ਪੰਜਾਬ, ਹਰਿਆਣਾ ਤੇ ਰਾਜਸਥਾਨ ਦੀਆਂ ਸਰਹੱਦਾਂ 'ਤੇ ਲਗਣਗੇ ਸੀਸੀਟੀਵੀ ਕੈਮਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

87 ਪੱਕੇ ਸਾਂਝੇ ਨਾਕਿਆਂ ਰਾਹੀਂ ਪੁਲਿਸ ਮਿਲ ਕੇ ਰੋਕੇਗੀ ਨਸ਼ਾ ਤਸਕਰੀ 

Pic-5

ਬਠਿੰਡਾ : ਉਤਰੀ ਭਾਰਤ ਦੇ ਤਿੰਨ ਸੂਬਿਆਂ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਪੁਲਿਸ ਹੁਣ ਮਿਲ ਕੇ ਨਸ਼ਾ ਤਸਕਰੀ ਰੋਕੇਗੀ। ਇਸ ਦੇ ਲਈ ਅੰਤਰਰਾਜ਼ੀ ਸਰਹੱਦਾਂ ਦੀਆਂ ਮੁੱਖ ਸੜਕਾਂ ਤੇ ਰਾਸਤਿਆਂ ਉਪਰ ਤਿੰਨਾਂ ਰਾਜਾਂ ਦੀ ਪੁਲਿਸ 87 ਪੱਕੇ ਸਾਂਝੇ ਨਾਕੇ ਵੀ ਲਗਾਏਗੀ। ਜਿਸ ਵਿਚ 52 ਬਠਿੰਡਾ ਜੋਨ ਅਤੇ 35 ਫ਼ਿਰੋਜ਼ਪੁਰ ਜ਼ੋਨ ਦੇ ਖੇਤਰ ਵਿਚ ਲਗਾਏ ਜਾਣੇ ਹਨ। ਇਸ ਤੋਂ ਇਲਾਵਾ ਇਨ੍ਹਾਂ ਨਾਕਿਆਂ ਉਪਰ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ। ਇਸ ਦੇ ਨਾਲ ਹੀ ਇਕ ਸੂਬੇ 'ਚ ਜੁਰਮ ਕਰ ਕੇ ਦੂਜੇ ਸੂਬੇ 'ਚ ਪਨਾਹ ਲੈਣ ਵਾਲਿਆਂ ਵਿਰੁਧ ਵੀ ਸਿਕੰਜ਼ਾ ਕਸਿਆ ਜਾਵੇਗਾ।

ਇਹ ਫ਼ੈਸਲਾ ਅੱਜ ਉਕਤ ਤਿੰਨਾਂ ਸੂਬਿਆਂ ਦੇ ਉਚ ਪੁਲਿਸ ਅਧਿਕਾਰੀਆਂ ਦੀ ਬਠਿੰਡਾ 'ਚ ਹੋਈ ਤੀਜੀ ਤਾਲਮੇਲ ਮੀਟਿੰਗ ਵਿਚ ਹੋਇਆ। ਬਠਿੰਡਾ ਰੇਂਜ ਦੇ ਆਈ.ਜੀ ਸ਼੍ਰੀ ਐਮ.ਐਫ.ਫ਼ਾਰੂਕੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਫ਼ਿਰੋਜ਼ਪੁਰ ਰੇਂਜ ਦੇ ਆਈ.ਜੀ ਐਮ.ਐਸ.ਛੀਨਾ, ਹਿਸਾਰ ਰੇਂਜ ਦੇ ਆਈ.ਜੀ ਅਮਿਤਾਬ ਸਿੰਘ ਢਿੱਲੋਂ ਤੇ ਬੀਕਾਨੇਰ ਰੇਂਜ ਦੇ ਆਈ.ਜੀ ਬੀ.ਐਲ.ਮੀਨਾ ਤੋਂ ਇਲਾਵਾ ਕਰੀਬ 9 ਜ਼ਿਲ੍ਹਿਆਂ ਦੇ ਐਸ.ਐਸ.ਪੀਜ਼ ਵੀ ਸ਼ਾਮਲ ਹੋਏ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਨਸ਼ਾ ਤਸਕਰੀ, ਸ਼ਰਾਬ ਤਸਕਰੀ ਅਤੇ ਗੈਂਗਵਾਰ ਦੀਆਂ ਘਟਨਾਵਾਂ ਨੂੰ ਰੋਕਣ ਲਈ ਤਿੰਨਾਂ ਰਾਜ਼ਾਂ ਦੀ ਪੁਲਿਸ ਹੁਣ ਲਗਾਤਾਰ ਇਕ ਦੂਜੇ ਦੇ ਸੰਪਰਕ 'ਚ ਰਹੇਗੀ।

