ਬੇਅਦਬੀ ਮਾਮਲਾ : SIT ਨੇ ਮੰਗਿਆ 4 ਹਫ਼ਤਿਆਂ ਦਾ ਸਮਾਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

​ਫਿਰ ਤੋਂ ਕੀਤੀ ਜਾਵੇਗੀ ਗੁਰਮੀਤ ਰਾਮ ਰਹੀਮ ਤੋਂ ਪੁਛਗਿੱਛ 

investigation

ਚੰਡੀਗੜ੍ਹ : ਬੇਅਦਬੀ ਮਾਮਲੇ ਸਬੰਧੀ ਪੰਜਾਬ ਸਰਕਾਰ ਵਲੋਂ ਨਵੀਂ ਬਣਾਈ SIT ਵਲੋਂ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਜਵਾਬ ਪੇਸ਼ ਕੀਤਾ ਜਾਣਾ ਸੀ ਪਰ SPS ਪਰਮਾਰ ਦੀ ਅਗਵਾਈ ਵਾਲੀ ਨਵੀਂ ਬਣੀ SIT ਨੇ ਚਾਰ ਹਫਤਿਆਂ ਦਾ ਹੋਰ ਸਮਾਂ ਮੰਗਿਆ ਹੈ ਅਤੇ ਇੱਕ ਵਾਰ ਫਿਰ ਤੋਂ ਗੁਰਮੀਤ ਰਾਮ ਰਹੀਮ ਤੋਂ ਪੁਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ 'ਤੇ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ SIT ਆਪਣੀ ਕਾਰਵਾਈ ਕਰ ਸਕਦੀ ਹੈ ਅਤੇ ਉਨ੍ਹਾਂ ਨੇ ਸੌਦਾ ਸਾਧ ਤੋਂ ਦੋਬਾਰਾ ਪੁਛਗਿੱਛ ਦੀ ਆਗਿਆ ਵੀ ਦੇ ਦਿੱਤੀ ਹੈ। ਕੋਰਟ ਨੇ ਕਿਹਾ ਹੈ ਕਿ ਇਸ ਕਾਰਵਾਈ ਵਿਚ ਕਿਸੇ ਤਰ੍ਹਾਂ ਦੀ ਕੋਈ ਵੀ ਮੁਸ਼ਕਲ ਨਹੀਂ ਆਵੇਗੀ, SIT ਬੇਝਿਜਕ ਆਪਣੀ ਕਾਰਵਾਈ ਕਰ ਸਕਦੀ ਹੈ। 

ਦੱਸਣਯੋਗ ਹੈ ਕਿ ਹੁਣ ਮੁੜ ਤੋਂ SIT ਵਲੋਂ ਸੁਨਾਰੀਆ ਜੇਲ੍ਹ ਜਾ ਕੇ ਡੇਰਾ ਮੁਖੀ ਤੋਂ ਪੁਛਗਿੱਛ ਕੀਤੀ ਜਾਵੇਗੀ ਹਾਲਾਂਕਿ ਇਸ ਲਈ ਸਮਾਂ ਨਿਰਧਾਰਤ ਨਹੀਂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਿਸ਼ੇਸ਼ ਜਾਂਚ ਟੀਮ ਵਲੋਂ ਸੌਦਾ ਸਾਧ ਤੋਂ 100 ਤੋਂ ਵੱਧ ਸਵਾਲ ਪੁੱਛੇ ਗਏ ਸਨ।  ਹੁਣ ਇਸ ਮਾਮਲੇ ਦੀ ਸੁਣਵਾਈ 17 ਦਸੰਬਰ ਨੂੰ ਹੋਵੇਗੀ।

ਦੱਸ ਦੇਈਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਬ ਚੋਰੀ ਹੋਣ ਦੇ ਮਾਮਲੇ ਵਿਚ 63 ਨੰਬਰ FIR ਦਰਜ ਕੀਤੀ ਗਈ ਸੀ ਜਿਸ ਵਿਚ ਗੁਰਮੀਤ ਰਾਮ ਰਹੀਮ ਨਾਮਜ਼ਦ ਹੈ। ਇਸ FIR ਤਹਿਤ ਹੀ ਡੇਰਾ ਮੁਖੀ ਤੋਂ ਪੁਛਗਿੱਛ ਕਰਨ ਲਈ ਪ੍ਰੋਡਕਸ਼ਨ ਵਾਰੰਟ ਮੰਗਿਆ ਗਿਆ ਸੀ  ਜਿਸ 'ਤੇ ਕੋਰਟ ਵਲੋਂ ਸਟੇਅ ਲਗਾ ਦਿਤਾ ਗਿਆ ਸੀ। ਇਹ ਸਟੇਅ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਸਮੇ ਲਗਾਇਆ ਗਿਆ ਸੀ। 

ਇਹ ਵੀ ਪੜ੍ਹੋ :  ਖ਼ਾਕੀ ਹੋਈ ਦਾਗ਼ਦਾਰ : ਰਿਸ਼ਵਤ ਲੈ ਕੇ ਛੱਡਿਆ ਅਫ਼ੀਮ ਤਸਕਰ, ਮਾਮਲਾ ਦਰਜ 

SPS ਪਰਮਾਰ ਦੀ ਅਗਵਾਈ ਵਾਲੀ ਨਵੀਂ ਬਣੀ SIT ਨੂੰ ਕੋਰਟ ਨੇ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਵਲੋਂ ਗੁਰਮੀਤ ਰਾਮ ਰਹੀਮ ਤੋਂ ਪੁਛਗਿੱਛ ਸੁਨਾਰੀਆ ਜੇਲ੍ਹ ਵਿਚ ਜਾ ਕੇ ਹੀ ਕੀਤੀ ਜਾਵੇਗੀ, ਇਥੇ ਰਾਮ ਰਹੀਮ ਨੂੰ ਨਹੀਂ ਲਿਆਂਦਾ ਜਾਵੇਗਾ।

ਕੋਰਟ ਨੇ ਇਹ ਫ਼ੈਸਲਾ ਲਾਅ ਐਂਡ ਆਰਡਰ ਨੂੰ ਧਿਆਨ ਵਿਚ ਰੱਖ ਕੇ ਲਿਆ ਸੀ ਜਿਸ ਤਹਿਤ 8 ਨਵੰਬਰ ਨੂੰ SIT ਵਲੋਂ ਰਾਮ ਰਹੀਮ ਤੋਂ ਪੁਛਗਿੱਛ ਕੀਤੀ ਗਈ ਸੀ। SIT ਨੂੰ ਲਗਦਾ ਹੈ ਕਿ ਅਜੇ ਹੋਰ ਵੀ ਸਵਾਲ ਪੁੱਛਣੇ ਬਾਕੀ ਹਨ ਜਿਸ ਤੋਂ ਬਾਅਦ ਹੀ ਫਾਈਨਲ ਰਿਪੋਰਟ ਕੋਰਟ ਵਿਚ ਪੇਸ਼ ਕੀਤੀ ਜਾਵੇਗੀ। ਇਸ ਲਈ ਅੱਜ ਕੋਰਟ ਤੋਂ 4 ਹਫ਼ਤੇ ਦਾ ਹੋਰ ਸਮਾਂ ਮੰਗਿਆ ਗਿਆ ਹੈ।