ਫਿਰੋਜ਼ਪੁਰ ਦੇ ਸਰਕਾਰੀ ਦਫ਼ਤਰਾਂ ਦੀ ਚੈਕਿੰਗ, 35 ਅਧਿਕਾਰੀ ਤੇ ਕਰਮਚਾਰੀ ਗੈਰਹਾਜ਼ਰ
ਸਰਕਾਰੀ ਦਫ਼ਤਰਾਂ ਵਿਚ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਬੁੱਧਵਾਰ ਨੂੰ ਸਹਾਇਕ ਕਮਿਸ਼ਨਰ
ਫਿਰੋਜਪੁਰ: ਸਰਕਾਰੀ ਦਫ਼ਤਰਾਂ ਵਿਚ ਆਪਣੇ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਉਣ ਦੇਣ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਬੁੱਧਵਾਰ ਨੂੰ ਸਹਾਇਕ ਕਮਿਸ਼ਨਰ ਰਣਜੀਤ ਸਿੰਘ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਵੱਖ-ਵੱਖ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ।
ਸਹਾਇਕ ਕਮਿਸ਼ਨਰ ਰਣਜੀਤ ਸਿੰਘ ਨੇ ਦੱਸਿਆ ਕਿ ਇਸ ਚੈਕਿੰਗ ਦੌਰਾਨ ਉਨ੍ਹਾਂ ਵੱਲੋਂ ਡੀਸੀ ਦਫ਼ਤਰ ਦੀਆਂ ਵੱਖ ਵੱਖ ਬ੍ਰਾਂਚਾਂ, ਜ਼ਿਲ੍ਹਾ ਖ਼ਜ਼ਾਨਾ ਦਫ਼ਤਰ, ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਵਿਭਾਗ ਅਤੇ ਸਿਵਲ ਸਰਜਨ ਦਫ਼ਤਰ ਸਮੇਤ ਵੱਖ ਵੱਖ ਵਿਭਾਗਾਂ ਦੀ ਚੈਕਿੰਗ ਕੀਤੀ ਗਈ, ਜਿਨ੍ਹਾਂ ਵਿਚ 35 ਅਧਿਕਾਰੀ, ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਉਨ੍ਹਾਂ ਸਮੂਹ ਅਧਿਕਾਰੀਆਂ, ਕਰਮਚਾਰੀਆਂ ਨੂੰ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਦੂਜੀ ਚੈਕਿੰਗ ਦੌਰਾਨ ਕੋਈ ਵੀ ਗ਼ੈਰ ਹਾਜ਼ਰ ਪਾਇਆ ਗਿਆ
ਤਾਂ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਉਪਰੰਤ ਉਨ੍ਹਾਂ ਸਮੂਹ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਣੇ ਦਫ਼ਤਰਾਂ ਵਿਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੀ ਹਾਜ਼ਰੀ ਯਕੀਨੀ ਬਣਾਈ ਰੱਖਣ ਤਾਂ ਜੋ ਦਫ਼ਤਰਾਂ ਵਿਚ ਆਪਣੇ ਕੰਮ ਕਰਵਾਉਣ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਕਿਹਾ ਕਿ ਜੇ ਅਧਿਕਾਰੀ, ਕਰਮਚਾਰੀ ਦਫ਼ਤਰਾਂ ਵਿਚ ਲੇਟ ਆਉਂਦੇ ਹਨ ਤਾਂ ਇਸ ਨਾਲ ਜਿੱਥੇ ਆਮ ਲੋਕਾਂ ਦਾ ਸਮਾਂ ਖ਼ਰਾਬ ਹੁੰਦਾ ਹੈ, ਉੱਥੇ ਹੀ ਪ੍ਰਸ਼ਾਸਨ ਦਾ ਆਮ ਲੋਕਾਂ ਵਿਚ ਅਕਸ ਵੀ ਗ਼ਲਤ ਪੈਂਦਾ ਹੈ। ਜਿਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।