ਇਹੀਂ ਨਹੀਂ ਤਿੰਨਾਂ ਸੂਬਿਆਂ ਦੇ ਪੁਲਿਸ ਅਧਿਕਾਰੀਆਂ 'ਚ ਹੇਠਲੇ ਪੱਧਰ 'ਤੇ ਤਾਲਮੇਲ ਬਿਠਾਉਣ ਲਈ ਅੱਜ ਦੀ ਮੀਟਿੰਗ ਵਿਚ ਇਹ ਵੀ ਫ਼ੈਸਲਾ ਲਿਆ ਗਿਆ ਕਿ ਹਰ ਮਹੀਨੇ ਤਿੰਨਾਂ ਰਾਜਾਂ ਦੇ ਸਰਹੱਦੀ ਖੇਤਰਾਂ ਦੇ ਥਾਣਾ ਮੁਖੀ ਆਪਸ ਵਿਚ ਮੀਟਿੰਗ ਕਰਿਆ ਕਰਨਗੇ। ਜਦੋਂ ਕਿ ਇਸ ਤਾਲਮੇਲ ਕਮੇਟੀ ਦੀ ਮੀਟਿੰਗ ਪਹਿਲਾਂ ਦੀ ਤਰ੍ਹਾਂ ਹਰ ਤਿੰਨ ਮਹੀਨੇ ਬਾਅਦ ਹੋਵੇਗੀ। ਆਈ.ਜੀ ਸ਼੍ਰੀ ਫ਼ਾਰੂਕੀ ਨੇ ਦਸਿਆ ਮੀਟਿੰਗ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਆਪਸੀ ਸੂਚਨਾ ਅਦਾਨ-ਪਦਾਨ ਕਰਨ, ਇੰਟਰ ਸਟੇਟ ਬਾਰਡਰ ਸੀਲ ਕਰਨ ਬਾਰੇ ਵੀ ਫ਼ੈਸਲਾ ਲਿਆ ਗਿਆ ਹੈ।

ਇਸ ਮੌਕੇ ਹਾਜ਼ਰ ਪੁਲਿਸ ਅਧਿਕਾਰੀਆਂ ਨੇ ਮੰਨਿਆ ਕਿ ਹਰਿਆਣਾ ਵਿਚੋਂ ਸ਼ਰਾਬ ਦੀ ਤਸਕਰੀ ਹੋ ਕੇ ਨਾ ਸਿਰਫ਼ ਪੰਜਾਬ ਬਲਕਿ ਰਾਜਸਥਾਨ ਦੇ ਰਾਹੀ ਗੁਜਰਾਤ ਵਿਚ ਵੀ ਜਾਂਦੀ ਹੈ। ਰਾਜਸਥਾਨ ਦੇ ਪੁਲਿਸ ਅਧਿਕਾਰੀਆਂ ਨੇ ਮੰਨਿਆਂ ਕਿ ਹਨੂੰਮਾਨਗੜ੍ਹ ਤੇ ਗੰਗਾਨਗਰ ਆਦਿ ਖੇਤਰਾਂ ਵਿਚ ਵੀ ਇਹ ਵੱਡੀ ਸਮੱਸਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਨਸ਼ਾ ਤਸਕਰੀ ਤੇ ਹੋਰ ਜੁਰਮਾਂ 'ਚ ਭਗੌੜੇ ਮੁਜ਼ਰਮਾਂ ਦੀਆਂ ਸੂਚੀਆਂ ਇਕ-ਦੂਜੇ ਨੂੰ ਭੇਜ ਕੇ ਉਨ੍ਹਾਂ ਨੂੰ ਕਾਬੂ ਕਰ ਕੇ ਸਬੰਧਤ ਪੁਲਿਸ ਨੂੰ ਸੌਂਪਿਆ ਜਾਵੇਗਾ। ਮੀਟਿੰਗ ਦੌਰਾਨ ਬਠਿੰਡਾ ਦੇ ਐਸਐਸਪੀ ਡਾ ਨਾਨਕ ਸਿੰਘ, ਮੁਕਤਸਰ ਦੇ ਮਨਜੀਤ ਸਿੰਘ ਢੇਸੀ, ਮਾਨਸਾ ਦੇ ਗੁਲਨੀਤ ਸਿੰਘ ਖ਼ੁਰਾਣਾ, ਫ਼ਾਜ਼ਲਿਕਾ ਦੇ ਦੀਪਕ ਹਿਲੋਰੀ, ਸਿਰਸਾ ਦੇ ਅਨੁਰਾਗ ਸਿੰਘ, ਚੁਰੂ ਦੇ ਯਾਦ ਰਾਮ ਫ਼ਾਸਲ, ਗੰਗਾਨਗਰ ਦੇ ਹੇਮੰਤ ਸ਼ਰਮਾ, ਹਨੂੰਮਾਨਗੜ੍ਹ ਦੇ ਕਾਲੂ ਰਾਮ ਰਾਵਤ, ਫ਼ਤਿਹਾਬਾਦ ਦੇ ਵਿਜੇ ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।