ਕਿਸਾਨਾਂ ਦੀ ‘ਟੋਲ ਫ਼੍ਰੀ’ ਕਾਰਵਾਈ ਤੋਂ ਸਰਕਾਰਾਂ ’ਚ ਘਬਰਾਹਟ, ਦੇਸ਼ ਭਰ ਦੇ ਟੋਲ ਵੀ ਹੋਣਗੇ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬੀ ਨੌਜਵਾਨਾਂ ਨੇ ਧੋਏ ਖੁਦ ’ਤੇ ਲੱਗੇ ਦਾਗ, ਧੀਆਂ ਭੈਣਾਂ ਦੀ ਇੱਜ਼ਤ ਦੇ ਰਾਖੇ ਹੋਣ ਦਾ ਕਰਵਾਇਆ ਅਹਿਸਾਸ

Farmers Protest

ਚੰਡੀਗੜ੍ਹ : ਕਿਸਾਨਾਂ ਦੇ ਹੱਕਾਂ ’ਤੇ ਡਾਕਾ ਮਾਰ ਕੇ ਕਾਰਪੋਰੇਟਾਂ ਹੱਥ ਸੌਂਪਣ ਦੀ ਕੋਸ਼ਿਸ਼ ’ਚ ਜੁਟੀ ਕੇਂਦਰ ਸਰਕਾਰ ਨੂੰ ਕਿਸਾਨ ਝਟਕੇ ’ਤੇ ਝਟਕਾ ਦੇ ਰਹੇ ਹਨ। ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨਾਂ ਦਾ ਜਮਾਵੜਾ ਲਗਾਤਾਰ ਵੱਧ ਰਿਹਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ’ਤੇ ਅੜੇ ਕਿਸਾਨ ਸੰਘਰਸ਼ ਦੀ ਲੰਮੇਰੀ ਤਿਆਰੀ ’ਚ ਰੁੱਝੇ ਹੋਏ ਹਨ। ਕਿਸਾਨਾਂ ਨੂੰ ਮਿਲ ਰਿਹਾ ਸਮਰਥਨ ਅਤੇ ਸਪਲਾਈ ਲਾਈਨ ਦਾ ਪ੍ਰਬੰਧ ਆਏ ਦਿਨ ਬਿਤਹਰ ਹੁੰਦਾ ਜਾ ਰਿਹਾ ਹੈ। ਪਿੰਡਾਂ ’ਚੋਂ ਰਾਸ਼ਨ ਸਮੇਤ ਹੋਰ ਵਸਤਾਂ ਲੈ ਕੇ ਦਿੱਲੀ ਵੱਲ ਕੂਚ ਕਰ ਰਹੇ ਮਰਜੀਵੜਿਆਂ ਦੀ ਲਾਈਨ ਦਿਨੋਂ ਦਿਨ ਲੰਮੇਰੀ ਹੁੰਦੀ ਜਾ ਰਹੀ ਹੈ। 

ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚੇ ਕਿਸਾਨਾਂ ਨੇ ਲੰਗਰ ਪ੍ਰਥਾ ਦਾ ਘੇਰਾ ਹੋਰ ਮੋਕਲਾ ਕਰ ਦਿਤਾ ਹੈ। ਹੁਣ ਇੱਥੇ ਕੇਵਲ ਖਾਣ-ਪੀਣ ਦੀਆਂ ਚੀਜ਼ਾਂ ਦਾ ਲੰਗਰ ਨਹੀਂ ਚੱਲਦਾ। ਇੱਥੇ ਬੁਨਿਆਦੀ ਜ਼ਰੂਰਤਾਂ ਦੀ ਹਰ ਵਸਤ ਦਾ ਲੰਗਰ ਚੱਲ ਰਿਹਾ ਹੈ, ਜਿਸ ਦੀ ਵਰਤੋਂ ਰੋਜ਼ਮਰਾਂ ਦੀ ਜ਼ਿੰਦਗੀ ’ਚ ਹੁੰਦੀ ਹੈ। ਕੱਪੜੇ-ਲੱਤੇ ਤੋਂ ਇਲਾਵਾ ਨੂੰਹ ਕੱਟਣ ਲਈ ਨਿਲ-ਕਟਰ, ਬੁਰਸ਼, ਚੱਪਲਾਂ,  ਡੱਬੇ ਅਤੇ ਬਾਲਟੀਆਂ ਸਮੇਤ ਹਰ ਉਸ ਚੀਜ਼ ਦਾ ਲੰਗਰ ਚੱਲ ਰਿਹਾ ਹੈ, ਜੋ ਅਸੀਂ ਆਮ ਹੀ ਘਰਾਂ ਵਿਚ ਵਰਤਦੇ ਹਾਂ। 

