ਕਿਸਾਨ ਆਗੂਆਂ ਵਾਂਗ ਸਟੇਜ਼ ਤੋਂ ਗਰਜਿਆ ਛੋਟਾ ਬੱਚਾ, ਜੋਸ਼ ਵੇਖ ਨਹੀਂ ਲਗਾ ਸਕੋਗੇ ਉਮਰ ਦਾ ਅੰਦਾਜ਼ਾ
ਟਿਕਰੀ ਬਾਰਡਰ ‘ਤੇ ਬੱਚੇ ਨੇ ਬੇਬਾਕੀ ਨਾਲ ਦਿੱਤਾ ਭਾਸ਼ਣ
ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੇ ਟਿਕਰੀ ਬਾਰਡਰ ‘ਤੇ ਜਾਰੀ ਮੋਰਚੇ ਦੌਰਾਨ ਇਕ ਬੱਚੇ ਨੇ ਇੰਨੀ ਬੇਬਾਕੀ ਨਾਲ ਭਾਸ਼ਣ ਦਿੱਤਾ, ਜਿਵੇਂ ਕੋਈ ਕਿਸਾਨ ਆਗੂ ਸਟੇਜ ਤੋਂ ਗਰਜ ਰਿਹਾ ਹੋਵੇ। ਅਪਣੇ ਭਾਸ਼ਣ ਵਿਚ ਬੱਚੇ ਇੰਨੀਆਂ ਜੋਸ਼ੀਲੀਆਂ ਗੱਲਾਂ ਬੋਲੀਆਂ, ਜਿਸ ਨੂੰ ਸੁਣ ਕੇ ਕਿਸਾਨ ਵੀ ਹੈਰਾਨ ਰਹਿ ਗਏ।
ਸਰਕਾਰ ‘ਤੇ ਤਿੱਖੇ ਨਿਸ਼ਾਨੇ ਬੋਲਦਿਆਂ ਬੱਚੇ ਨੇ ਕਿਹਾ ਕਿ ਅਸੀਂ ਅਪਣੀਆਂ ਜ਼ਮੀਨਾਂ ਨੂੰ ਪਿਆਰ ਕਰਦੇ ਹਾਂ, ਇਸੇ ਲਈ ਧਰਨੇ ‘ਤੇ ਬੈਠੇ ਹਾਂ ਪਰ ਇਹ ਸਰਕਾਰ ਸਾਡੀਆਂ ਜ਼ਮੀਨਾਂ ਖੋਹਣ ਨੂੰ ਫਿਰ ਰਹੀ ਹੈ। ਬੱਚੇ ਨੇ ਕਿਹਾ ਕਿ ਜਿਸ ਉਮਰ ‘ਚ ਸਾਡੀਆਂ ਮਾਵਾਂ ਨੇ ਘਰਾਂ ਵਿਚ ਆਰਾਮ ਕਰਨਾ ਸੀ, ਸਰਕਾਰ ਨੇ ਉਹਨਾਂ ਨੂੰ ਕੜਾਕੇ ਦੀ ਠੰਢ ਵਿਚ ਸੜਕਾਂ ‘ਤੇ ਬਿਠਾਇਆ ਹੈ।
ਸਰਕਾਰ ਦਾਅਵੇ ਕਰ ਰਹੀ ਹੈ ਕਿ ਇਹ ਕਾਨੂੰਨ ਕਿਸਾਨਾਂ ਦੇ ਹੱਕ ਵਿਚ ਹਨ ਪਰ ਇਹ ਕਿਸੇ ਪਾਸਿਓਂ ਵੀ ਕਿਸਾਨਾਂ ਲਈ ਫਾਇਦੇਮੰਦ ਨਹੀਂ। ਸਰਕਾਰਾਂ ਸ਼ੁਰੂ ਤੋਂ ਹੀ ਪੰਜਾਬ ਨਾਲ ਧੱਕਾ ਕਰਦੀਆਂ ਆਈਆਂ ਹਨ ਤੇ ਹੁਣ ਵੀ ਧੱਕਾ ਕਰ ਰਹੀਆਂ ਹਨ। ਪਰ ਅਸੀਂ ਹੁਣ ਜਾਗਰੂਕ ਹਾਂ ਤੇ ਧੱਕਾ ਨਹੀਂ ਹੋਣ ਦੇਵਾਂਗੇ। ਬੱਚੇ ਨੇ ਜੋਸ਼ੀਲੇ ਅੰਦਾਜ਼ ‘ਚ ਕਿਹਾ ਜਦੋਂ ਵੀ ਅਸੀਂ ਹੱਕ ਮੰਗਦੇ ਹਾਂ ਤਾਂ ਸਾਨੂੰ ਅੱਤਵਾਦੀ ਤੇ ਖਾਲਿਸਤਾਨੀ ਕਹਿ ਕੇ ਪਰਚੇ ਦਰਜ ਕਰਾਏ ਜਾਂਦੇ ਹਨ।
ਬੱਚੇ ਨੇ ਕਿਹਾ ਕਿ ਸਰਕਾਰ ਨੇ ਹਮੇਸ਼ਾਂ ਹੀ ਸਾਨੂੰ ਵੰਡਿਆ ਹੈ। ਪਹਿਲਾਂ ਪੰਜਾਬ ਹਰਿਆਣਾ ਵਿਚ ਵੰਡ ਪਾ ਕੇ ਰੱਖੀ ਤੇ ਹੁਣ ਧਰਮਾਂ ਦੇ ਨਾਂਅ ‘ਤੇ ਵੰਡਿਆ ਜਾ ਰਿਹਾ ਹੈ। ਹੁਣ ਪੰਜਾਬ ਹਰਿਆਣਾ ਭਰਾ ਬਣ ਕੇ ਖੜੇ ਹਨ ਤੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੇ ਹਨ। ਬੱਚੇ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਸਰਕਾਰ ਸ਼ਰਾਰਤੀ ਅਨਸਰਾਂ ਨੂੰ ਭੇਜ ਕੇ ਸੰਘਰਸ਼ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ।