ਦੁਖਦਾਇਕ ਖ਼ਬਰ : ਪਿਛਲੇ ਦਿਨ ਤੋਂ ਲਾਪਤਾ ਮਾਪਿਆਂ ਦੇ 4 ਸਾਲਾ ਪੁੱਤ ਦੀ ਪਾਣੀ ਦੀ ਡਿੱਗੀ ’ਚੋਂ ਮਿਲੀ ਲਾਸ਼
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬਠਿੰਡਾ : ਬਠਿੰਡਾ ਵਿਚ ਮਾਪਿਆਂ ਉੱਤੇ ਦੁਖਾਂ ਦਾ ਪਹਾੜ ਉਸ ਵੇਲੇ ਟੁੱਟਿਆ ਜਦੋਂ ਉਨ੍ਹਾਂ ਦੇ ਪਿਛਲੇ ਦਿਨ ਤੋਂ ਲਾਪਤਾ 4 ਸਾਲਾ ਬੱਚੇ ਦੀ ਲਾਸ਼ ਵਾਟਰ ਵਰਕਸ ਦੀ ਡਿੱਗੀ ਤੋਂ ਬਰਾਮਦ ਹੋਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਬੱਚੇ ਦੀਆਂ ਚੱਪਲਾਂ ਡਿੱਗੀ ਦੇ ਬਾਹਰ ਪਈਆਂ ਮਿਲੀਆਂ ਹਨ। ਬੱਚੇ ਦੀ ਲਾਸ਼ ਮਿਲਣ ’ਤੇ ਪੁਲਿਸ ਅਤੇ ਸਹਾਰਾ ਜਨਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਮੈਂਬਰ ਮੌਕੇ ’ਤੇ ਪਹੁੰਚ ਗਏ ਅਤੇ ਬੱਚੇ ਦੀ ਲਾਸ਼ ਨੂੰ ਡਿੱਗੀ ’ਚੋਂ ਬਾਹਰ ਕੱਢਿਆ । ਬੱਚੇ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਪਿਛਲੇ ਦਿਨ ਤੋਂ ਲਾਪਤਾ ਸੀ ਅਤੇ ਰਿਸ਼ਤੇਦਾਰ ਉਸ ਦੀ ਭਾਲ ਕਰ ਰਹੇ ਸਨ।
ਬੱਚੇ ਦੀ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਪਰ ਐਤਵਾਰ ਨੂੰ ਉਸ ਦੀ ਲਾਸ਼ ਡਿੱਗੀ ਤੋਂ ਬਰਾਮਦ ਹੋਈ। ਮ੍ਰਿਤਕ ਬੱਚੇ ਦੀ ਪਛਾਣ ਜਸ਼ਨਦੀਪ ਸਿੰਘ (4) ਪੁੱਤਰ ਲਖਵਿੰਦਰ ਸਿੰਘ ਵਾਸੀ ਭਾਗੂ ਰੋਡ ਵਜੋਂ ਹੋਈ ਹੈ। ਲਖਵਿੰਦਰ ਸਿੰਘ ਜੇ. ਸੀ. ਬੀ. ਡਰਾਈਵਰ ਹੈ, ਜਿਸ ਦਾ ਬੱਚਾ ਪਹਿਲੀ ਜਮਾਤ ’ਚ ਪੜ੍ਹਦਾ ਸੀ। ਪੁਲਿਸ ਦੀ ਕਾਰਵਾਈ ਤੋਂ ਬਾਅਦ ਜਥੇਬੰਦੀ ਦੇ ਮੈਂਬਰਾਂ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।