ਬਿਕਰਮ ਮਜੀਠੀਆ ਨੇ BCCI ਨੂੰ ਲਿਖੀ ਚਿੱਠੀ, PCA ਪ੍ਰਧਾਨ ਵਿਰੁੱਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ CBI ਜਾਂਚ ਦੀ ਕੀਤੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੀ.ਸੀ.ਸੀ.ਆਈ. ਨੂੰ ਭਾਰਤ-ਆਸਟ੍ਰੇਲੀਆ ਮੈਚ ਦੌਰਾਨ ਹੋਈ ਘਪਲੇਬਾਜ਼ੀ ਦੀ ਵੱਖਰੀ ਜਾਂਚ ਦੇ ਹੁਕਮ ਦੇਣ ਲਈ ਵੀ ਕਿਹਾ

Bikram Singh Majithi

 

ਚੰਡੀਗੜ- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੂੰ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੱਲੋਂ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਪ੍ਰਧਾਨ ਗੁਲਜ਼ਾਰ ਇੰਦਰ ਸਿੰਘ ਚਾਹਲ ਖ਼ਿਲਾਫ਼ ਲਗਾਏ ਗਏ ਘਪਲੇਬਾਜ਼ੀ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੁਤੰਤਰ ਪੜਤਾਲ ਦੇ ਨਾਲ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਬੀ.ਸੀ.ਸੀ.ਆਈ. ਪ੍ਰਧਾਨ ਸੌਰਵ ਗਾਂਗੁਲੀ ਅਤੇ ਸਕੱਤਰ ਜੈ ਸ਼ਾਹ ਨੂੰ ਲਿਖੇ ਪੱਤਰਾਂ ਵਿੱਚ, ਮਜੀਠੀਆ ਨੇ ਕਿਹਾ ਕਿ ਹਾਲ ਹੀ ਵਿੱਚ ਭਾਰਤ-ਆਸਟ੍ਰੇਲੀਆ ਮੈਚ ਦੌਰਾਨ ਹੋਏ ਗਬਨ ਅਤੇ ਬੇਨਿਯਮੀਆਂ ਦੀ ਵੀ ਇੱਕ ਵੱਖਰੀ ਜਾਂਚ ਹੋਣੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ ਇਹ ਨਾ ਸਿਰਫ਼ ਪੀ.ਸੀ.ਏ. ਦੇ ਕੰਮਕਾਜ ਵਿੱਚ ਗੜਬੜੀ ਨੂੰ ਰੋਕਣ ਲਈ, ਸਗੋਂ ਪੰਜਾਬ ਦੇ ਉੱਭਰਦੇ ਕ੍ਰਿਕੇਟਰਾਂ ਦਾ ਬਿਹਤਰ ਭਵਿੱਖ ਯਕੀਨੀ ਬਣਾਉਣ ਲਈ ਵੀ ਜ਼ਰੂਰੀ ਹੈ।

ਵੇਰਵੇ ਦਿੰਦਿਆਂ ਮਜੀਠੀਆ ਨੇ ਕਿਹਾ ਕਿ ਪੀ.ਸੀ.ਏ. ਵਿੱਚ ਗੜਬੜ ਗੁਲਜ਼ਾਰ ਇੰਦਰ ਸਿੰਘ ਚਾਹਲ ਦੇ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸ਼ੁਰੂ ਹੋਈ। ਉਨ੍ਹਾਂ ਕਿਹਾ ਕਿ ਚਾਹਲ ਨੂੰ ਪੀ.ਸੀ.ਏ. 'ਚ ਪੈਰਾਸ਼ੂਟ ਰਾਹੀਂ ਉਤਾਰਿਆ ਗਿਆ, ਇਸ ਤੱਥ ਦੇ ਬਾਵਜੂਦ ਕਿ ਉਹ ਇੱਕ ਸਿਆਸੀ ਸ਼ਖ਼ਸੀਅਤ ਸੀ ਜੋ ਪਹਿਲਾਂ ਹੀ ਨਵਜੋਤ ਸਿੰਘ ਸਿੱਧੂ ਦੇ ਕਾਰਜਕਾਲ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਖਜ਼ਾਨਚੀ ਵਜੋਂ ਸੇਵਾ ਨਿਭਾ ਚੁੱਕਿਆ ਹੈ।

