SADD ਦੀ ਅਕਾਲ ਤਖ਼ਤ ਕੋਲ ਅਪੀਲ : ਚੈਨਲ ਦੀ ਅਜ਼ਾਰੇਦਾਰੀ ਤੁਰੰਤ ਖ਼ਤਮ ਕਰਨ ਦੀ ਕੀਤੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਗੁਰਬਾਣੀ ਦੇ ਸਿੱਧੇ ਪ੍ਰਸਾਰਣ 'ਤੇ ਇਕੋ ਚੈਨਲ ਦੀ ਅਜ਼ਾਰੇਦਾਰੀ ਖਤਮ ਕਰਨ ਦੀ ਮੰਗ

file photo

ਨਵੀਂ ਦਿੱਲੀ : ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਹੁੰਦੇ ਸਿੱਧੇ ਪ੍ਰਸਾਰਨ 'ਤੇ ਇਕ ਵਿਸ਼ੇਸ਼ ਚੈਨਲ ਦੀ ਅਜ਼ਾਰੇਦਾਰੀ ਖਿਲਾਫ਼ ਲੋਕ-ਰੋਹ ਵਧਦਾ ਜਾ ਰਿਹਾ ਹੈ। ਪੀਟੀਸੀ ਚੈਨਲ ਵਲੋਂ ਛੋਟੇ ਟੀਵੀ ਚੈਨਲਾਂ ਖਿਲਾਫ਼ ਦਰਬਾਰ ਸਾਹਿਬ ਤੋਂ ਜਾਰੀ ਹੁਕਮਨਾਮੇ ਨੂੰ ਅਪਣੇ ਚੈਨਲਾਂ ਰਾਹੀਂ ਲੋਕਾਂ ਤਕ ਪਹੁੰਚਾਉਣ 'ਤੇ ਰੋਕ ਲਾਉਣ ਸਬੰਧੀ ਕੱਢੇ ਨੋਟਿਸ ਤੋਂ ਬਾਅਦ ਸੰਗਤਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਨ 'ਤੇ ਇਕ ਵਿਸ਼ੇਸ਼ ਟੀਵੀ ਚੈਨਲ ਦੀ ਅਜ਼ਾਰੇਦਾਰੀ ਖ਼ਤਮ ਕਰਵਾਉਣ ਲਈ ਅਕਾਲ ਤਖ਼ਤ ਤਕ ਪਹੁੰਚ ਕੀਤੀ ਗਈ ਹੈ। ਇਹ ਮੰਗ ਅਜਿਹੇ ਵਕਤ ਆਈ ਹੈ ਜਦੋਂ ਬਾਦਲਾਂ ਦੇ ਗਲਬੇ ਵਾਲੇ ਇਕ ਟੀਵੀ ਚੈਨਲ ਨੇ ਸ੍ਰੀ ਦਰਬਾਰ ਸਾਹਿਬ ਤੋਂ ਜਾਰੀ ਹੋਣ ਵਾਲੇ ਹੁਕਮਨਾਮੇ ਅਤੇ ਕੀਰਤਨ ਦੇ ਬਰਾਡਕਾਸਟ 'ਤੇ ਅਪਣੇ ਕਾਪੀਰਾਇਟ ਅਧਿਕਾਰ ਦੀ ਮੰਗ ਕੀਤੀ ਜਾ ਰਹੀ ਹੈ।

ਸ਼੍ਰੋ: ਅ: ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਪੀਟੀਸੀ ਚੈਨਲ ਇਕ ਕਾਰੋਬਾਰੀ ਅਦਾਰਾ ਹੈ। ਇਸ ਨੂੰ ਦਰਬਾਰ ਸਾਹਿਬ ਤੋਂ ਸਿੱਧੇ ਪ੍ਰਸਾਰਨ ਦੀ ਇਜ਼ਾਜਤ ਦੇਣ ਦਾ ਫ਼ੈਸਲਾ ਧਾਰਮਕ ਅਤੇ ਨੈਤਿਕ ਪੱਖੋਂ ਗ਼ਲਤ ਸੀ। ਉਨ੍ਹਾਂ ਕਿਹਾ ਕਿ ਪੀਟੀਸੀ ਨੇ ਸ੍ਰੀ ਦਰਬਾਰ ਸਾਹਿਬ ਤੋਂ ਸਿੱਧਾ ਪ੍ਰਸਾਰਣ ਕਰਨ ਦੀ ਆੜ ਹੇਠ ਦੁਨੀਆ ਭਰ ਦੇ ਸਿੱਖਾਂ ਦੇ ਘਰਾਂ 'ਚ ਪਹੁੰਚ ਕੀਤੀ ਹੈ। ਇਸ ਜ਼ਰੀਏ ਇਸ ਦੀ ਲੋਕਪ੍ਰਿਅਤਾ 'ਚ ਵੱਡਾ ਵਾਧਾ ਹੋਇਆ ਹੈ। ਫਲਸਰੂਪ ਇਸ ਨੇ ਇਸ਼ਤਿਹਾਰਬਾਜ਼ੀ ਰਾਹੀਂ ਵੱਡੀ ਕਮਾਈ ਕੀਤੀ ਹੈ।

ਸਰਦਾਰ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਅਪੀਲ ਵਿਚ ਕਿਹਾ ਕਿ ਦਰਬਾਰ ਸਾਹਿਬ  ਦੇ ਬਰਾਡਕਾਸਟਸ ਵਿਚ ਪੀਟੀਸੀ ਦੇ ਏਕਾਧਿਕਾਰ ਨੂੰ ਤੁਰਤ ਖ਼ਤਮ ਕੀਤਾ ਜਾਵੇ। ਉਨ੍ਹਾਂ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਸੰਗਤ ਦੀ ਸਹੂਲਤ ਲਈ ਜਲਦੀ ਤੋਂ ਜਲਦੀ 'ਐਕਸਕਲੂਸਿਵ ਦਰਬਾਰ ਸਾਹਿਬ ਟੀਵੀ 24*7' ਸ਼ੁਰੂ ਕਰਨ ਦੀ ਮੰਗ ਕੀਤੀ ਹੈ।

ਸਰਦਾਰ ਸਰਨਾ ਨੇ ਕਿਹਾ ਕਿ ਪ੍ਰਸਤਾਵਿਤ ਦਰਬਾਰ ਸਾਹਿਬ ਟੀਵੀ ਨੂੰ ਸਾਰੇ ਪਲੇਟਫਾਰਮਸ ਭਾਵੇਂ ਉਹ ਡੀਟੀਐਸ ਹੋਵੇ ਜਾਂ ਕੇਬਲ, ਫਰੀ ਟੂ ਏਅਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਦਰਬਾਰ ਸਾਹਿਬ ਟੀਵੀ ਦਾ ਪ੍ਰਸਾਰਣ ਸਾਰੇ ਕੈਰੀਅਰਸ ਲਈ ਲਾਜ਼ਮੀ ਕਰਨਾ ਚਾਹੀਦਾ ਹੈ। ਇਹੀ ਸਿਗਨਲ ਯੂਟਿਊਬ ਅਤੇ ਫੇਸਬੁਕ 'ਤੇ ਲਾਇਵਸਟਰੀਮ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਤਕ ਦਰਬਾਰ ਸਾਹਿਬ ਟੀਵੀ ਲਾਂਚ ਨਹੀਂ ਹੁੰਦਾ, ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਅਪੀਲ ਅਪੀਲ ਹੈ ਕਿ ਪੀਟੀਸੀ ਪ੍ਰਮੋਟਰਾਂ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਗੁਰਬਾਣੀ 'ਤੇ ਕਿਸੇ ਤਰ੍ਹਾਂ ਦਾ ਕਾਪੀਰਾਇਟ ਜਜ਼ੀਆ ਵਸੂਲ ਕਰਨ ਤੋਂ ਰੋਕਿਆ ਜਾਵੇ।

ਸਰਦਾਰ ਸਰਨਾ ਨੇ ਜ਼ੋਰ ਦਿਤਾ ਕਿ ਪੀਟੀਸੀ ਨੂੰ ਮਨੋਰੰਜਨ ਦੇ ਨਾਮ 'ਤੇ ਸ਼ਰਾਬਖੋਰੀ, ਅਸ਼ਲੀਲਤਾ, ਭੋਗ-ਵਿਲਾਸ ਨੂੰ ਪਰੋਸਣ ਤੋਂ ਵਰਜਿਆ ਜਾਵੇ। ਇਹ ਤੋਂ ਇਲਾਵਾ ਇਸ ਚੈਨਲ ਨੂੰ ਸਿਆਸੀ ਕੂੜ ਪ੍ਰਚਾਰ ਬੰਦ ਕਰਨ ਲਈ ਵੀ ਕਿਹਾ ਜਾਵੇ।  ਉਨ੍ਹਾਂ ਕਿਹਾ ਕਿ ਪੀਟੀਸੀ ਨੂੰ ਅਪਣੀ 20 ਸਾਲ ਦੀ ਕਮਾਈ ਸ਼੍ਰੋਮਣੀ ਕਮੇਟੀ ਨਾਲ ਸਾਂਝੀ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਅਪਣੀ ਬੈਲੇਂਸ ਸ਼ੀਟ ਨੂੰ ਆਡਿਟ ਲਈ ਸੰਗਤ ਨੂੰ ਉਪਲੱਬਧ ਕਰਾਉਣਾ ਚਾਹੀਦਾ ਹੈ।