ਕਿਸਾਨਾਂ ਨੂੰ ਗੱਡੀ ਅੱਗੇ ਦਬੱਲਣ ਵਾਲੇ ਨੋਨੀ ਮਾਨ ਦਾ ਬਿਆਨ, ‘ਸਾਜ਼ਿਸ਼ ਪਿੱਛੇ ਪਰਮਿੰਦਰ ਪਿੰਕੀ ਦਾ ਹੱਥ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਆਗੂ ਨੋਨੀ ਮਾਨ ਨੇ ਕਿਹਾ ਕਿ ਇਹ ਸਭ ਗਿਣੀ ਮਿਥੀ ਸਾਜ਼ਿਸ਼ ਤਹਿਤ ਹੋਇਆ ਹੈ, ਇਸ ਦੇ ਪਿੱਛੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਹੱਥ ਹੈ।

Noni Mann

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਮੈਂਬਰ ਹਰਸਿਮਰਤ ਬਾਦਲ ਦੀ ਫ਼ਿਰੋਜ਼ਪੁਰ ਫੇਰੀ ਦੌਰਾਨ ਕਿਸਾਨਾਂ ਅਤੇ ਅਕਾਲੀ ਆਗੂਆਂ ਵਿਚਾਲੇ ਹੋਈ ਝੜਪ ਮਗਰੋਂ ਅਕਾਲੀ ਦਲ ’ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ ਜਾ ਰਹੇ ਹਨ। ਇਸ ਘਟਨਾ ਦੀ ਤੁਲਨਾ ਲਖੀਮਪੁਰ ਖੀਰੀ ਦੀ ਘਟਨਾ ਨਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਅਕਾਲੀ ਆਗੂ ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ ਇਹ ਸਭ ਗਿਣੀ ਮਿਥੀ ਸਾਜ਼ਿਸ਼ ਤਹਿਤ ਹੋਇਆ ਹੈ, ਇਸ ਦੇ ਪਿੱਛੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦਾ ਹੱਥ ਹੈ।

ਹੋਰ ਪੜ੍ਹੋ: ਸਾਢੇ 4 ਸਾਲਾਂ 'ਚ ਕੈਪਟਨ ਨੇ ਨਸ਼ਿਆਂ ਦੇ ਹੱਲ ਲਈ ਕੁੱਝ ਨਹੀਂ ਕੀਤਾ- ਸੁਖਜਿੰਦਰ ਰੰਧਾਵਾ

ਨੋਨੀ ਮਾਨ ਨੇ ਕਿਹਾ ਕਿ ਜੋ ਤਸਵੀਰ ਪੇਸ਼ ਕੀਤੀ ਗਈ ਉਹ ਸਹੀ ਨਹੀਂ ਹੈ। ਉਹਨਾਂ ਦੀ ਖੜ੍ਹੀ ਹੋਈ ਗੱਡੀ ਦੇ ਬੋਨਟ ’ਤੇ ਵਿਅਕਤੀ ਆ ਕੇ ਚੜ੍ਹੇ ਅਤੇ ਉਹਨਾਂ ਨੇ ਸਾਨੂੰ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ। ਅਕਾਲੀ ਆਗੂ ਨੇ ਕਿਹਾ ਕਿ ਸਾਡੇ ਕੋਲ ਭੱਜ ਕੇ ਅਪਣੀ ਜਾਨ ਬਚਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਇਸ ਲਈ ਅਸੀਂ ਗੱਡੀ ਭਜਾਈ ਤੇ ਉਹ ਵਿਅਕਤੀ ਪੌਣੇ ਕਿਲੋਮੀਟਰ ਤੱਕ ਹਮਲਾ ਕਰਦੇ ਰਹੇ, ਗੱਡੀ 10-15 ਸਪੀਡ ’ਤੇ ਜਾ ਰਹੀ ਸੀ। ਨੋਨੀ ਮਾਨ ਨੇ ਕਿਹਾ ਕਿ ਉਹਨਾਂ ਕੋਲ ਵੀਡੀਓਜ਼ ਵੀ ਹਨ, ਜਿਨ੍ਹਾਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਲੋਕਾਂ ਨੂੰ ਗੱਡੀ ਘੇਰਨ ਲਈ ਉਕਸਾਇਆ ਗਿਆ।

