ਕਿਸਾਨਾਂ ਨੂੰ ਦੇਸ਼ ਧ੍ਰੋਹੀ ਕਹਿਣ ਵਾਲੇ ਜਨਤਕ ਤੌਰ 'ਤੇ ਮੁਆਫ਼ੀ ਮੰਗਣ- ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਵਿਰੁੱਧ ਕੀਤੀਆਂ ਜਾ ਰਹੀਆਂ ਬਿਆਨਬਾਜ਼ੀਆਂ ਨੂੰ ਲੈ ਕੇ ਸਰਕਾਰ ‘ਤੇ ਭੜਕੇ ਸੁਖਬੀਰ ਬਾਦਲ

Sukhbir Singh Badal

ਅੰਮ੍ਰਿਤਸਰ: ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਵਿਰੁੱਧ ਕੀਤੀਆਂ ਜਾ ਰਹੀਆਂ ਬਿਆਨਬਾਜ਼ੀਆਂ ਨੂੰ ਲੈ ਕੇ ਵਿਰੋਧੀਆਂ ਨੂੰ ਜਵਾਬ ਦਿੱਤਾ। ਉਹਨਾਂ ਨੇ ਭਾਜਵਾ ਨੇਤਾਵਾਂ ਦੀ ਬਿਆਨਬਾਜ਼ੀ ‘ਤੇ ਨਰਾਜ਼ਗੀ ਪ੍ਰਗਟਾਉਂਦਿਆਂ ਕਿਹਾ ਕਿ ਕਿਸਾਨਾਂ ਨੂੰ ਦੇਸ਼ ਧ੍ਰੋਹੀ ਕਹਿਣ ਵਾਲੇ ਜਨਤਕ ਤੌਰ ‘ਤੇ ਮੁਆਫੀ ਮੰਗਣ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਹੁਣ ਹਿੰਦੂ ਸਿੱਖ ਭਾਈਚਾਰੇ ਵਿਚ ਵੰਡ ਪਾਉਣ ਦੀਆਂ ਗੱਲਾਂ ਹੋਣਗੀਆਂ। ਸੰਘਰਸ਼ ਨੂੰ ਧਰਮ ਦੀ ਲੜਾਈ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਅਜਿਹੇ ਲੋਕਾਂ ਦੀ ਪਛਾਣ ਕਰਨ ਦੀ ਬਹੁਤ ਲੋੜ ਹੈ।

ਬਾਦਲ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਕਿਸਾਨਾਂ ਦੀ ਸਭ ਤੋਂ ਵੱਡੀ ਜਥੇਬੰਦੀ ਹੈ। ਅਕਾਲੀ ਦਲ ਨੇ ਹਮੇਸ਼ਾਂ ਹੀ ਕਿਸਾਨੀ ਦੇ ਹੱਕ ਵਿਚ ਫੈਸਲੇ ਲਏ ਹਨ। ਉਹਨਾਂ ਕਿਹਾ ਬੜੇ 'ਦੁੱਖ ਦੀ ਗੱਲ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਆਵਾਜ਼ ਸੁਣਨ ਦੀ ਬਜਾਏ ਉਸ ਨੂੰ ਦਬਾ ਰਹੀ ਹੈ। ਕਿਸਾਨ ਨਵੇਂ ਕਾਨੂੰਨ ਨਹੀਂ ਚਾਹੁੰਦੇ। ਸਰਕਾਰ ਕਿਉਂ ਤਾਨਾਸ਼ਾਹੀ ਦਿਖਾ ਰਹੀ ਹੈ, ਜਦਕਿ ਜਿਨ੍ਹਾਂ ਲਈ ਕਾਨੂੰਨ ਬਣੇ ਹਨ, ਉਹੀ ਇਹਨਾਂ ਨੂੰ ਨਹੀਂ ਚਾਹੁੰਦੇ।

ਉਹਨਾਂ ਕਿਹਾ, ‘ਮੈਂ ਪ੍ਰਧਾਨ ਮੰਤਰੀ ਨੂੰ ਗੁਜ਼ਾਰਿਸ਼ ਕਰਾਂਗਾ ਕਿ ਕਿਸਾਨਾਂ ਦੀ ਗੱਲ ਸੁਣੋ।'' ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਇਸ ਅੰਦੋਲਨ ਨੂੰ ਖ਼ਾਲਿਸਤਾਨੀਆਂ ਅਤੇ ਸਿਆਸੀ ਦਲਾਂ ਦਾ ਦੱਸ ਕੇ ਬਦਨਾਮ ਕਰਨਾ ਚਾਹੁੰਦੀ ਹੈ। ਇਹ ਮੰਦਭਾਗਾ ਹੈ ਤੇ ਅਜਿਹੇ ਬਿਆਨ ਦੇਣ ਵਾਲੇ ਮੰਤਰੀਆਂ ਨੂੰ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਅਸੀਂ ਕੇਂਦਰ ਦੇ ਰਵੱਈਏ ਅਤੇ ਅਜਿਹੇ ਬਿਆਨਾਂ ਦੀ ਨਿਖੇਧੀ ਕਰਦੇ ਹਾਂ।