ਮੀਂਹ ਨਾਲ ਬਦਲਿਆ ਮੌਸਮ ਦਾ ਮਿਜ਼ਾਜ਼, ਠੰਡ ਵਧਣ ਦੇ ਨਾਲ-ਨਾਲ ਧੁੰਦ ਪੈਣ ਦੇ ਆਸਾਰ
ਕਣਕ ਸਮੇਤ ਦੂਜੀਆਂ ਫਸਲਾਂ ਲਈ ਫਾਇਦੇਮੰਦ ਹੈ ਬੀਤੀ ਰਾਤ ਪਿਆ ਮੀਂਹ
ਚੰਡੀਗੜ੍ਹ : ਪੰਜਾਬ ਭਰ ‘ਚ ਬੀਤੀ ਰਾਤ ਪਏ ਮੀਂਹ ਨਾਲ ਸੀਤ ਲਹਿਰ ਜੋਰ ਫੜਣ ਲੱਗੀ ਹੈ। ਬੀਤੇ ਕੁੱਝ ਦਿਨਾਂ ਤੋਂ ਮੌਸਮ ‘ਚ ਗਰਮਾਹਟ ਬਣੀ ਹੋਈ ਸੀ। ਨਵੰਬਰ ਮਹੀਨੇ ਇਕਦਮ ਵਧੀ ਠੰਡ ਦਸੰਬਰ ਦੇ ਸ਼ੁਰੂ ਵਿਚ ਕੁੱਝ ਘਟਨੀ ਸ਼ੁਰੂ ਹੋ ਗਈ ਜੋ ਬੀਤੇ ਕੱਲ੍ਹ ਤਕ ਜਾਰੀ ਰਹੀ। ਸ਼ੁੱਕਰਵਾਰ ਬਾਦ-ਦੁਪਹਿਰ ਮੌਸਮ ਦਾ ਮਿਜ਼ਾਜ਼ ਬਦਲਿਆ ਅਤੇ ਸ਼ਾਮ ਨੂੰ ਪੰਜਾਬ ਦੇ ਕਈ ਹਿੱਸਿਆਂ ਵਿਚ ਹਲਕਾ ਮੀਂਹ ਪਿਆ। ਰਾਤ ਨੂੰ ਇਸ ਨੇ ਵਿਆਪਕ ਰੂਪ ਅਖਤਿਆਰ ਕਰਦਿਆਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਕਈ ਥਾਈ ਹਲਕਾ ਅਤੇ ਕਈ ਥਾਈ ਚੰਗਾ ਮੀਂਹ ਪੈਣ ਦੀਆਂ ਖਬਰਾਂ ਹਨ।
ਇਸ ਮੀਂਹ ਨੂੰ ਕਣਕ ਦੀ ਫਸਲ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ। ਪੰਜਾਬ ਅੰਦਰ ਜ਼ਿਆਦਾਤਰ ਇਲਾਕਿਆਂ ਅੰਦਰ ਕਣਕ ਦੀ ਬਿਜਾਈ ਮੁਕੰਮਲ ਹੋ ਚੁਕੀ ਹੈ। ਕੁੱਝ ਥਾਵਾਂ ਤੇ ਕਣਕ ਨੂੰ ਪਹਿਲਾ ਪਾਣੀ ਲਾਉਣ ਦਾ ਸਿਲਸਿਲਾ ਸ਼ੁਰੂ ਹੋ ਚੁਕਾ ਸੀ। ਮੌਸਮ ਵਿਭਾਗ ਦੀ ਭਵਿੱਖਬਾਣੀ ਕਾਰਨ ਬਹੁਤੇ ਕਿਸਾਨ ਕਣਕ ਨੂੰ ਪਾਣੀ ਲਾਉਣ ਲਈ ਉਡੀਕ ਕਰ ਰਹੇ ਸਨ। ਬੀਤੀ ਰਾਤ ਪਏ ਮੀਂਹ ਨੇ ਪਾਣੀ ਦੀ ਕਮੀ ਪੂਰੀ ਕਰ ਦਿਤੀ ਹੈ। ਇਸ ਤੋਂ ਇਲਾਵਾ ਦੂਜੀਆਂ ਫਸਲਾਂ ਲਈ ਵੀ ਇਹ ਮੀਂਹ ਲਾਹੇਵੰਦ ਹੈ। ਭਾਵੇਂ ਮਟਰ ਅਤੇ ਆਲੂ ਦੇ ਖਾਲੀ ਹੋਏ ਖੇਤਾਂ ਵਿਚ ਪਛੇਤੀ ਕਣਕ ਦੀ ਬਿਜਾਈ ਚੱਲ ਰਹੀ ਸੀ, ਜਿਸ ਦੇ ਕੁੱਝ ਹੋਰ ਲੇਟ ਹੋਣ ਦੇ ਆਸਾਰ ਹਨ।
ਸ਼ੁੱਕਰਵਾਰ ਰਾਤ ਨੂੰ ਠੰਢੀਆਂ ਹਵਾਵਾਂਰ ਅਤੇ ਤੜਕੇ ਸਵੇਰੇ ਪਏ ਮੀਂਹ ਕਾਰਨ ਘੱਟੋ ਘੱਟ ਤਾਪਮਾਨ ਵੀ ਹੇਠਾਂ ਆ ਗਿਆ ਹੈ। ਸੂਤਰਾਂ ਮੁਤਾਬਕ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਮੈਦਾਨੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਪੀਏਯੂ ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿਚ ਧੁੰਦ ਦਾ ਪ੍ਰਭਾਵ ਹੋਰ ਵਧੇਗਾ।
ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਕਾਰਨ ਹੋਈ ਇਸ ਬਾਰਸ਼ ਦਾ ਕਿਸਾਨਾਂ ਨੂੰ ਲਾਭ ਹੋਵੇਗਾ। ਡਾ. ਪ੍ਰਭਜੋਤ ਨੇ ਦੱਸਿਆ ਕਿ ਸੋਮਵਾਰ ਨੂੰ ਵੀ ਬੱਦਲਵਾਈ ਅਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਵਿਭਾਗ ਮੁਤਾਬਕ ਪੰਜਾਬ ਵਿਚ ਅਗਲੇ ਕੁਝ ਦਿਨਾਂ ਵਿਚ ਠੰਢ ਦਾ ਮੌਸਮ ਵਧਣ ਦੀ ਉਮੀਦ ਹੈ। ਮੌਸਮ ਵਿਭਾਗ ਮੁਤਾਬਕ ਪੰਜਾਬ ਅਤੇ ਹਰਿਆਣਾ ਵਿਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਵੱਧ ਅਤੇ ਚੰਡੀਗੜ੍ਹ ਵਿਚ 10.4 ਡਿਗਰੀ ਸੈਲਸੀਅਸ ਸੀ।