ਬੇਅਦਬੀ ਮਾਮਲੇ ’ਚ SIT ਨੇ 9 ਘੰਟੇ ਕੀਤੀ ਸੌਦਾ ਸਾਧ ਕੋਲੋਂ ਪੁੱਛ-ਗਿੱਛ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

9 ਘੰਟੇ ਤੱਕ ਹੋਈ ਪੁੱਛ-ਗਿੱਛ ਤੋਂ ਬਾਅਦ ਜੇਲ੍ਹ ’ਚੋਂ ਨਿਕਲੇ ਸਿੱਟ ਮੁਖੀ ਨੇ ਕਿਹਾ ਕਿ 12 ਨਵੰਬਰ ਤੋਂ ਪਹਿਲਾਂ ਹਾਈਕੋਰਟ ਵਿਚ ਰਿਪੋਰਟ ਪੇਸ਼ ਕੀਤੀ ਜਾਵੇਗੀ।

Sauda Sadh

ਰੋਹਤਕ (ਹਰਦੀਪ ਸਿੰਘ ਭੋਗਲ): ਸਾਲ 2015 ਦੇ ਬੇਅਦਬੀ ਮਾਮਲੇ ਵਿਚ ਸੌਦਾ ਸਾਧ ਕੋਲੋਂ ਪੁੱਛ-ਗਿੱਛ ਲਈ ਅੱਜ ਪੰਜਾਬ ਪੁਲਿਸ ਦੀ ਸਿੱਟ ਰੋਹਤਕ ਦੀ ਸੁਨਾਰੀਆ ਜੇਲ੍ਹ ਪਹੁੰਚੀ ਸੀ। 9 ਘੰਟੇ ਤੱਕ ਹੋਈ ਪੁੱਛ-ਗਿੱਛ ਤੋਂ ਬਾਅਦ ਜੇਲ੍ਹ ’ਚੋਂ ਨਿਕਲੇ ਸਿੱਟ ਮੁਖੀ ਨੇ ਕਿਹਾ ਕਿ 12 ਨਵੰਬਰ ਤੋਂ ਪਹਿਲਾਂ ਹਾਈਕੋਰਟ ਵਿਚ ਰਿਪੋਰਟ ਪੇਸ਼ ਕੀਤੀ ਜਾਵੇਗੀ। ਸਿੱਟ ਮੁਖੀ ਨੇ ਇਸ ਸਬੰਧੀ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ।  

ਦੱਸ ਦਈਏ ਕਿ ਬੇਅਦਬੀ ਮਾਮਲੇ ਵਿਚ ਸੌਦਾ ਸਾਧ ਤੋਂ ਪੁੱਛਗਿੱਛ ਲਈ ਸਿੱਟ ਨੇ ਸਵਾਲਾਂ ਦੀ ਲੰਬੀ ਸੂਚੀ ਤਿਆਰ ਕੀਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ 'ਚ ਕਰੀਬ 9 ਘੰਟੇ ਸਵਾਲ-ਜਵਾਬ ਹੋਏ। ਇਸ ਦੇ ਲਈ ਪੰਜਾਬ ਪੁਲਿਸ ਦੀ ਸਿੱਟ ਦਾ ਕਾਫਲਾ ਸੋਮਵਾਰ ਸਵੇਰੇ 9:30 ਵਜੇ ਸੁਨਾਰੀਆ ਜੇਲ੍ਹ ਪਹੁੰਚਿਆ। ਇਸ ਮੌਕੇ ਰਾਮ ਰਹੀਮ ਦੇ ਵਕੀਲ ਵੀ ਮੌਜੂਦ ਸਨ ਕਿਉਂਕਿ ਰਾਮ ਰਹੀਮ ਨੇ ਆਪਣੇ ਵਕੀਲਾਂ ਦੀ ਮੌਜੂਦਗੀ 'ਚ ਹੀ ਸਵਾਲਾਂ ਦੇ ਜਵਾਬ ਦੇਣ ਦੀ ਗੱਲ ਕਹੀ ਸੀ।

ਇਸ ਤੋਂ ਪਹਿਲਾਂ ਫਰੀਦਕੋਟ ਅਦਾਲਤ ਵੱਲੋਂ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਗਿਆ ਸੀ। ਇਸ ਵਿਚ ਐਸਆਈਟੀ ਨੇ ਰਾਮ ਰਹੀਮ ਨੂੰ ਪੰਜਾਬ ਲਿਆ ਕੇ ਪੁੱਛਗਿੱਛ ਕਰਨੀ ਸੀ ਹਾਲਾਂਕਿ ਰਾਮ ਰਹੀਮ ਦੇ ਵਕੀਲ ਹਾਈਕੋਰਟ ਗਏ।

ਦੱਸ ਦਈਏ ਕਿ ਪਿਛਲੇ ਸਮੇਂ ’ਚ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸੁਰਿੰਦਰਪਾਲ ਸਿੰਘ ਪਰਮਾਰ ਆਈਜੀ ਬਾਰਡਰ ਰੇਂਜ ਦੀ ਅਗਵਾਈ ਵਾਲੀ ਐਸਆਈਟੀ ਨੇ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੋਣ ਦੇ ਮਾਮਲੇ ਵਿਚ ਥਾਣਾ ਬਾਜਾਖਾਨਾ ਵਿਖੇ ਦਰਜ ਹੋਈ ਐਫ਼ਆਈਆਰ ਨੰਬਰ 63 ਵਿਚ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਸਾਜ਼ਿਸ਼ ਰਚਣ ਦੇ ਦੋਸ਼ ਤਹਿਤ ਨਾਮਜ਼ਦ ਕੀਤਾ ਸੀ।