ਕਾਂਗਰਸੀ ਉਮੀਦਵਾਰ ਵੱਲੋਂ ਵੋਟਰਾਂ ਨੂੰ ਵੰਡੇ ਡਿਨਰ ਸੈੱਟਾਂ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਡਿਨਰ ਸੈੱਟ ‘ਤੇ ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਦੀਆਂ ਤਸਵੀਰਾਂ

Congress candidate distributed dinner sets to voters

ਸ੍ਰੀ ਮੁਕਤਸਰ ਸਾਹਿਬ (ਸੋਨੂੰ ਖੇੜਾ): 14 ਫਰਵਰੀ ਨੂੰ ਪੰਜਾਬ ਵਿਚ ਨਗਰ ਕੌਂਸਲ ਚੋਣਾਂ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰਬਰ 10 ਵਿਖੇ ਕਾਂਗਰਸੀ ਉਮੀਦਵਾਰ ਵੱਲੋਂ ਵੋਟਰਾਂ ਨੂੰ ਡਿਨਰ ਸੈੱਟ ਵੰਡੇ ਗਏ। ਡਿਨਰ ਸੈੱਟ ‘ਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਤੇ ਉਹਨਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ।

ਸਥਾਨਕ ਲੋਕਾਂ ਨੇ ਇਸ ਦਾ ਭਾਰੀ ਵਿਰੋਧ ਕੀਤਾ। ਲੋਕਾਂ ਨੇ ਵਿਰੋਧ ਕਰਦਿਆਂ ਕਾਂਗਰਸੀ ਉਮੀਦਵਾਰ ਵੱਲੋਂ ਵੰਡੇ ਗਏ ਸੈੱਟ ਗਲੀ ਵਿਚ ਲਿਆ ਕੇ ਤੋੜ ਦਿੱਤੇ ਅਤੇ ਕਾਂਗਰਸ ਪਾਰਟੀ ਦਾ ਵਿਰੋਧ ਕੀਤਾ। ਸਥਾਨਕ ਨਿਵਾਸੀ ਅਵਤਾਰ ਸਿੰਘ ਨੇ ਦੱਸਿਆ ਕਿ ਕਾਂਗਰਸ ਪਾਰਟੀ ਦੇ ਵਰਕਰ ਧੱਕੇ ਨਾਲ ਉਹਨਾਂ ਦੇ ਘਰ ਇਹ ਕਰਾਕਰੀ ਸੈੱਟ ਦੇ ਡੱਬੇ ਦੇ ਕੇ ਚਲੇ ਗਏ।

ਉਹਨਾਂ ਕਿਹਾ ਕਿ ਵੋਟ ਪਾਉਣਾ ਸਾਡਾ ਅਧਿਕਾਰ ਹੈ ਅਤੇ ਅਸੀਂ ਅਪਣਾ ਅਧਿਕਾਰ 200-400 ਦੇ ਡੱਬਿਆਂ ਪਿੱਛੇ ਨਹੀਂ ਗਵਾ ਸਕਦੇ। ਮੁਹੱਲਾ ਨਿਵਾਸੀਆਂ ਨੇ ਇਸ ਦਾ ਬਾਈਕਾਟ ਕੀਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਲੱਗੇ ਲੌਕਡਾਊਨ ਮੌਕੇ ਕਾਂਗਰਸ ਸਰਕਾਰ ਨੇ ਉਹਨਾਂ ਦੀ ਸਾਰ ਨਹੀਂ ਲਈ। ਇਸ ਲਈ ਉਹ ਉਸ ਨੁਮਾਇੰਦੇ ਨੂੰ ਵੋਟ ਦੇਣਗੇ ਜਿਸ ਨੇ ਇਲਾਕਾਵਾਸੀਆਂ ਲਈ ਕੰਮ ਕੀਤਾ ਹੈ।

ਨਗਰ ਕੌਂਸਲ ਚੋਣਾਂ ਲਈ ਵਾਰਡ ਨੰਬਰ 10 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਾਂਗਰਸ ਉਮੀਦਵਾਰ ਮਨੀਸ਼ ਗੁਪਤਾ ਨੇ ਬੌਖ਼ਲਾਹਟ ਵਿਚ ਆ ਕੇ ਵੋਟਾਂ ਬਦਲੇ ਮੁਫ਼ਤ ਸਮਾਨ ਦੇਣ ਦਾ ਐਲ਼ਾਨ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਵਾਰਡ ਨੰਬਰ 10 ਵਿਚ ਡਿਨਰ ਸੈੱਟ ਵੰਡਣੇ ਸ਼ੁਰੂ ਕਰ ਦਿੱਤੇ।

ਉਹਨਾਂ ਦੱਸਿਆ ਕਿ ਕਾਂਗਰਸੀ ਉਮੀਦਵਾਰ ਨੇ ਕਿਹਾ ਸੀ ਕਿ ਉਹ 1000-1200 ਡਿਨਰ ਸੈੱਟ ਵੰਡਣਗੇ, ਜਿਸ ਦੀ ਕੀਮਤ 5000 ਰੁਪਏ ਹੈ। ਅਕਾਲੀ ਉਮੀਦਵਾਰ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਕਾਂਗਰਸ ਵੱਲੋਂ ਉਹਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਾਂਗਰਸ ਉਮੀਦਵਾਰ ‘ਤੇ ਧਮਕੀਆਂ ਦੇਣ ਦਾ ਇਲਜ਼ਾਮ ਵੀ ਲਗਾਇਆ।