ਦਿੱਲੀ ਪਹੁੰਚ ਰਹੇ ਪ੍ਰਤੱਖ ਦਰਸ਼ੀਆਂ ਮੁਤਾਬਕ ਉਨ੍ਹਾਂ ਨੂੰ ਧਰਨੇ ’ਚ ਸ਼ਾਮਲ ਹੁੰਦਿਆਂ ਪਤਾ ਹੀ ਨਹੀਂ ਚਲਿਆ ਕਿ ਉਹ ਕਿਸੇ ਧਰਨੇ ’ਚ ਸ਼ਾਮਲ ਹੋਏ ਹਨ। ਇੱਥੇ ਦਾ ਮਾਹੌਲ ਸ੍ਰੀ ਫ਼ਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ ਅਤੇ ਅੰਮਿ੍ਰਤਸਰ ਵਿਖੇ ਮਨਾਏ ਜਾਂਦੇ ਪੰਥਕ ਦਿਹਾੜਿਆਂ ਦਾ ਭੁਲੇਖਾ ਪਾਉਂਦਾ ਹੈ। ਦਿੱਲੀ ਦੀਆਂ ਬਰੂਹਾਂ ’ਤੇ ਵਿਚਰਦਿਆਂ ਇਵੇਂ ਮਹਿਸੂਸ ਹੰੁਦਾ ਹੈ, ਜਿਵੇਂ ਕਿਸੇ ਜੋੜ ਮੇਲੇ ’ਚ ਸ਼ਿਰਕਤ ਕਰ ਰਹੇ ਹੋਈਏ। ਪੰਥਕ ਸਮਾਗਮਾਂ ਵਾਂਗ ਹੀ ਇੱਥੇ ਲੰਗਰ ਪਾਣੀ ਅਤੇ ਸੰਗਤ ਦੇ ਰਹਿਣ-ਸਹਿਣ ਸਮੇਤ ਦੂਜੀਆਂ ਸਹੂਲਤਾਂ ਮੌਜੂਦ ਹਨ। 

ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਚਰਚਾਵਾਂ ਮੁਤਾਬਕ ਕਿਸਾਨਾਂ ਦੇ ਦਿੱਲੀ ਕੂਚ ਤੋਂ ਪਹਿਲਾਂ ਸਥਾਨਕ ਲੋਕਾਂ ’ਚ ਅਫ਼ਵਾਹਾਂ ਫ਼ੈਲਾਈਆਂ ਗਈਆਂ ਸਨ ਕਿ ਪੰਜਾਬ ਵੱਲੋਂ ਖਾਲਿਸਤਾਨ ਪੱਖੀ ਲੋਕ ਆ ਰਹੇ ਹਨ ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਲੋਕਾਂ ਨੂੰ ਸੁਚੇਤ ਕਰਦਿਆਂ ਅਪਣੇ ਘਰਾਂ ਦੇ ਦਰਵਾਜ਼ੇ ਬੰਦ ਰੱਖਣ ਅਤੇ ਬੱਚਿਆਂ ਦਾ ਵਿਸ਼ੇਸ਼ ਖਿਆਲ ਰੱਖਣ ਲਈ ਪ੍ਰੇਰਿਆ ਗਿਆ ਸੀ। ਹੁਣ ਜਦੋਂ ਪੰਜਾਬ ਵਿਚੋਂ ਪਹੁੰਚੇ ਸਰਦਾਰ ਸਥਾਨਕ ਲੋਕਾਂ ਨੂੰ ਲੰਗਰ-ਪਾਣੀ ਅਤੇ ਹੋਰ ਸੇਵਾਵਾਂ ਦੀ ਸੇਵਾ ਲਈ ਆਵਾਜ਼ਾਂ ਮਾਰ ਰਹੇ ਹਨ ਤਾਂ ਉਹ ਅਫ਼ਵਾਹਾਂ  ਫ਼ੈਲਾਉਣ ਵਾਲਿਆਂ ਨੂੰ ਕੌਸਣ ਲੱਗੇ ਹਨ। 