ਬੀ.ਸੀ.ਸੀ.ਆਈ. ਦੇ ਪ੍ਰਧਾਨ ਅਤੇ ਸਕੱਤਰ ਨੂੰ ਲਿਖੇ ਆਪਣੇ ਪੱਤਰ ਵਿੱਚ ਮਜੀਠੀਆ ਨੇ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਵਿੱਚ ਪੀ.ਸੀ.ਏ. ਦੇ ਪ੍ਰਬੰਧਨ ਵਿੱਚ ਸਥਾਪਿਤ ਨਿਯਮਾਂ ਅਤੇ ਮੈਨੇਜਮੈਂਟ ਵਿੱਚ ਵੱਡੇ ਪੱਧਰ 'ਤੇ ਬੇਨਿਯਮੀਆਂ ਸਾਹਮਣੇ ਆਈਆਂ ਹਨ ਅਤੇ ਚੀਜ਼ਾਂ ਨੂੰ ਠੀਕ ਕਰਨ ਲਈ ਉਨ੍ਹਾਂ ਦਾ ਦਖਲ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੀ.ਸੀ.ਏ. ਪ੍ਰਧਾਨ ਵੋਟ ਦੇ ਅਧਿਕਾਰ ਨਾਲ 150 ਨਵੇਂ ਲਾਈਫ਼ ਟਾਈਮ ਮੈਂਬਰਾਂ ਨੂੰ ਸ਼ਾਮਲ ਕਰਕੇ ਸੰਵਿਧਾਨ ਦਾ ਘਾਣ ਕਰ ਰਿਹਾ ਹੈ। “ਇਹ ਸੰਸਥਾ ਦੀ ਉੱਚ-ਪੱਧਰੀ ਕੌਂਸਲ ਅਤੇ ਜਨਰਲ ਬਾਡੀ ਦੀ ਪ੍ਰਵਾਨਗੀ ਲਏ ਬਿਨਾਂ ਕੀਤਾ ਜਾ ਰਿਹਾ ਹੈ ਜੋ ਬੀ.ਸੀ.ਸੀ.ਆਈ. ਦੇ ਸੰਵਿਧਾਨ ਦੇ ਵਿਰੁੱਧ ਹੈ", ਮਜੀਠੀਆ ਨੇ ਕਿਹਾ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਕਿਵੇਂ ਨਵੇਂ ਲਾਈਫ਼ ਟਾਈਮ ਮੈਂਬਰਾਂ ਦੀ ਚੋਣ ਕਰਨ ਲਈ ਨਿਯੁਕਤ ਕੀਤੀ ਗਈ ਕਮੇਟੀ ਚਾਹਲ ਦੇ ਸਾਥੀਆਂ ਨਾਲ ਭਰੀ ਹੋਈ ਸੀ ਅਤੇ ਪੰਜ ਵਿੱਚੋਂ ਚਾਰ ਮੈਂਬਰ ਪੀ.ਸੀ.ਏ. ਦੇ ਲਾਈਫ਼ ਟਾਈਮ ਮੈਂਬਰ ਵੀ ਨਹੀਂ ਸਨ।

 “ਕ੍ਰਿਕੇਟਰ ਮਹਿਸੂਸ ਕਰਦੇ ਹਨ ਕਿ ਜੇਕਰ ਇਹ ਗ਼ੈਰ-ਕਨੂੰਨੀ ਕਦਮ ਸਫ਼ਲ ਹੋ ਗਿਆ, ਤਾਂ ਇਸ ਨਾਲ ਪੀ.ਸੀ.ਏ. ਦਾ ਕਿਰਦਾਰ ਬਦਲ ਜਾਵੇਗਾ। ਇਸ ਤਰ੍ਹਾਂ ਪੀ.ਸੀ.ਏ. ਚਾਹਲ ਦੀ ਨਿੱਜੀ ਜਾਗੀਰ ਬਣ ਕੇ ਰਹਿ ਜਾਵੇਗੀ”, ਮਜੀਠੀਆ ਨੇ ਜ਼ੋਰ ਦੇ ਕੇ ਕਿਹਾ। ਅਕਾਲੀ ਆਗੂ ਨੇ ਕਿਹਾ ਕਿ ਪੀ.ਸੀ.ਏ. ਦੇ ਮੁੱਖ ਸਲਾਹਕਾਰ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ ਨੇ ਵੀ ਐਸੋਸੀਏਸ਼ਨ ਦੇ ਮੈਂਬਰਾਂ ਅਤੇ ਜ਼ਿਲ੍ਹਾ ਇਕਾਈਆਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਸ ਕਦਮ ਦਾ ਵਿਰੋਧ ਕੀਤਾ ਸੀ। “ਹਰਭਜਨ ਸਿੰਘ ਨੇ ਪੀ.ਸੀ.ਏ. ਪ੍ਰਧਾਨ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਵੀ ਲਗਾਏ ਹਨ।

ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ ਕਿਵੇਂ ਪਿਛਲੇ ਮਹੀਨੇ ਪੀ.ਸੀ.ਏ. ਸਟੇਡੀਅਮ ਮੋਹਾਲੀ ਵਿਖੇ ਹੋਏ ਭਾਰਤ-ਆਸਟ੍ਰੇਲੀਆ ਕ੍ਰਿਕੇਟ ਮੈਚ ਨੂੰ ਵੀ ਪੂਰੀ ਤਰ੍ਹਾਂ ਨਾਲ ਦੁਰਪ੍ਰਬੰਧ ਦੀ ਭੇਟ ਚੜ੍ਹ ਗਿਆ। ਟਿਕਟਾਂ ਦੀ ਵਿਕਰੀ ਦੇ ਨਾਲ-ਨਾਲ ਪਾਸਾਂ ਦੀ ਵੰਡ ਵਿੱਚ ਵੀ ਘਪਲਾ ਕੀਤਾ ਗਿਆ। ਇੱਥੋਂ ਤੱਕ ਕਿ ਵੀ.ਆਈ.ਪੀ. ਪਾਸਾਂ ਦੇ ਕੋਟੇ ਦੀ ਵੀ ਦੁਰਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਘੁਟਾਲਾ ਛੁਪਾਇਆ ਗਿਆ, ਕਿਉਂਕਿ ਚਾਹਲ ਨੇ ਆਪਣੇ ਇੱਕ ਖ਼ਾਸਮ-ਖ਼ਾਸ ਨੂੰ ਪੀ.ਸੀ.ਏ. ਦਾ ਆਡੀਟਰ ਨਿਯੁਕਤ ਕੀਤਾ ਸੀ।

ਮਜੀਠੀਆ ਨੇ ਬੀ.ਸੀ.ਸੀ.ਆਈ. ਨੂੰ ਅਪੀਲ ਕੀਤੀ ਕਿ ਉਹ ਪੀ.ਸੀ.ਏ. ਨੂੰ ਨਵੇਂ ਮੈਂਬਰ ਸ਼ਾਮਲ ਕਰਨ ’ਤੇ ਤੁਰੰਤ ਰੋਕ ਲਗਾਉਣ ਦੇ ਨਿਰਦੇਸ਼ ਦੇਵੇ। ਉਨ੍ਹਾਂ ਕਿਹਾ ਕਿ ਚੱਲ ਰਹੀਆਂ ਗਤੀਵਿਧੀਆਂ ਬਾਰੇ ਸਾਰੇ ਮੈਂਬਰਾਂ ਦੇ ਵਿਚਾਰ ਜਾਣਨ ਲਈ ਪੀ.ਸੀ.ਏ. ਨੂੰ ਆਪਣੀ ਉੱਚ-ਪੱਧਰੀ ਕੌਂਸਲ ਅਤੇ ਜਨਰਲ ਬਾਡੀ ਦੀ ਬੈਠਕ ਸੱਦਣ ਲਈ ਵੀ ਕਿਹਾ ਜਾਣਾ ਚਾਹੀਦਾ ਹੈ। "ਪੀ.ਸੀ.ਏ. ਦੇ ਖਾਤਿਆਂ ਦੇ ਨਾਲ-ਨਾਲ ਮੁੱਲਾਂਪੁਰ ਵਿੱਚ ਇਸ ਦੇ ਨਵੇਂ ਸਟੇਡੀਅਮ ਦੀ ਉਸਾਰੀ ਵਿੱਚ ਕੀਤੇ ਗਏ ਖ਼ਰਚਿਆਂ ਬਾਰੇ ਜਨਰਲ ਬਾਡੀ ਦੀ ਸੰਤੁਸ਼ਟੀ ਵਾਸਤੇ ਸੁਤੰਤਰ ਆਡੀਟਰਾਂ ਵੱਲੋਂ ਜਾਂਚ ਕੀਤੇ ਜਾਣ ਲਈ ਇੱਕ ਨਿਰਦੇਸ਼ ਜਾਰੀ ਕੀਤਾ ਜਾਣਾ ਚਾਹੀਦਾ ਹੈ।" ਉਨ੍ਹਾਂ ਕਿਹਾ।