ਸਿੱਖ ਸੰਗਤ ਨੇ ਐਸਡੀਐਮ ਨੂੰ ਸੌਾਪਿਆ ਮੰਗ ਪੱਤਰ
ਹਰਿਆਣੇ ਵਿਚ ਵੱਸਦੇ ਸਿੱਖ ਪਰਵਾਰਾਂ 'ਤੇ ਹੋ ਰਹੇ ਨਸਲੀ ਹਮਲੇ ਦਿਨੋਂ ਦਿਨ ਵਧ ਰਹੇ ਹਨ ਜੋ ਕਿ ਚਿੰਤਾ ਦੇ ਵਿਸ਼ਾ ਹਨ ............
ਸਿਰਸਾ : ਹਰਿਆਣੇ ਵਿਚ ਵੱਸਦੇ ਸਿੱਖ ਪਰਵਾਰਾਂ 'ਤੇ ਹੋ ਰਹੇ ਨਸਲੀ ਹਮਲੇ ਦਿਨੋਂ ਦਿਨ ਵਧ ਰਹੇ ਹਨ ਜੋ ਕਿ ਚਿੰਤਾ ਦੇ ਵਿਸ਼ਾ ਹਨ | ਪਿਛਲੇ ਦਿਨੀਂ ਇਸੇ ਤਰ੍ਹਾਂ ਦਾ ਹੀ ਇਕ ਹਮਲਾ ਹਿਸਾਰ ਸ਼ਹਿਰ ਵਿਚ ਵੱਸਦੇ ਇਕ ਅੰਮਿ੍ਤਧਾਰੀ ਸਿੱਖ ਪਰਵਾਰ ਉੱਤੇ ਹੋਏ ਹਮਲੇ ਸਬੰਧੀ ਸਮੂਹ ਸਿੱਖ ਸੰਗਤ ਅੰਦਰ ਰੋਸ ਦਿਨੋਂ ਦਿਨ ਤੇਜ਼ ਹੋ ਰਿਹਾ ਹੈ | ਇਸੇ ਚੱਲ ਰਹੇ ਰੋਸ ਦੇ ਪ੍ਰਗਟਾਵੇ ਸਬੰਧੀ ਅੱਜ ਸੋਮਵਾਰ ਨੂੰ ਸਿੱਖਾਂ ਅਤੇ ਹੋਰ ਸਾਰੇ ਸਮਾਜ ਦੇ ਲੋਕਾਂ ਦੀ ਬੈਠਕ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੇਂਟ ਕਮੇਟੀ ਵਲੋਂ ਡੱਬਵਾਲੀ ਦੇ ਵਿਸ਼ਵਕਰਮਾ ਗੁਰਦੁਆਰੇ ਵਿਚ ਆਯੋਜਿਤ ਕੀਤੀ ਗਈ |
ਇਸ ਦੀ ਪ੍ਰਧਾਨਤਾ ਕਮੇਟੀ ਦੇ ਪ੍ਰਦੇਸ਼ ਕਾਰਜ ਸੰਮਤੀ ਮੈਂਬਰ ਜਸਵੀਰ ਸਿੰਘ ਭਾਟੀ ਨੇ ਕੀਤੀ | ਸ. ਭਾਟੀ ਨੇ ਕਿਹਾ ਕਿ ਅਜਿਹੇ ਹਮਲੇ ਹਰਿਆਣਾ ਵਿਚ ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਵਧ ਰਹੇ ਰਹੇ ਹਨ ਅਤੇ ਰੁਕਣ ਦਾ ਨਾਮ ਨਹੀਂ ਲੈ ਰਹੇ | ਉਨ੍ਹਾਂ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਕਿ ਹਰਿਆਣਾ ਵਿਚ ਸਰਕਾਰ ਸਿੱਖਾਂ ਨੂੰ ਸੁਰੱਖਿਆ ਦੇਵੇੇ ਅਤੇ ਉਨ੍ਹਾਂ ਦੇ ਜਾਨ-ਮਾਲ ਦੀ ਰੱਖਿਆ ਕਰੇ | ਜੋ ਘਟਨਾ ਹਿਸਾਰ ਵਿਚ ਹੋਈ ਹੈ, ਉਨ੍ਹਾਂ ਸ਼ਰਾਰਤੀ ਅਨਸਰਾਂ ਉੱਤੇ ਕੇਸ ਬਣਾਇਆ ਜਾਵੇ ਅਤੇ ਪੀੜਤ ਪਰਵਾਰ ਉੱਤੇ ਬਣਾਇਆ ਝੂਠਾ ਕੇਸ ਵਾਪਸ ਲਿਆ ਜਾਵੇ ਅਤੇ ਝੂਠਾ ਕੇਸ ਬਣਾਉਣ ਵਾਲੇ ਐਸਐਚਓ ਨੂੰ ਤੁਰਤ ਬਰਖ਼ਾਸਤ ਕੀਤਾ ਜਾਵੇ |
ਉਨ੍ਹਾਂ ਤੋਂ ਇਲਾਵਾ ਪਰਮਜੀਤ ਮਾਖਾ, ਸਰਵਜੀਤ ਰਾਜਾ, ਅਮਰਜੀਤ ਹਵਲਦਾਰ, ਕੁਲਦੀਪ ਭਾਂਭੂ ਅਤੇ ਡਾ.ਸੀਤਾਰਾਮ ਨੇ ਵੀ ਵਿਚਾਰ ਰੱਖੇ ਅਤੇ ਸਿੱਖ ਪਰਵਾਰ ਉੱਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕਰਦੇ ਹੋਏ ਦੋਸ਼ੀਆਂ ਵਿਰੁਧ ਸਖ਼ਤ ਕਾਰਵਾਈ ਦੀ ਮੰਗ ਕੀਤੀ | ਇਸ ਦੇ ਬਾਅਦ ਗੁਰਦੁਆਰੇ ਵਿਚ ਇਕੱਠੀ ਹੋਈ ਸੰਗਤ ਨੇ ਐਸਡੀਐਮ ਡੱਬਵਾਲੀ ਨੂੰ ਇਕ ਮੰਗ ਪੱਤਰ ਦਿਤਾ ਅਤੇ ਦੋਸ਼ੀਆਂ ਨੂੰ ਤੁਰਤ ਗਿ੍ਫਤਾਰ ਕਰਨ ਦੀ ਮੰਗ ਕੀਤੀ |
ਸੰਗਤਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਨਹੀਂ ਮੰਨੀ ਤਾਂ 25 ਅਗੱਸਤ ਨੂੰ ਡੱਬਵਾਲੀ ਆ ਰਹੇ ਮੁੱਖ ਮੰਤਰੀ ਦਾ ਵਿਰੋਧ ਕਰਣ ਦੀ ਰਣਨੀਤੀ ਬਣਾਈ ਜਾਵੇਗੀ | ਇਸ ਲਈ 13 ਮੈਂਬਰੀ ਕਮੇਟੀ ਦਾ ਮੌਕੇ 'ਤੇ ਹੀ ਗਠਨ ਕੀਤਾ ਗਿਆ | ਇਸ ਮੌਕੇ ਬਲਕਰਣ ਖਾਲਸਾ, ਅੰਗਰੇਜ ਸਿੰਘ, ਸ਼ਿਵਚਰਣ, ਮਹੇਂਦਰ ਸਿੰਘ, ਮਲਕੀਤ ਮਾਨ, ਹਰਿੰਦਰ ਸਿੰਘ ਅਤੇ ਕਾਫ਼ੀ ਗਿਣਤੀ ਵਿਚ ਹੋਰ ਲੋਕ ਮੌਜੂਦ ਸਨ |