ਦਿੱਲੀ ਨੂੰ ਔਰਤਾਂ ਲਈ ਅਸੁਰੱਖਿਅਤ ਮੰਨਿਆ ਜਾਂਦਾ ਹੈ। ਨਿਰਭਿਆ ਕਾਂਡ ਸਮੇਤ ਇੱਥੇ ਅਜਿਹੀਆਂ ਹੋਰ ਅਨੇਕਾਂ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਕਾਰਨ ਦੇਸ਼ ਦੀ ਰਾਜਧਾਨੀ ਦੀ ਵਿਸ਼ਵ ਪੱਧਰ ’ਤੇ ਕਿਰਕਿਰੀ ਹੋਈ ਸੀ। ਅੱਜ ਪੰਜਾਬ, ਹਰਿਆਣਾ ਤੋਂ ਵੱਡੀ ਗਿਣਤੀ ਨੌਜਵਾਨ ਦਿੱਲੀ ਪਹੁੰਚੇ ਹੋਏ ਹਨ। ਪੰਜਾਬ ਤੋਂ ਮੁਟਿਆਰਾਂ ਵੀ ਧਰਨਿਆਂ ’ਚ ਸ਼ਾਮਲ ਹੋ ਰਹੀਆਂ ਹਨ। ਦਿੱਲੀ ਦੀਆਂ ਕੁੜੀਆਂ ਹੁਣ ਖੁਦ ਨੂੰ ਪਹਿਲਾਂ ਨਾਲੋਂ ਵਧੇੇਰੇ ਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਸਥਾਨਕ ਕੁੜੀਆਂ ਅਪਣੇ ਮਨੋਭਾਵਾਂ  ਨੂੰ ਸ਼ੋਸ਼ਲ ਮੀਡੀਆ ਜ਼ਰੀਏ ਜੱਗ ਜ਼ਾਹਰ ਕਰ ਚੁੱਕੀਆਂ ਹਨ। ਕਈ ਕੁੜੀਆਂ ਧਰਨਿਆਂ ’ਚ ਸ਼ਾਮਲ ਨੌਜਵਾਨਾਂ ਨੂੰ ਅਪਣੇ ਸਕੂਟਰਾਂ ’ਤੇ ਲਿਫਟ ਦਿੰਦੀਆਂ ਵੀ ਵੇਖੀਆਂ ਗਈਆਂ ਹਨ। ਨੌਜਵਾਨਾਂ ਦਾ ਕੁੜੀਆਂ ਨਾਲ ਭੈਣ-ਭਰਾਵਾਂ ਵਾਲਾ ਵਿਵਹਾਰ ਸਭ ਦਾ ਧਿਆਨ ਖਿੱਚ ਰਿਹਾ ਹੈ।

ਪੰਜਾਬ ਦੇ ਨੌਜਵਾਨਾਂ ਨੂੰ ਹੁਣ ਤਕ ਨਸ਼ਈ, ਕੰਮ ਚੋਰ ਅਤੇ ਹੋਰ ਕਈ ਤਰ੍ਹਾਂ ਦੀਆਂ ਹੂਝਾ ਲਾ ਕੇ ਬਦਨਾਮ ਕੀਤਾ ਜਾਂਦਾ ਰਿਹਾ ਹੈ। ‘ਉਡਤਾ ਪੰਜਾਬ’ ਵਰਗੀਆਂ ਫ਼ਿਲਮਾਂ ਜ਼ਰੀਏ ਪੰਜਾਬੀ ਨੌਜਵਾਨ ਦਾ ਧੁੰਦਲਾ ਹੋਇਆ ਅਕਸ ਅੱਜ ਕਿਸਾਨੀ ਸੰਘਰਸ਼ ਕਾਰਨ ਇਕ ਵਾਰ ਫਿਰ ਪੂਰਨਮਾਸ਼ੀ ਦੇ ਚੰਦ ਵਾਂਗ ਚਮਕਣ ਲੱਗਾ ਹੈ। ਕਿਸਾਨੀ ਸੰਘਰਸ਼ ’ਚ ਮੋਹਰਲੀਆਂ ਸਫ਼ਾ ’ਚ ਵਿਚਰ ਕੇ ਪੰਜਾਬੀ ਨੌਜਵਾਨਾਂ ਨੇ ਸਾਰੇ ਮਿਹਣੇ ਧੋ ਸੁੱਟੇ ਹਨ। ਪੰਜਾਬੀ ਨੌਜਵਾਨਾਂ ਦੀ ਸਰਗਰਮੀ ਤੋਂ ਕੁੱਝ ਪਿਤਰੀ ਕਿਸਮ ਦੇ ਸਿਆਸਤਦਾਨਾਂ ਅੰਦਰ ਘਬਰਾਹਟ ਜ਼ਰੂਰ ਪਾਈ ਜਾ ਰਹੀ ਹੈ। 

ਇਸੇ ਕਿਸਮ ਦਾ ਇਕ ਸਿਰਕੱਢ ਨੌਜਵਾਨ ਸਿਆਸੀ ਆਗੂ ਬੀਤੇ ਕੱਲ੍ਹ ਟੀਵੀ ਚੈਨਲ ਦੇ ਕੈਮਰਿਆਂ ਮੂਹਰੇ ਧਰਨਿਆਂ ’ਚ ਸ਼ਾਮਲ ਨੌਜਵਾਨਾਂ ਨੂੰ ਕਾਫ਼ੀ ਖਰੀਆਂ-ਖੋਟੀਆਂ ਸੁਣਾਈਆਂ ਸਨ। ਇਸ ਆਗੂ ਨੇ ਇੱਥੋਂ ਤਕ ਕਹਿ ਦਿਤਾ ਕਿ ਪੰਜਾਬ ਅੰਦਰ ਟੌਲ ਪਲਾਜ਼ੇ ਅਤੇ ਰੋਡ ਬੰਦ ਕਰ ਲਏ ਸਨ ਪਰ ਦੇਸ਼ ਦੇ ਬਾਕੀ ਹਿੱਸਿਆਂ ’ਚ ਇਹ ਜ਼ੁਅਰਤ ਕਰ ਕੇ ਵਿਖਾਉਣ। ਉਸ ਆਗੂ ਦੀ ਚਿਤਾਵਨੀ ਤੋਂ ਦੂਜੇ ਦਿਨ ਹੀ ਕਿਸਾਨਾਂ ਨੇ ਦੇਸ਼ ਭਰ ਦੇ ਕਈ ਟੋਲ ਪਲਾਜ਼ਿਆਂ ਨੂੰ ਜਾਮ ਕਰ ਕੇ ਆਪਣੀ ਕਹਿਣੀ ਅਤੇ ਕਰਨੀ ਦੇ ਦਰਸ਼ਨ ਕਰਵਾ ਦਿਤੇ ਹਨ। ਕਿਸਾਨੀ ਸੰਘਰਸ਼ ਅੱਗੇ ਕਿਸ ਪਾਸੇ ਜਾਵੇਗਾ, ਇਸ ਦੀ ਜਿੱਤ ਹੋਵੇਗੀ ਜਾਂ ਹਾਰ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਪਰ ਅੱਜ ਦੀ ਤਰੀਕ ’ਚ ਇਸ ਸੰਘਰਸ਼ ਨੇ ਕਈ ਪੁਰਾਣੀਆਂ ਰਵਾਇਤਾਂ ਨੂੰ ਤੋੜਦਿਆਂ ਨਵੀਆਂ ਸੁਨਹਿਰੀ ਪੈੜਾਂ ਪਾਈਆਂ ਹਨ, ਜੋ ਸਿਸਟਮ ਦੇ ਸਤਾਏ ਲੋਕਾਂ ਨੂੰ ਸਕੂਨ ਦੇਣ ਵਾਲੇ ਪਲ ਹਨ।