਧਮਕਾਉਣ ਦੇ ਇਰਾਦੇ ਨਾਲ ਫਾਇਰਿੰਗ ਕਰਵਾਈ ਸੀ। ਜਿਲਾ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਮਾਮਲੇ ’ਚ ਗੋਲੀ ਚਲਾਉਣ ਵਾਲੇ ਗ੍ਰਿਫਤਾਰ ਦੋਵਾਂ ਮੁਲਜ਼ਮਾਂ ਅਤੇ ਆਸ਼ੂ ਨੂੰ ਧਾਰਾ-307, 120ਬੀ, 34 ਅਤੇ ਆਰਮਜ਼ ਐਕਟ ਦੇ ਤਹਿਤ ਨਾਮਜ਼ਦ ਕਰ ਲਿਆ ਹੈ ਅਤੇ ਇਸ ਮਾਮਲੇ ’ਚ ਗ੍ਰਿਫਤਾਰ ਮੁਲਜ਼ਮਾਂ ਕੋਲੋਂ 2 ਪਿਸਟਲ 32 ਬੋਰ ਅਤੇ 2 ਜਿੰਦਾ ਕਾਰਤੂਸ ਬਰਾਮਦ ਕਰ ਲਏ ਹਨ।