ਸਰਕਾਰੀਆ ਵੱਲੋਂ ਤਹਿਸੀਲਦਾਰਾਂ/ਨਾਇਬ-ਤਹਿਸੀਲਦਾਰਾਂ ਨੂੰ ਹਰ ਮਹੀਨੇ ਟੂਰ ਪ੍ਰੋਗਰਾਮ ਬਣਾਉਣ ਦੇ ਨਿਰਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹੀ ਮਾਅਨਿਆਂ ਵਿੱਚ ਲੋਕਪੱਖੀ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸਾਰੇ ਮਾਲ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਹਨ ...

Sukhbinder Singh Sarkaria

ਚੰਡੀਗੜ੍ਹ (ਸਸਸ) - ਸਹੀ ਮਾਅਨਿਆਂ ਵਿੱਚ ਲੋਕਪੱਖੀ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਮਾਲ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਸਾਰੇ ਮਾਲ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਫੀਲਡ ਵਿੱਚ ਜਾ ਕੇ ਕੰਮ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਖੱਜਲ-ਖੁਆਰੀ ਨਾ ਹੋਵੇ। ਮਾਲ ਮੰਤਰੀ ਦੇ ਨੋਟਿਸ ਵਿੱਚ ਆਇਆ ਸੀ ਕਿ ਕੁੱਝ ਅਫ਼ਸਰਾਂ ਵੱਲੋਂ ਮੌਕੇ 'ਤੇ ਜਾ ਕੇ ਕੰਮ ਕਰਨ ਬਜਾਏ ਆਪਣੇ ਦਫ਼ਤਰਾਂ ਵਿੱਚ ਬੈਠੇ ਰਹਿਣ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਨਾਲ ਜੂਝਣਾ ਪੈ ਰਿਹਾ ਹੈ।

ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸ੍ਰੀ ਸਰਕਾਰੀਆ ਨੇ ਸਮੂਹ ਮਾਲ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਜਿਹੜੇ ਵੀ ਕੰਮ ਫੀਲਡ ਵਿੱਚ ਮੌਕੇ ਉਤੇ ਜਾ ਕੇ ਕੀਤੇ ਜਾਣੇ ਚਾਹੀਦੇ ਹਨ ਉਨ੍ਹਾਂ ਨੂੰ ਦਫ਼ਤਰਾਂ ਵਿੱਚ ਬੈਠ ਕੇ ਕਰਨ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਾਪ੍ਰਵਾਹੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਆਦੇਸ਼ ਦਿੱਤੇ ਹਨ ਕਿ ਹਰੇਕ ਤਹਿਸੀਲਦਾਰ/ਨਾਇਬ-ਤਹਿਸੀਲਦਾਰ ਵੱਲੋਂ ਮਹੀਨੇ ਦੇ ਅਖੀਰਲੇ ਹਫ਼ਤੇ ਅਗਲੇ ਮਹੀਨੇ ਕੀਤੇ ਜਾਣ ਵਾਲੇ ਟੂਰ ਬਾਰੇ ਪ੍ਰੋਗਰਾਮ ਤਿਆਰ ਕੀਤਾ ਜਾਵੇਗਾ ਅਤੇ ਇਸ ਨੂੰ ਪ੍ਰਵਾਨਗੀ ਹਿੱਤ ਐਸਡੀਐਮ ਕੋਲ ਭੇਜਿਆ ਜਾਵੇਗਾ।

ਇਸ ਟੂਰ ਪ੍ਰੋਗਰਾਮ ਦੀਆਂ ਕਾਪੀਆਂ ਫੀਲਡ ਕਾਨੂੰਗੋਆਂ ਨੂੰ ਵੀ ਭੇਜੀਆਂ ਜਾਣਗੀਆਂ ਤਾਂ ਜੋ ਉਹ ਸਬੰਧਤ ਪਟਵਾਰੀਆਂ ਨੂੰ ਸਮੇਂ ਸਿਰ ਟੂਰ ਪ੍ਰੋਗਰਾਮ ਬਾਰੇ ਸੂਚਿਤ ਕਰ ਸਕਣ। ਉਨ੍ਹਾਂ ਹਦਾਇਤ ਕੀਤੀ ਕਿ ਟੂਰ ਬਾਰੇ ਪਟਵਾਰੀ ਦੇ ਰੋਜ਼ਾਨਾਮਚਾ ਵਾਕਿਆਤੀ ਵਿੱਚ ਰਪਟ ਦਰਜ ਕਰਾਉਣੀ ਯਕੀਨੀ ਬਣਾਈ ਜਾਵੇ। ਜੇਕਰ ਕੋਈ ਮਾਲ ਅਫ਼ਸਰ ਜਾਂ ਫੀਲਡ ਅਮਲਾ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰੇਗਾ ਤਾਂ ਸਬੰਧਤ ਐਸਡੀਐਮ ਵੱਲੋਂ ਉਸ ਖ਼ਿਲਾਫ਼ ਢੁਕਵੀਂ ਅਨੁਸ਼ਾਸਨੀ ਕਾਰਵਾਈ ਯਕੀਨੀ ਬਣਾਈ ਜਾਵੇਗੀ।

ਮਾਲ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਲ ਅਫ਼ਸਰਾਂ ਨਾਲ ਡਿਵੀਜ਼ਨ ਪੱਧਰ ਉਤੇ ਜਲਦੀ ਮੀਟਿੰਗਾਂ ਕੀਤੀਆਂ ਜਾਣਗੀਆਂ, ਜਿਨ੍ਹਾਂ ਵਿੱਚ ਮਾਲ ਅਫਸਰਾਂ ਦੇ ਹੋਰ ਕੰਮਾਂ ਤੋਂ ਇਲਾਵਾ ਉਨ੍ਹਾਂ ਦੇ ਫੀਲਡ ਟੂਰਾਂ ਦੀ ਸਮੀਖਿਆ ਵੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਲ ਅਫ਼ਸਰਾਂ ਨੂੰ ਗੁੰਝਲਦਾਰ ਸਾਂਝੇ ਖਾਤਿਆਂ ਦੇ ਵਿਵਾਦ ਨਿਬੇੜਨ ਲਈ ਸਬੰਧਤ ਧਿਰਾਂ ਨੂੰ ਆਪਸੀ ਸਹਿਮਤੀ ਨਾਲ ਖਾਨਗੀ ਤਕਸੀਮ ਕਰਵਾਉਣ ਲਈ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ।

ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਐਮਪੀ ਸਿੰਘ ਨੇ ਦੱਸਿਆ ਕਿ ਮਾਲ ਅਫ਼ਸਰਾਂ ਵੱਲੋਂ ਫੀਲਡ ਵਿੱਚ ਜਾ ਕੇ ਇੰਤਕਾਲਾਂ ਦੀ ਤਸਦੀਕ, ਨਵੀਂ ਤਿਆਰ ਕੀਤੀ ਜਮ੍ਹਾਂਬੰਦੀ ਦੀ ਅੰਤਿਮ ਤਸਦੀਕ, ਤਕਸੀਮ ਦੇ ਕੇਸਾਂ ਦੀ ਸ਼ੁਰੂਆਤੀ ਸੁਣਵਾਈ, ਗਿਰਦਾਵਰੀ ਦੀ ਪੜਤਾਲ, ਝਗੜੇ ਵਾਲੇ ਤਕਸੀਮ ਦੇ ਕੇਸਾਂ ਅਤੇ ਨੰਬਰਦਾਰੀ ਦੇ ਕੇਸਾਂ ਦਾ ਨਿਪਟਾਰਾ ਕਰਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਮਾਲ ਅਧਿਕਾਰੀ ਇਨ੍ਹਾਂ ਫੀਲਡ ਕੰਮਾਂ ਵਿੱਚ ਕੁਤਾਹੀ ਕਰੇਗਾ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।