Muktsar Firing News: ਮੁਕਤਸਰ ’ਚ ਚੱਲੀਆਂ ਗੋਲੀਆਂ; ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਮੇਤ ਤਿੰਨ ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

9 ਵਿਅਕਤੀਆਂ ਵਿਰੁਧ ਕੇਸ ਦਰਜ, ਜਿਨ੍ਹਾਂ ਵਿਚੋਂ ਦੋ ਗ੍ਰਿਫ਼ਤਾਰ

Muktsar Firing

Muktsar Firing News: ਮੁਕਤਸਰ 'ਚ ਪੈਂਦੇ ਪਿੰਡ ਨੂਰਪੁਰ ਕ੍ਰਿਪਾਲਕੇ 'ਚ ਕੁੱਝ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਦੇ ਘਰ 'ਚ ਦਾਖਲ ਹੋ ਕੇ ਗੋਲੀਆਂ ਚਲਾ ਦਿਤੀਆਂ। ਹਾਲਾਂਕਿ ਇਸ ਦੌਰਾਨ ਬਲਾਕ ਮੁਖੀ ਗੋਲੀ ਲੱਗਣ ਤੋਂ ਬਚ ਗਿਆ, ਜਿਸ ਤੋਂ ਬਾਅਦ ਹਮਲਾਵਰਾਂ ਨੇ ਬਲਾਕ ਪ੍ਰਧਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਦੌਰਾਨ ਕੁੱਲ 3 ਲੋਕ ਜ਼ਖ਼ਮੀ ਹੋਏ।

ਇਲਾਜ ਅਧੀਨ ਸਾਰਜ ਸੰਧੂ ਉਰਫ਼ ਲਾਡੀ ਨੇ ਦਸਿਆ ਕਿ ਬੀਤੀ ਸੋਮਵਾਰ ਸ਼ਾਮ ਉਹ ਅਪਣੇ ਚਚੇਰੇ ਭਰਾ ਨਾਲ ਦੁਕਾਨ 'ਤੇ ਬੈਠਾ ਸੀ| ਉਸੇ ਸਮੇਂ ਉਸ ਦੇ ਪਿੰਡ ਦੇ ਕੁੱਝ ਨੌਜਵਾਨਾਂ ਨੇ ਆ ਕੇ ਉਸ ਨਾਲ ਬਦਸਲੂਕੀ ਕੀਤੀ, ਜਿਸ ਤੋਂ ਬਾਅਦ ਉਹ ਪੁਲਿਸ ਨੂੰ ਸੂਚਨਾ ਦੇਣ ਬਾਰੇ ਸੋਚ ਕੇ ਅਪਣੇ ਘਰ ਚਲਾ ਗਿਆ। ਲਾਡੀ ਨੇ ਦਸਿਆ ਕਿ ਜਦੋਂ ਉਹ ਅਪਣੇ ਘਰ ਮੌਜੂਦ ਸੀ ਤਾਂ ਅੱਧੀ ਦਰਜਨ ਦੇ ਕਰੀਬ ਵਿਅਕਤੀ ਥਾਰ ਗੱਡੀ ਵਿਚ ਉਸ ਦੇ ਘਰ ਦੇ ਬਾਹਰ ਆ ਗਏ, ਜਿਨ੍ਹਾਂ ਨੇ ਪਹਿਲਾਂ ਗੋਲੀ ਚਲਾਈ। ਇਸ ਤੋਂ ਬਾਅਦ ਉਹ ਘਰ 'ਚ ਦਾਖਲ ਹੋਏ ਅਤੇ ਗੋਲੀਆਂ ਚਲਾ ਦਿਤੀਆਂ। ਉਹ ਗੋਲੀ ਲੱਗਣ ਤੋਂ ਬਚ ਗਿਆ ਪਰ ਹਮਲਾਵਰਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿਤਾ।

ਪੁਲਿਸ ਦੇ ਆਉਣ ਤੋਂ ਬਾਅਦ ਹਮਲਾਵਰ ਉਥੋਂ ਭੱਜ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਲਾਡੀ ਨੇ ਦਸਿਆ ਕਿ ਉਕਤ ਵਿਅਕਤੀਆਂ ਦੀ ਪਿੰਡ ਵਿਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਉਨ੍ਹਾਂ ਨਾਲ ਰੰਜਿਸ਼ ਹੈ। ਕੁੱਝ ਦਿਨ ਪਹਿਲਾਂ ਪਿੰਡ ਦੇ ਸਰਪੰਚ ਦੇ ਲੜਕੇ ਨੇ ਥਾਣਾ ਸਦਰ 'ਚ ਹਮਲਾਵਰਾਂ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਨੇ ਉਸ ਦੇ ਘਰ 'ਚ ਦਾਖਲ ਹੋ ਕੇ ਕਾਤਲਾਨਾ ਹਮਲਾ ਕਰ ਦਿਤਾ।

ਇਸ ਮੌਕੇ ਲਾਡੀ ਸੰਧੂ ਨੇ ਥਾਰ ਕਾਰ ਵਿਚ ਸਵਾਰ ਹਮਲਾਵਰਾਂ ਦੀ ਘਰ ਦੇ ਬਾਹਰ ਹੰਗਾਮਾ ਕਰਨ ਦੀ ਵੀਡੀਉ ਵੀ ਬਣਾਈ। ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਮਲਕੀਤ ਸਿੰਘ ਨੇ ਦਸਿਆ ਕਿ ਹਸਪਤਾਲ ਵਿਚ ਇਲਾਜ ਅਧੀਨ ਜ਼ਖ਼ਮੀ ਸਾਰਜ ਸੰਧੂ ਉਰਫ਼ ਲਾਡੀ ਦੇ ਬਿਆਨਾਂ ਦੇ ਆਧਾਰ ’ਤੇ 9 ਵਿਅਕਤੀਆਂ ਵਿਰੁਧ ਕੇਸ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਵਿਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

(For more news apart from Muktsar Firing News: AAP Block Head injured, stay tuned to Rozana Spokesman)