ਚੰਡੀਗੜ੍ਹ 'ਚ ਕਾਂਗਰਸ ਤੇ ਪੁਲਿਸ ਆਹਮੋ-ਸਾਹਮਣੇ: ਅਡਾਨੀ-ਭਾਜਪਾ ਦੇ ਵਿਰੋਧ 'ਚ ਰਾਜ ਭਵਨ ਦਾ ਘੇਰਾਓ ਕਰਨ ਜਾ ਰਹੇ ਸਨ ਵਰਕਰ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਹਲਕਾ ਲਾਠੀਚਾਰਜ ਵੀ ਕੀਤਾ

photo

 

ਚੰਡੀਗੜ੍ਹ : ਭਾਜਪਾ ਦੀਆਂ ਗਲਤ ਨੀਤੀਆਂ ਕਾਰਨ ਜਨਤਾ 'ਤੇ ਵਧ ਰਹੇ ਆਰਥਿਕ ਬੋਝ ਖਿਲਾਫ ਚੰਡੀਗੜ੍ਹ ਕਾਂਗਰਸ ਨੇ ਸੋਮਵਾਰ ਨੂੰ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਪ੍ਰਸ਼ਾਸਨ ਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਪੁਲਿਸ ਅਤੇ ਕਾਂਗਰਸ ਆਹਮੋ-ਸਾਹਮਣੇ ਹੋ ਗਈ। ਕਾਂਗਰਸੀ ਪੰਜਾਬ ਰਾਜ ਭਵਨ ਦਾ ਘਿਰਾਓ ਕਰਨ ਜਾ ਰਹੇ ਸਨ ਕਿ ਪੁਲਿਸ ਨੇ ਉਨ੍ਹਾਂ ਨੂੰ ਅੱਧ ਵਿਚਕਾਰ ਹੀ ਰੋਕ ਲਿਆ। ਕਾਂਗਰਸੀ ਵਰਕਰਾਂ ਨੂੰ ਰੋਕਣ ਲਈ ਬੈਰੀਕੇਡਿੰਗ ਲਗਾਈ ਗਈ। ਵਰਕਰ ਉਨ੍ਹਾਂ ਬੈਰੀਕੇਡਾਂ ਨੂੰ ਪਾਰ ਕਰ ਰਹੇ ਸਨ। ਇਸ ’ਤੇ ਪੁਲਿਸ ਨੇ ਉਨ੍ਹਾਂ ’ਤੇ ਲਾਠੀਚਾਰਜ ਵੀ ਕੀਤਾ।

ਕਾਂਗਰਸ ਨੇ ਸੋਮਵਾਰ ਨੂੰ ਸੈਕਟਰ 18/19 ਲਾਈਟ ਪੁਆਇੰਟ ਤੋਂ ਪੰਜਾਬ ਰਾਜ ਭਵਨ ਤੱਕ ਘਿਰਾਓ ਕਰਨ ਦਾ ਪ੍ਰੋਗਰਾਮ ਬਣਾਇਆ ਸੀ। ਚੰਡੀਗੜ੍ਹ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਬੈਰੀਕੇਡ ਲਗਾ ਕੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਕਰ ਦਿੱਤੇ ਸਨ।

ਇਸ ਦੌਰਾਨ ਕੁਝ ਕਾਂਗਰਸੀ ਵਰਕਰ ਬੈਰੀਕੇਡਾਂ 'ਤੇ ਚੜ੍ਹਦੇ ਦੇਖੇ ਗਏ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਹਲਕਾ ਲਾਠੀਚਾਰਜ ਵੀ ਕੀਤਾ। 

ਇਸ ਪ੍ਰਦਰਸ਼ਨ ਵਿੱਚ ਮਹਿਲਾ ਕਾਂਗਰਸ ਵਰਕਰਾਂ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੇ ਕਿਹਾ ਕਿ ਚੰਡੀਗੜ੍ਹ ਸਮੇਤ ਦੇਸ਼ ਦਾ ਹਰ ਆਮ ਨਾਗਰਿਕ ਵੱਧ ਰਹੀ ਮਹਿੰਗਾਈ ਕਾਰਨ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਲੋਕਾਂ ਲਈ ਕਾਂਗਰਸ ਦੀ ਇਹ ਲੜਾਈ ਨਿਰੰਤਰ ਜਾਰੀ ਰਹੇਗੀ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਪੇਡ ਪਾਰਕਿੰਗ ਘੁਟਾਲੇ ਸਮੇਤ ਪਾਣੀ ਦੀਆਂ ਕੀਮਤਾਂ ਵਿੱਚ ਵਾਧੇ ਅਤੇ ਘਰੇਲੂ ਗੈਸ ਸਿਲੰਡਰਾਂ ਦੇ ਰੇਟਾਂ ਵਿੱਚ ਵਾਧੇ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਘੇਰਿਆ।