ਪੰਜਾਬ ਦੇ ਇਸ ਪਿੰਡ 'ਚ ਕਿੰਨਰਾਂ ਨੇ ਮਨਾਈ 21 ਧੀਆਂ ਦੀ ਲੋਹੜੀ
ਭਵਾਨੀਗੜ੍ਹ ਦੇ ਪਿੰਡ ਘਰਾਚੋਂ 'ਚ ਪਹਿਲੀ ਵਾਰ ਮਨਾਈ ਧੀਆਂ ਦੀ ਲੋਹੜੀ
ਭਵਾਨੀਗੜ੍ਹ- ਭਵਾਨੀਗੜ੍ਹ ਦੇ ਪਿੰਡ ਘਰਾਚੋ ਵਿਚ ਕਿੰਨਰਾਂ ਨੇ ਮਿਲਕੇ ਇਲਾਕੇ ਦੀਆਂ 21 ਨਵ ਜੰਮੀਆਂ ਬੱਚੀਆਂ ਦੀ ਪਹਿਲੀ ਲੋਹੜੀ ਮਨਾ ਕੇ ਇੱਕ ਨਵੀਂ ਮਿਸਾਲ ਕਾਇਮ ਕੀਤੀ, ਇਸ ਮੌਕੇ 'ਤੇ ਕਿੰਨਰਾਂ ਨੇ ਲੜਕੀਆਂ ਦੀ ਮਾਂ ਅਤੇ ਪਰਿਵਾਰਕ ਮੈਂਬਰਾਂ ਦੇ ਨਾਲ ਗਿੱਧਾ ਭੰਗੜਾ ਪਾਕੇ ਨਵ ਜੰਮੀਆਂ ਬੱਚੀਆਂ ਦੀ ਖੁਸ਼ੀ ਮਨਾਹੀ।
ਇਸ ਪ੍ਰੋਗਰਾਮ ਵਿਚ ਪਹੁੰਚੇ ਲੋਕਾਂ ਨੇ ਕਿੰਨਰਾਂ ਦੁਆਰਾ ਚੁੱਕੇ ਇਸ ਕਦਮ ਦੀ ਸ਼ਲਾਘਾ ਕੀਤੀ ਕਿ ਉਹਨਾਂ ਨੇ ਲੜਕੀਆਂ ਦੀ ਲੋਹੜੀ ਮਨਾਈ। ਉਧਰ ਕਿੰਨਰਾਂ ਨੇ ਕਿਹਾ ਕਿ ਸਮਾਜ ਵਿਚ ਲੜਕੀਆਂ ਦੀ ਗਿਣਤੀ ਲਗਾਤਾਰ ਘੱਟ ਹੋ ਰਹੀ ਹੈ
ਜਦੋਂ ਇਸ ਕਾਰਜ ਵਿਚ ਸਰਕਾਰ ਅਤੇ ਸਮਾਜ ਦੇ ਲੋਕ ਜੁੜ ਜਾਣਗੇ ਤਾਂ ਕੁੜੀਆਂ ਦੀ ਲੋਹੜੀ ਵੀ ਮਾਣ ਨਾਲ ਮਨਾਈ ਜਾਵੇਗੀ। ਦੱਸ ਦਈਏ ਕਿ ਸਮਾਜ ਵਿਚ ਲੋਕ ਕੁੜੀਆਂ ਨੂੰ ਮੁੰਡਿਆ ਦੇ ਬਰਾਬਰ ਨਹੀਂ ਸਮਝਦੇ ਅਤੇ ਉਹਨਾਂ ਦੀ ਲੋਹੜੀ ਮਨਾਉਣੀ ਤਾਂ ਦੂਰ ਉਹਨਾਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ
ਜਦਕਿ ਲੜਕੀਆਂ ਮੁੰਡਿਆਂ ਨਾਲੋਂ ਹਰ ਕੰਮ ਵਿਚ ਅੱਗੇ ਹਨ। ਲੜਕੀਆਂ ਪੜ੍ਹ ਲਿਖ ਕੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਦੀਆਂ ਹਨ ਅਤੇ ਆਪਣੇ ਮਾਂ-ਬਾਪ ਦੀ ਸੇਵਾ ਵੀ ਕਰਦੀਆਂ ਹਨ। ਦੱਸ ਦਈਏ ਕਿ ਅੱਜ ਪੂਰੇ ਦੇਸ਼ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਲੋਕ ਖੂਬ ਨੱਚ ਗਾ ਰਹੇ ਹਨ।