ਹੋਰ ਪੜ੍ਹੋ: ਮੁੱਖ ਮੰਤਰੀ ਦੱਸਣ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿਚ ਪੰਜਾਬ ਲਈ ਕੀ ਵਿਸ਼ੇਸ਼ ਕੀਤਾ ਹੈ? : ਹਰਪਾਲ ਚੀਮਾ

ਨੋਨੀ ਮਾਨ ਨੇ ਦੱਸਿਆ ਕਿ ਉਹਨਾਂ ਨੇ ਅਤੇ ਉਹਨਾਂ ਦੇ ਗਨਮੈਨ ਨੇ ਅਪਣੀ ਜਾਨ ਬਚਾਉਣ ਲਈ ਹਵਾਈ ਫਾਇਰ ਕੀਤੇ। ਇਸ ਘਟਨਾ ਨੂੰ ਲਖੀਮਪੁਰ ਖੀਰੀ ਵਗਰੀ ਘਟਨਾ ਕਹਿਣਾ ਗਲਤ ਹੈ, ਇਸ ਵਿਚ ਸਾਡੀ ਜਾਨ ਨੂੰ ਖਤਰਾ ਸੀ। ਕੋਸ਼ਿਸ਼ ਕੀਤੀ ਗਈ ਕਿ ਜਿਸ ਤਰ੍ਹਾਂ ਅਬੋਹਰ ਵਾਲੇ ਵਿਧਾਇਕ ਨਾਲ ਕੀਤਾ ਗਿਆ, ਉਹੀ ਸਲੂਕ ਸਾਡੇ ਨਾਲ ਕੀਤਾ ਜਾਵੇ। ਸਾਡੇ ਉੱਤੇ ਇੱਟਾਂ, ਰਾਡਾਂ, ਡਾਂਗਾਂ ਅਤੇ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਨੋਨੀ ਮਾਨ ਨੇ ਕਿਹਾ ਕਿ ਜਦੋਂ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਆਏ ਸੀ ਤਾਂ ਉਹਨਾਂ ਨੇ ਹਰਨੇਕ ਸਿੰਘ ਮਹਿਮਾ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਸੀ। ਸਾਨੂੰ ਕਿਸੇ ਸਵਾਲ ਤੋਂ ਕੋਈ ਡਰ ਨਹੀਂ ਹੈ ਪਰ ਜਿਸ ਤਰ੍ਹਾਂ ਉਹ ਬੋਨਟ ’ਤੇ ਚੜ ਕੇ ਸਵਾਲ ਦਾ ਜਵਾਬ ਮੰਗ ਰਹੇ ਸੀ ਤਾਂ ਇਹ ਕੋਈ ਤਰੀਕਾ ਨਹੀਂ ਹੈ। ਜੇਕਰ ਉਹਨਾਂ ਨੇ ਸਵਾਲ ਕਰਨੇ ਹੀ ਸੀ ਤਾਂ ਗੱਡੀ ਦੀ ਬਾਰੀ ਕੋਲ ਆਉਂਦੇ ਪਰ ਉਹ ਸਾਨੂੰ ਮਾਰਨ ਦੀ ਨੀਅਤ ਨਾਲ ਆਏ ਸੀ।

ਹੋਰ ਪੜ੍ਹੋ: ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਰਾਹੁਲ ਗਾਂਧੀ ਦਾ PM ਮੋਦੀ 'ਤੇ ਹਮਲਾ, 'ਮਿਸਟਰ 56 ਇੰਚ ਡਰ ਗਏ ਨੇ'

ਅਕਾਲੀ ਆਗੂ ਨੇ ਕਿਹਾ ਕਿ ਹਰਸਿਮਰਤ ਬਾਦਲ ਦੀ ਫੇਰੀ ਦੌਰਾਨ ਕਿਸੇ ਨੇ ਉਹਨਾਂ ਨਾਲ ਸਵਾਲ-ਜਵਾਬ ਲਈ ਕੋਈ ਰਾਬਤਾ ਨਹੀਂ ਕੀਤਾ, ਸਾਰੀਆਂ ਮਨਘੜਤ ਕਹਾਣੀਆਂ ਬਣਾ ਰਹੇ ਹਨ। ਉਹਨਾਂ ਕਿਹਾ ਕਿ ਸਭ ਸਾਜ਼ਿਸ਼ ਤਹਿਤ ਕੀਤਾ ਗਿਆ ਤੇ ਇਸ ਦੇ ਪਿੱਛੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਅਤੇ ਬਿੱਟੂ ਸਾਂਗਾ ਦਾ ਹੱਥ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਫਿਰੋਜ਼ਪੁਰ ਤਾਲਿਬਾਨ ਦਾ ਇਲਾਕਾ ਹੋਵੇ। ਉਹਨਾਂ ਦਾ ਕਹਿਣਾ ਹੈ ਕਿ ਇਸ ਮੌਕੇ ਕਿਸਾਨ ਆਗੂਆਂ ਨੂੰ ਮੋਹਰਾ ਬਣਾਇਆ ਗਿਆ। ਅਕਾਲੀ ਆਗੂ ਨੋਨੀ ਮਾਨ ਨੇ ਦੱਸਿਆ ਕਿ ਉਹਨਾਂ ’ਤੇ ਅਤੇ ਉਹਨਾਂ ਦੇ ਡਰਾਇਵਰ ’ਤੇ 307 ਦਾ ਪਰਚਾ ਹੋਇਆ ਹੈ ਪਰ ਸਾਨੂੰ ਅਦਾਲਤ ਉੱਤੇ ਪੂਰਾ ਭਰੋਸਾ ਹੈ। ਅਸੀਂ ਇਨਸਾਫ ਲਈ ਅਦਾਲਤ ਜਾਵਾਂਗੇ।

ਹੋਰ ਪੜ੍ਹੋ: ਜਿਵੇਂ ਅਸੀਂ ਖੇਤ ਦੀ ਰਾਖੀ ਕਰਦੇ ਹਾਂ, ਉਵੇਂ ਹੀ ਮੋਰਚੇ ਦੀ ਵੀ ਰਾਖੀ ਕਰਨੀ ਹੋਵੇਗੀ: ਰਾਕੇਸ਼ ਟਿਕੈਤ

ਨੋਨੀ ਮਾਨ ਨੇ ਕਿਹਾ ਕਿ ਸਰਕਾਰ ਬਣੀ ਨੂੰ ਕਰੀਬ ਪੰਜ ਸਾਲ ਹੋ ਚੁਕੇ ਹਨ, ਇਸ ਦੌਰਾਨ ਭੰਡੀ ਪ੍ਰਚਾਰ, ਲੋਕਾਂ ਨੂੰ ਲੁੱਟਣ ਅਤੇ ਕੁੱਟਣ ਤੋਂ ਸਿਵਾਏ ਕਾਂਗਰਸੀਆਂ ਨੇ ਕੁਝ ਨਹੀਂ ਕੀਤਾ। ਇਹ ਲੋਕਾਂ ਵਿਚ ਨਹੀਂ ਜਾ ਸਕਦੇ, ਇਸ ਲਈ ਇਹ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਰੋਕਣਾ ਚਾਹੁੰਦੇ ਹਨ। ਇਹਨਾਂ ਵਲੋਂ ਅਪਣੇ ਬੰਦਿਆਂ ਨੂੰ ਕਿਸਾਨਾਂ ਦੇ ਭੇਸ ਵਿਚ ਅਕਾਲੀ ਦਲ ਦਾ ਵਿਰੋਧ ਕਰਨ ਲਈ ਭੇਜਿਆ ਜਾ ਰਿਹਾ ਹੈ। ਇਸ ਤਰ੍ਹਾਂ ਇਹ ਸੰਯੁਕਤ ਮੋਰਚੇ ਦਾ ਵੀ ਨੁਕਸਾਨ ਕਰ ਰਹੇ ਹਨ।
ਵਾਇਰਲ ਆਡੀਓ ਬਾਰੇ ਉਹਨਾਂ ਕਿਹਾ ਕਿ ਉਹਨਾਂ ਨੇ ਕੋਈ ਆਡੀਓ ਸੁਣੀ ਨਹੀਂ। ਉਹਨਾਂ ਕਿਹਾ ਕਿ ਉਹ ਪਹਿਲੇ ਦਿਨ ਤੋਂ ਕਹਿ ਰਹੇ ਹਨ ਕਿ ਇਹ ਸਭ ਪਿੰਕੀ ਦੀ ਸਾਜ਼ਿਸ਼ ਹੈ। ਨੋਨੀ ਮਾਨ ਨੇ ਕਿਹਾ ਕਿ ਸਿਆਸੀ ਦਬਾਅ ਦੇ ਚਲਦਿਆਂ ਉਹਨਾਂ ਦੀ ਸ਼ਿਕਾਇਤ ਨਹੀਂ ਸੁਣੀ ਗਈ।